ਕੱਚੇ ਕੰਕਰੀਟ ’ਤੇ ਉਤਰਿਆ ਰਾਸ਼ਟਰਪਤੀ ਮੁਰਮੂ ਦਾ ਹੈਲੀਕਾਪਟਰ, ਟੋਏ ’ਚ ਫ਼ਸੇ ਪਹੀਏ
.jpeg)
ਤਿਰੂਵਨੰਤਪੁਰਮ, 22 ਅਕਤੂਬਰ- ਰਾਸ਼ਟਰਪਤੀ ਦਰੋਪਦੀ ਮੁਰਮੂ ਨਾਲ ਜੁੜੀ ਸੁਰੱਖਿਆ ਵਿਚ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਰਾਸ਼ਟਰਪਤੀ ਨੂੰ ਸਬਰੀਮਾਲਾ ਦੀ ਯਾਤਰਾ ’ਤੇ ਲਿਜਾ ਰਿਹਾ ਹਵਾਈ ਸੈਨਾ ਦਾ ਹੈਲੀਕਾਪਟਰ ਅੱਜ ਸਵੇਰੇ ਪ੍ਰਮਾਦਮ ਦੇ ਰਾਜੀਵ ਗਾਂਧੀ ਇਨਡੋਰ ਸਟੇਡੀਅਮ ਵਿਚ ਨਵੇਂ ਬਣੇ ਕੰਕਰੀਟ ਹੈਲੀਪੈਡ ’ਤੇ ਉਤਰਦੇ ਸਮੇਂ ਇਕ ਟੋਏ ਵਿਚ ਫਸ ਗਿਆ। ਇਹ ਸੁਰੱਖਿਆ ਗਲਤੀ ਉਦੋਂ ਹੋਈ ਜਦੋਂ ਰਾਸ਼ਟਰਪਤੀ ਮੁਰਮੂ ਦਾ ਹੈਲੀਕਾਪਟਰ ਕੇਰਲ ਦੇ ਪ੍ਰਮਾਦਮ ਵਿਚ ਉਤਰਿਆ। ਉਤਰਨ ਤੋਂ ਬਾਅਦ ਰਾਸ਼ਟਰਪਤੀ ਦਾ ਕਾਫ਼ਲਾ ਸੜਕ ਰਾਹੀਂ ਪੰਬਾ ਲਈ ਰਵਾਨਾ ਹੋਇਆ। ਰਾਸ਼ਟਰਪਤੀ ਦੇ ਜਾਣ ਤੋਂ ਬਾਅਦ ਕਈ ਪੁਲਿਸ ਕਰਮਚਾਰੀ ਅਤੇ ਫਾਇਰਫਾਈਟਰ ਹੈਲੀਪੈਡ ’ਤੇ ਪਏ ਟੋਇਆਂ ਤੋਂ ਰਾਸ਼ਟਰਪਤੀ ਦੇ ਹੈਲੀਕਾਪਟਰ ਦੇ ਪਹੀਏ ਹਟਾਉਂਦੇ ਹੋਏ ਦੇਖੇ ਗਏ।
ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਰਾਸ਼ਟਰਪਤੀ ਦੇ ਹੈਲੀਕਾਪਟਰ ਲਈ ਲੈਂਡਿੰਗ ਸਾਈਟ ਨੂੰ ਆਖਰੀ ਸਮੇਂ ’ਤੇ ਅੰਤਿਮ ਰੂਪ ਦਿੱਤਾ ਗਿਆ ਸੀ, ਜਿਸ ਦੇ ਨਤੀਜੇ ਵਜੋਂ ਮੰਗਲਵਾਰ ਦੇਰ ਰਾਤ ਨੂੰ ਹੀ ਹੈਲੀਪੈਡ ਦਾ ਨਿਰਮਾਣ ਸ਼ੁਰੂ ਹੋਇਆ। ਨਤੀਜੇ ਵਜੋਂ ਹੈਲੀਪੈਡ ਸੁੱਕਿਆ ਨਹੀਂ ਤੇ ਲੈਂਡਿੰਗ ਕਰਦੇ ਸਮੇਂ ਭਾਰ ਕਾਰਨ ਹੈਲੀਕਾਪਟਰ ਦੇ ਪਹੀਏ ਹੈਲੀਪੈਡ ਵਿਚ ਫ਼ਸ ਗਏ। ਖੁਸ਼ਕਿਸਮਤੀ ਨਾਲ ਕੋਈ ਹੋਰ ਨੁਕਸਾਨ ਨਹੀਂ ਹੋਇਆ। ਅਧਿਕਾਰੀ ਨੇ ਦੱਸਿਆ ਕਿ ਰਾਸ਼ਟਰਪਤੀ ਦਾ ਹੈਲੀਕਾਪਟਰ ਪਹਿਲਾਂ ਪੰਬਾ ਦੇ ਨੇੜੇ ਨੀਲੱਕਲ ਵਿਖੇ ਉਤਰਨਾ ਤੈਅ ਸੀ, ਪਰ ਖ਼ਰਾਬ ਮੌਸਮ ਕਾਰਨ ਰਾਸ਼ਟਰਪਤੀ ਦਾ ਹੈਲੀਕਾਪਟਰ ਪ੍ਰਮਾਦਮ ਵਿਖੇ ਉਤਰਿਆ।
ਦੱਸ ਦੇਈਏ ਕਿ ਰਾਸ਼ਟਰਪਤੀ ਮੁਰਮੂ ਮੰਗਲਵਾਰ ਸ਼ਾਮ ਨੂੰ ਦੱਖਣੀ ਰਾਜ ਦੇ ਚਾਰ ਦਿਨਾਂ ਦੇ ਸਰਕਾਰੀ ਦੌਰੇ ’ਤੇ ਤਿਰੂਵਨੰਤਪੁਰਮ ਪਹੁੰਚੇ ਹਨ। ਅੱਜ ਸਵੇਰੇ ਉਹ ਪਠਾਨਮਥਿੱਟਾ ਜ਼ਿਲ੍ਹੇ ਲਈ ਰਵਾਨਾ ਹੋ ਗਏ, ਜਿਥੇ ਉਹ ਸਬਰੀਮਾਲਾ ਮੰਦਰ ਦੇ ਦਰਸ਼ਨ ਕਰਨਗੇ।