ਸ਼ਹਿਰ ਵਿਚ ਦਿਨ ਦਿਹਾੜੇ ਚੱਲੀਆਂ ਗੋਲੀਆਂ, ਇਕ ਜ਼ਖ਼ਮੀ

ਫਿਰੋਜ਼ਪੁਰ, 23 ਅਕਤੂਬਰ (ਸੁਖਵਿੰਦਰ ਸਿੰਘ)- ਸ਼ਹਿਰ ਦੀ ਦਾਣਾ ਮੰਡੀ ਦੇ ਨੇੜੇ ਦਿਨ ਦਿਹਾੜੇ ਗੋਲੀਆਂ ਚੱਲਣ ਦੀ ਘਟਨਾ ਸਾਹਮਣੇ ਆਈ ਹੈ। ਇਸ ਦੌਰਾਨ ਇਕ ਵਿਅਕਤੀ ਦੇ ਪੈਰ ਵਿਚ ਗੋਲੀ ਲੱਗਣ ਨਾਲ ਉਹ ਜ਼ਖ਼ਮੀ ਹੋ ਗਿਆ। ਜ਼ਖ਼ਮੀ ਨੂੰ ਇਲਾਜ ਲਈ ਸਿਵਲ ਹਸਪਤਾਲ ਫਿਰੋਜ਼ਪੁਰ ਦਾਖਲ ਕਰਵਾਇਆ ਗਿਆ, ਜਿਥੇ ਡਾਕਟਰਾਂ ਵਲੋਂ ਮੁਢਲੀ ਸਹਾਇਤਾ ਦੇਣ ਤੋਂ ਬਾਅਦ ਉਸ ਨੂੰ ਫਰੀਦਕੋਟ ਰੈਫ਼ਰ ਕਰ ਦਿੱਤਾ ਗਿਆ।
ਜਾਣਕਾਰੀ ਅਨੁਸਾਰ ਪੀੜਤ ਨਵਨੀਤ ਕੁਮਾਰ ਨੇ ਦੱਸਿਆ ਕਿ ਉਹ ਮੋਟਰਸਾਈਕਲ ‘ਤੇ ਅਰਮਾਨਪੁਰੇ ਤੋ ਅੱਗੇ ਜਾ ਰਿਹਾ ਸੀ। ਜਦੋਂ ਉਹ ਦਾਣਾ ਮੰਡੀ ਦੇ ਨੇੜੇ ਕੇ.ਵੀ.ਐਮ.-2 ਕੋਲ ਪਹੁੰਚਿਆ, ਤਾਂ ਪਿਛੋਂ ਆ ਰਹੀ ਇਕ ਕਾਰ ਨੇ ਉਸ ਦੀ ਬਾਈਕ ਨੂੰ ਟੱਕਰ ਮਾਰ ਦਿੱਤੀ। ਨਵਨੀਤ ਕੁਮਾਰ ਨੇ ਕਾਰ ਸਵਾਰ ਨੂੰ ਪੁੱਛਿਆ ਕਿ ਕੀ ਹੋਇਆ, ਤਾਂ ਉਸਨੇ ਬਿਨਾਂ ਕਿਸੇ ਵਜ੍ਹਾ ਦੇ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਪਿਸਟਲ ਕੱਢ ਕੇ ਉਸਦੇ ਮੱਥੇ ‘ਤੇ ਰੱਖੀ ਤੇ ਪੈਰ ਵਿਚ ਫਾਇਰ ਕਰ ਦਿੱਤਾ। ਗੋਲੀ ਦੇ ਸ਼ਰਲੇ ਉਸ ਦੀ ਲੱਤ ਵਿਚ ਲੱਗੇ। ਪੀੜਤ ਦੀ ਮਾਤਾ ਰਾਜ ਰਾਣੀ ਨੇ ਦੱਸਿਆ ਕਿ ਬਿਨਾਂ ਕਿਸੇ ਕਾਰਨ ਮੇਰੇ ਬੇਟੇ ਉੱਤੇ ਗੋਲੀ ਚਲਾਈ ਗਈ ਹੈ। ਮੈਂ ਵਿਧਵਾ ਔਰਤ ਹਾਂ ਤੇ ਮੇਰਾ ਇਕੋ ਇਕ ਬੇਟਾ ਹੈ । ਉਸਨੇ ਪੁਲਿਸ ਪ੍ਰਸ਼ਾਸਨ ਕੋਲੋਂ ਇਨਸਾਫ਼ ਦੀ ਮੰਗ ਕੀਤੀ ਹੈ।