ਸੰਗਰੂਰ 'ਚ ਬਲਾਕ ਪੱਧਰੀ ਪਸ਼ੂ ਦੁੱਧ ਚੁਆਈ ਮੁਕਾਬਲੇ 13 ਤੋਂ ਹੋਣਗੇ ਸ਼ੁਰੂ
ਸੰਗਰੂਰ, 10 ਅਕਤੂਬਰ (ਧੀਰਜ ਪਸ਼ੋਰੀਆ)-ਜ਼ਿਲ੍ਹਾ ਸੰਗਰੂਰ ਵਿਚ ਗਊਆਂ, ਮੱਝਾਂ ਅਤੇ ਬੱਕਰੀਆਂ ਦੇ ਬਲਾਕ ਪੱਧਰੀ ਦੁੱਧ ਚੁਆਈ ਮੁਕਾਬਲੇ 13 ਅਕਤੂਬਰ ਤੋਂ ਸ਼ੁਰੂ ਹੋ ਰਹੇ ਹਨ, ਦਿਲਚਸਪ ਗੱਲ ਇਹ ਹੈ ਕਿ ਪਸ਼ੂ ਪਾਲਕ ਦੀਆਂ ਟੀਮਾਂ ਪਸ਼ੂ ਪਾਲਕਾਂ ਦੇ ਘਰ-ਘਰ ਜਾ ਕੇ ਪਸ਼ੂਆਂ ਦੀ ਚੁਆਈ ਕਰਨਗੀਆਂ। ਡਾ. ਸੁਖਵਿੰਦਰ ਸਿੰਘ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਸੰਗਰੂਰ ਨੇ ਦੱਸਿਆ ਕਿ ਸ. ਗੁਰਮੀਤ ਸਿੰਘ ਖੁੱਡੀਆਂ ਕੈਬਨਿਟ ਮੰਤਰੀ ਪਸ਼ੂ ਪਾਲਣ ਅਤੇ ਰਾਹੁਲ ਭੰਡਾਰੀ ਪ੍ਰਮੁੱਖ ਸਕੱਤਰ ਪਸ਼ੂ ਪਾਲਣ ਵਿਭਾਗ ਤੋਂ ਆਏ ਸ਼ਡਿਊਲ ਮੁਤਾਬਕ ਹਰ ਮਹੀਨੇ ਦੇ ਦੂਜੇ ਸੋਮਵਾਰ ਪਸ਼ੂ ਪਾਲਕ ਦੇ ਘਰ ਜਾਂ ਫਾਰਮ ਉਤੇ ਇਹ ਚੁਆਈ ਪਾਰਦਰਸ਼ੀ ਤਰੀਕੇ ਨਾਲ ਹੋਵੇਗੀ। ਇਸ ਮੁਕਾਬਲੇ ਵਿਚ ਐਚ. ਐਫ. ਗਊਆਂ ਅਤੇ ਕ੍ਰਾਸ 30 ਕਿੱਲੋ ਤੋਂ ਵੱਧ, ਮੁਰਾਹ ਮੱਝਾਂ 16 ਕਿੱਲੋ, ਨੀਲੀ ਰਾਵੀ 14 ਕਿੱਲੋ, ਸਾਹੀਵਾਲ ਅਤੇ ਹੋਰ ਦੇਸੀ ਨਸਲ 12 ਕਿੱਲੋ, ਜਰਸੀ ਅਤੇ ਕ੍ਰਾਸ 16 ਕਿੱਲੋ, ਬੱਕਰੀ ਢਾਈ ਕਿੱਲੋ ਇਸ ਮੁਕਾਬਲੇ ਲਈ ਯੋਗ ਹੋਣਗੀਆਂ, ਬਲਾਕ ਵਿਚੋਂ ਪਹਿਲੇ ਨੰਬਰ ਉਤੇ ਆਉਣ ਵਾਲੀ ਮੱਝ ਗਾਂ ਨੂੰ 2000 ਰੁਪਏ ਪਹਿਲਾ ਇਨਾਮ, ਦੂਜੇ ਇਨਾਮ ਲਈ 1500 ਅਤੇ ਤੀਜੇ ਲਈ 1000 ਰੁਪਏ ਇਨਾਮ ਵਜੋਂ ਦਿੱਤੇ ਜਾਣਗੇ।
ਇਸੇ ਤਰ੍ਹਾਂ ਬੱਕਰੀਆਂ ਲਈ ਪਹਿਲਾ ਇਨਾਮ 1500 ਰੁਪਏ, ਦੂਜਾ ਇਨਾਮ 1000 ਰੁਪਏ, ਤੀਜਾ ਇਨਾਮ 500 ਰੁਪਏ ਮਾਣ ਵਜੋਂ ਦਿੱਤੇ ਜਾਣਗੇ। ਇਹ ਮੁਕਾਬਲੇ ਹਰ ਮਹੀਨੇ ਦੇ ਦੂਜੇ ਸੋਮਵਾਰ ਲਗਾਤਾਰ ਕਰਵਾਏ ਜਾਣਗੇ। ਇਕ ਵਾਰ ਦਾ ਇਨਾਮ ਜੇਤੂ ਉਸੇ ਸੂਏ ਵਿਚ ਦੁਬਾਰਾ ਭਾਗ ਨਹੀਂ ਲਵੇਗਾ, ਭਾਗ ਲੈਣ ਲਈ ਵਿਭਾਗ ਦਾ ਟੈਗ ਪਸ਼ੂ ਦੇ ਕੰਨ ਵਿਚ ਲਗਵਾਉਣਾ ਜ਼ਰੂਰੀ ਹੈ। ਮੁਕਾਬਲੇ ਵਿਚ ਭਾਗ ਲੈਣ ਵਾਲੇ ਸਾਰੇ ਪਸ਼ੂਆਂ ਨੂੰ ਕੌਮੀ ਪੋਰਟਲ ਉਤੇ ਰਜਿਸਟਰ ਕੀਤਾ ਜਾਵੇਗਾ। ਇਸ ਨਾਲ ਪਸ਼ੂ ਪਾਲਕ ਦਾ ਨਾਂਅ ਕੌਮੀ ਪੱਧਰ ਉਤੇ ਜਾਵੇਗਾ।