ਧਮਾਕਿਆਂ ਨਾਲ ਕੰਬਿਆ ਅਫ਼ਗਾਨਿਸਤਾਨ

ਕਾਬੁਲ, 10 ਅਕਤੂਬਰ- ਬੀਤੀ ਦੇਰ ਰਾਤ ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿਚ ਕਈ ਧਮਾਕੇ ਸੁਣਾਈ ਦਿੱਤੇ। ਸਥਾਨਕ ਮੀਡੀਆ ਰਿਪੋਰਟਾਂ ਦੇ ਅਨੁਸਾਰ ਧਮਾਕਾ ਅਬਦੁਲ ਹੱਕ ਸਕੁਏਅਰ ਦੇ ਨੇੜੇ ਹੋਇਆ, ਜਿਥੇ ਇਕ ਲੈਂਡ ਕਰੂਜ਼ਰ ਗੱਡੀ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਸਥਾਨਕ ਨਿਵਾਸੀਆਂ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਅਬਦੁਲ ਹੱਕ ਸਕੁਏਅਰ ਬੰਦ ਕਰ ਦਿੱਤਾ ਗਿਆ ਸੀ, ਜਿਸ ਕਾਰਨ ਇਲਾਕੇ ਵਿਚ ਵੱਡਾ ਟ੍ਰੈਫ਼ਿਕ ਜਾਮ ਹੋ ਗਿਆ।
ਤਾਲਿਬਾਨ ਦੇ ਬੁਲਾਰੇ ਜ਼ਬੀਹੁੱਲਾ ਮੁਜਾਹਿਦ ਨੇ ਟਵਿੱਟਰ ’ਤੇ ਕਿਹਾ ਕਿ ਕਾਬੁਲ ਸ਼ਹਿਰ ਵਿਚ ਇਕ ਧਮਾਕਾ ਸੁਣਾਈ ਦਿੱਤਾ ਗਿਆ ਹੈ, ਪਰ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ। ਜਾਂਚ ਚੱਲ ਰਹੀ ਹੈ ਅਤੇ ਅਜੇ ਤੱਕ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ।
ਇਹ ਘਟਨਾ ਉਸੇ ਸਮੇਂ ਵਾਪਰੀ ਜਦੋਂ ਅਫ਼ਗਾਨਿਸਤਾਨ ਦੇ ਵਿਦੇਸ਼ ਮੰਤਰੀ ਅਮੀਰ ਖਾਨ ਮੁਤਾਕੀ ਭਾਰਤ ਦੇ ਦੌਰੇ ’ਤੇ ਨਵੀਂ ਦਿੱਲੀ ਪਹੁੰਚੇ ਸਨ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਟਵਿੱਟਰ ’ਤੇ ਲਿਖਿਆ ਕਿ ਉਨ੍ਹਾਂ ਤੋਂ ਭਾਰਤ ਅਤੇ ਅਫ਼ਗਾਨਿਸਤਾਨ ਵਿਚਕਾਰ ਦੁਵੱਲੇ ਸੰਬੰਧਾਂ ਅਤੇ ਖ਼ੇਤਰੀ ਮੁੱਦਿਆਂ ’ਤੇ ਚਰਚਾ ਕਰਨ ਦੀ ਉਮੀਦ ਹੈ। ਮੁਤਾਕੀ ਦਾ ਦੌਰਾ ਜੋ ਕਿ 9 ਤੋਂ 16 ਅਕਤੂਬਰ ਤੱਕ ਨਿਰਧਾਰਤ ਹੈ, ਤਾਲਿਬਾਨ ਦੇ ਕੰਟਰੋਲ ਸੰਭਾਲਣ ਤੋਂ ਬਾਅਦ ਕਾਬੁਲ ਤੋਂ ਨਵੀਂ ਦਿੱਲੀ ਦਾ ਪਹਿਲਾ ਉੱਚ-ਪੱਧਰੀ ਦੌਰਾ ਹੈ। ਇਸ ਸਮੇਂ ਦੌਰਾਨ ਉਹ ਆਪਣੇ ਭਾਰਤੀ ਹਮਰੁਤਬਾ ਅਤੇ ਸੀਨੀਅਰ ਅਧਿਕਾਰੀਆਂ ਨਾਲ ਮੁਲਾਕਾਤ ਕਰਨਗੇ ਅਤੇ ਦੋਵਾਂ ਦੇਸ਼ਾਂ ਵਿਚਕਾਰ ਸੰਬੰਧਾਂ ਨੂੰ ਵਧਾਉਣ ਅਤੇ ਖੇਤਰੀ ਸਹਿਯੋਗ ਦੇ ਵੱਖ-ਵੱਖ ਪਹਿਲੂਆਂ ’ਤੇ ਚਰਚਾ ਕਰਨਗੇ।