ਕੈਬਨਿਟ ਮੰਤਰੀ ਸੰਜੀਵ ਅਰੋੜਾ ਵਲੋਂ ਰੋਮਾਨੀਆ 'ਚ ਮਾਰੇ ਗਏ ਪਠਾਨਕੋਟ ਨਿਵਾਸੀ ਦੀ ਲਾਸ਼ ਵਾਪਸ ਲਿਆਉਣ 'ਚ ਸਹਾਇਤਾ

ਪਠਾਨਕੋਟ, 23 ਅਕਤੂਬਰ (ਸੰਧੂ)-ਪੰਜਾਬ ਸਰਕਾਰ ਦੇ ਐਨ. ਆਰ. ਆਈ. ਮਾਮਲਿਆਂ ਦੇ ਮੰਤਰੀ ਸੰਜੀਵ ਅਰੋੜਾ ਨੇ ਪਠਾਨਕੋਟ ਦੇ ਇਕ ਦੁਖੀ ਪਰਿਵਾਰ ਦੀ ਰੋਮਾਨੀਆ ਦੇ ਟੀਮੀਸੋਆਰਾ ਸ਼ਹਿਰ ਵਿਚ ਮਰੇ 32 ਸਾਲਾ ਕੁਲਦੀਪ ਕੁਮਾਰ ਦੀ ਲਾਸ਼ ਵਾਪਸ ਲਿਆਉਣ ਵਿਚ ਮਹੱਤਵਪੂਰਨ ਸਹਾਇਤਾ ਪ੍ਰਦਾਨ ਕੀਤੀ ਹੈ। ਮ੍ਰਿਤਕ ਕੁਲਦੀਪ ਕੁਮਾਰ, ਜੋ ਕਿ ਪਠਾਨਕੋਟ ਜ਼ਿਲ੍ਹੇ ਦੇ ਸੁਜਾਨਪੁਰ ਸ਼ਹਿਰ ਦਾ ਰਹਿਣ ਵਾਲਾ ਸੀ, ਉਥੇ ਇਕ ਕੰਪਨੀ ਵਿਚ ਨੌਕਰੀ ਕਰ ਰਿਹਾ ਸੀ। ਉਸਦੀ ਮੌਤ ਦੀ ਸੂਚਨਾ 3 ਅਕਤੂਬਰ ਨੂੰ ਉਸਦੇ ਸਹਿਕਰਮੀ ਸ਼ਮਸ਼ੇਰ ਸਿੰਘ (ਜੋ ਰੋਮਾਨੀਆ ਵਿਚ ਹੀ ਕੰਮ ਕਰਦਾ ਹੈ) ਵਲੋਂ ਪਰਿਵਾਰ ਨੂੰ ਦਿੱਤੀ ਗਈ। ਕੁਲਦੀਪ ਦੇ ਭਰਾ ਹੀਰਾ ਸਿੰਘ ਨੇ ਸਰਕਾਰ ਨੂੰ ਲਿਖਤੀ ਬੇਨਤੀ ਕਰਕੇ ਆਪਣੇ ਭਰਾ ਦੀ ਲਾਸ਼ ਵਾਪਸ ਲਿਆਉਣ ਲਈ ਮਦਦ ਦੀ ਅਰਜ਼ੀ ਲਿਖੀ ਸੀ।
ਪਰਿਵਾਰ ਦੀ ਬੇਨਤੀ ‘ਤੇ ਖਾਦ, ਨਾਗਰਿਕ ਸਪਲਾਈ ਅਤੇ ਉਪਭੋਗਤਾ ਮਾਮਲੇ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਇਹ ਮਾਮਲਾ ਐਨ. ਆਰ. ਆਈ. ਮੰਤਰੀ ਸੰਜੀਵ ਅਰੋੜਾ ਕੋਲ ਭੇਜਿਆ। ਮੰਤਰੀ ਅਰੋੜਾ ਨੇ ਤੁਰੰਤ ਵਿਦੇਸ਼ ਮਾਮਲੇ ਮੰਤਰਾਲੇ ਅਤੇ ਬੁਕਰੇਸਟ ਵਿਖੇ ਭਾਰਤ ਦੇ ਦੂਤਾਵਾਸ ਨੂੰ ਪੱਤਰ ਲਿਖ ਕੇ ਜ਼ਰੂਰੀ ਸਹਾਇਤਾ ਦੀ ਅਪੀਲ ਕੀਤੀ। ਉਨ੍ਹਾਂ ਨੇ ਭਾਰਤੀ ਦੂਤਾਵਾਸ ਨੂੰ ਵੀ ਅਪੀਲ ਕੀਤੀ ਕਿ ਉਹ ਭਾਰਤ ਸਰਕਾਰ ਦੇ ਵਿਦੇਸ਼ ਮਾਮਲੇ ਮੰਤਰਾਲੇ ਅਤੇ ਰੋਮਾਨੀਆ ਦੇ ਹਾਈ ਕਮਿਸ਼ਨ, ਨਵੀਂ ਦਿੱਲੀ ਨਾਲ ਸਹਿਯੋਗ ਕਰਕੇ ਇਸ ਦੁਖੀ ਪਰਿਵਾਰ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰੇ। ਮੰਤਰੀ ਅਰੋੜਾ ਦੀ ਅਪੀਲ ਤੋਂ ਬਾਅਦ, ਬੁਕਰੇਸਟ ਵਿਖੇ ਭਾਰਤੀ ਦੂਤਾਵਾਸ ਨੇ ਪੁਸ਼ਟੀ ਕੀਤੀ ਕਿ ਉਹ ਪਰਿਵਾਰਕ ਮੈਂਬਰਾਂ ਅਤੇ ਰੋਮਾਨੀਆਈ ਅਧਿਕਾਰੀਆਂ ਨਾਲ ਲਗਾਤਾਰ ਸੰਪਰਕ ਵਿਚ ਹੈ ਅਤੇ ਰੀਪੈਟ੍ਰੀਏਸ਼ਨ (ਲਾਸ਼ ਦੀ ਵਾਪਸੀ) ਦੀ ਪ੍ਰਕਿਰਿਆ ਨੂੰ ਤੇਜ਼ ਕਰਨ ਲਈ ਜ਼ਰੂਰੀ ਕਦਮ ਚੁੱਕ ਰਹੀ ਹੈ। ਦੂਤਾਵਾਸ ਦੇ ਸੈਕੰਡ ਸਕੱਤਰ (ਕੌਂਸਲਰ) ਸਾਈਤੇਸ਼ ਕੁਮਾਰ ਨੇ ਭਰੋਸਾ ਦਿਵਾਇਆ ਕਿ ਸਾਰੇ ਕਾਗਜ਼ਾਤ ਜਲਦੀ ਪੂਰੇ ਕਰਨ ਲਈ ਕੋਸ਼ਿਸ਼ਾਂ ਜਾਰੀ ਹਨ। 22 ਅਕਤੂਬਰ ਨੂੰ ਵਿਦੇਸ਼ ਮਾਮਲੇ ਮੰਤਰਾਲੇ ਦੇ ਅੰਡਰ ਸਕੱਤਰ ਬਿਭੂਤੀ ਪਾਂਡੇ ਨੇ ਮੰਤਰੀ ਅਰੋੜਾ ਨੂੰ ਜਾਣਕਾਰੀ ਦਿੱਤੀ ਕਿ ਭਾਰਤ ਦੂਤਾਵਾਸ ਨੇ ਰੀਪੈਟ੍ਰੀਏਸ਼ਨ ਲਈ ਇਕ ਚੈਰਿਟਾ ਏਜੰਸੀ ਨਿਯੁਕਤ ਕੀਤੀ ਹੈ। ਉਸ ਏਜੰਸੀ ਨੇ ਟੀਮੀਸੋਆਰਾ ਤੋਂ ਲੋੜੀਂਦੇ ਦਸਤਾਵੇਜ਼ ਪ੍ਰਾਪਤ ਕਰਕੇ ਲਾਸ਼ ਦੀ ਹਿਫ਼ਾਜ਼ਤ ਸੰਭਾਲ ਲਈ ਹੈ। ਪੰਜਾਬ ਸਰਕਾਰ ਦੇ ਐਨ. ਆਰ. ਆਈ. ਮਾਮਲੇ ਵਿਭਾਗ, ਵਿਦੇਸ਼ ਮਾਮਲੇ ਮੰਤਰਾਲੇ ਅਤੇ ਰੋਮਾਨੀਆ ਵਿਚ ਭਾਰਤ ਦੇ ਦੂਤਾਵਾਸ ਦੇ ਸਾਂਝੇ ਉਪਰਾਲਿਆਂ ਨਾਲ ਪਰਿਵਾਰ ਨੂੰ ਵੱਡੀ ਰਾਹਤ ਮਿਲੀ ਹੈ, ਜੋ ਹੁਣ ਆਪਣੇ ਪੁੱਤਰ ਦੇ ਸਸਕਾਰ ਲਈ ਤਿਆਰੀ ਕਰ ਸਕਦਾ ਹੈ। ਇਹ ਮਾਮਲਾ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਦੇ ਸਮੇਂ-ਸਿਰ ਸਹਾਇਤਾ ਪ੍ਰਦਾਨ ਕਰਨ ਵਾਲੇ ਉਪਰਾਲਿਆਂ ਦੀ ਜਿਊਂਦੀ ਜਾਗਦੀ ਮਿਸਾਲ ਹੈ, ਜੋ ਵਿਦੇਸ਼ਾਂ ਵਿਚ ਰਹਿ ਰਹੇ ਪੰਜਾਬੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਮੁਸ਼ਕਿਲ ਘੜੀਆਂ ਵਿਚ ਸਹਾਰਾ ਦਿੰਦੀ ਹੈ।