ਦੀਵਾਲੀ ਦੇ ਦੂਜੇ ਦਿਨ ਵੀ ਰਹੀ ਰਾਜਧਾਨੀ ਦੀ ਹਵਾ ਪ੍ਰਦੂਸ਼ਿਤ

ਨਵੀਂ ਦਿੱਲੀ, ਅਕਤੂਬਰ- ਅੱਜ ਦੀਵਾਲੀ ਦੇ ਦੂਜੇ ਦਿਨ ਵੀ ਦਿੱਲੀ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿਚ ਪ੍ਰਦੂਸ਼ਣ ਦਾ ਪੱਧਰ ਉੱਚੇ ਪੱਧਰ ’ਤੇ ਰਿਹਾ। ਹਵਾ ਦੀ ਗੁਣਵੱਤਾ ਜ਼ਹਿਰੀਲੀ ਰਹੀ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਵੈੱਬਸਾਈਟ ਦੇ ਅਨੁਸਾਰ ਸਵੇਰੇ 7 ਵਜੇ ਦਿੱਲੀ ਦਾ ਏਅਰ ਕੁਆਲਿਟੀ ਇੰਡੈਕਸ 345 ਦਰਜ ਕੀਤਾ ਗਿਆ, ਜੋ ਕਿ 'ਗੰਭੀਰ' ਸ਼੍ਰੇਣੀ ਵਿਚ ਆਉਂਦਾ ਹੈ।
ਰਾਜਧਾਨੀ ਦੇ ਕੁਝ ਇਲਾਕਿਆਂ ਵਿਚ ਹਵਾ ਦੀ ਗੁਣਵੱਤਾ 400 ਤੋਂ ਵੀ ਵੱਧ ਗਿਆ। ਪੰਜਾਬੀ ਬਾਗ ਵਿਚ 433 ਅਤੇ ਵਜ਼ੀਰਪੁਰ ਵਿਚ 401 ਦਾ ਹਵਾ ਦੀ ਗੁਣਵੱਤਾ ਦਰਜ ਕੀਤਾ ਗਿਆ। ਦਿੱਲੀ ਦੇ 38 ਨਿਗਰਾਨੀ ਸਟੇਸ਼ਨਾਂ ਵਿਚੋਂ 34 'ਤੇ ਪ੍ਰਦੂਸ਼ਣ ਦਾ ਪੱਧਰ ਅਜੇ ਵੀ ਰੈੱਡ ਜ਼ੋਨ ਵਿਚ ਹੈ, ਭਾਵ ਹਵਾ ਦੀ ਗੁਣਵੱਤਾ 'ਬਹੁਤ ਮਾੜੀ' ਤੋਂ 'ਗੰਭੀਰ' ਤੱਕ ਹੈ।
ਦੀਵਾਲੀ ਤੋਂ ਬਾਅਦ ਹਰਿਆਣਾ ਦੀ ਹਵਾ ਦੀ ਗੁਣਵੱਤਾ ਦੇਸ਼ ਵਿਚ ਸਭ ਤੋਂ ਵੱਧ ਪ੍ਰਦੂਸ਼ਿਤ ਹੋ ਗਈ ਹੈ। ਸੀ.ਪੀ.ਸੀ.ਬੀ. ਦੇ ਅਨੁਸਾਰ ਸਭ ਤੋਂ ਵੱਧ ਪ੍ਰਦੂਸ਼ਿਤ ਹਵਾ ਵਾਲੇ 10 ਸ਼ਹਿਰਾਂ ਵਿਚੋਂ ਅੱਠ ਹਰਿਆਣਾ ਦੇ ਹਨ ਅਤੇ ਇਕ ਰਾਜਸਥਾਨ ਦਾ ਹੈ। ਦਿੱਲੀ 10ਵੇਂ ਨੰਬਰ 'ਤੇ ਹੈ।