ਰਾਜ ਸਭਾ ਨੋਮੀਨੇਸ਼ਨ ਜਾਲਸਾਜ਼ੀ ਮਾਮਲਾ: ਨਵਨੀਤ ਚਤੁਰਵੇਦੀ 6 ਨਵੰਬਰ ਤੱਕ ਨਿਆਇਕ ਹਿਰਾਸਤ 'ਚ ਭੇਜੇ

ਰੂਪਨਗਰ, 23 ਅਕਤੂਬਰ (ਸਤਨਾਮ ਸਿੰਘ ਸੱਤੀ)-ਰਾਜ ਸਭਾ ਚੋਣ ਲਈ ਨਾਮਜ਼ਦਗੀ ਦੌਰਾਨ ਜਾਲਸਾਜ਼ੀ ਦੇ ਮਾਮਲੇ ਵਿਚ ਗ੍ਰਿਫਤਾਰ ਨਵਨੀਤ ਚਤੁਰਵੇਦੀ ਨੂੰ ਅੱਜ ਰੂਪਨਗਰ ਦੀ ਸੀ.ਜੇ.ਐੱਮ. ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿਥੇ ਅਦਾਲਤ ਨੇ ਉਨ੍ਹਾਂ ਨੂੰ 6 ਨਵੰਬਰ ਤੱਕ ਨਿਆਇਕ ਹਿਰਾਸਤ ਵਿਚ ਭੇਜਣ ਦੇ ਹੁਕਮ ਜਾਰੀ ਕੀਤੇ ਹਨ। ਪੁਲਿਸ ਵਲੋਂ ਇਸ ਵਾਰ ਰਿਮਾਂਡ ਦੀ ਮੰਗ ਨਹੀਂ ਕੀਤੀ ਗਈ। ਅਦਾਲਤ ਨੇ ਨਵਨੀਤ ਚਤੁਰਵੇਦੀ ਦੇ ਦਸਤਖ਼ਤਾਂ ਦੇ ਸੈਂਪਲ ਲੈ ਕੇ ਜਾਂਚ ਲਈ ਭੇਜਣ ਦੇ ਹੁਕਮ ਦਿੱਤੇ।
ਪੁਲਿਸ ਵਲੋਂ ਉਸਦਾ ਮੋਬਾਇਲ ਸਿਮ ਕਾਰਡ ਡੁਪਲੀਕੇਟ ਕਢਵਾਉਣ ਦੀ ਅਰਜ਼ੀ ਵੀ ਮਨਜ਼ੂਰ ਕੀਤੀ ਗਈ। ਇਸ ਦੌਰਾਨ ਚਤੁਰਵੇਦੀ ਦੇ ਵਕੀਲ ਹੇਮੰਤ ਚੌਧਰੀ ਨੇ ਜੇਲ੍ਹ ਵਿਚ ਉਸਦੀ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ ਕੀਤੀ। ਅਦਾਲਤ ਨੇ ਚੰਡੀਗੜ੍ਹ ਪੁਲਿਸ ਦੇ ਐਸ.ਐਚ.ਓ. ਨੂੰ ਕੱਲ੍ਹ ਹਾਜ਼ਰ ਹੋਣ ਲਈ ਹਦਾਇਤ ਕੀਤੀ ਹੈ ਕਿਉਂਕਿ ਅੱਜ ਸਿਰਫ਼ ਸਬ-ਇੰਸਪੈਕਟਰ ਪਰਮਿੰਦਰ ਸਿੰਘ ਪੇਸ਼ ਹੋਏ ਸਨ।