ਪਿੰਡ ਸੇਖਾ ਖੁਰਦ ਵਿਖੇ ਫਿਰੌਤੀ ਦੇ ਮਾਮਲੇ ਨੂੰ ਲੈ ਕੇ ਔਰਤ ਦਾ ਗਲਾ ਘੁੱਟਿਆ

ਠੱਠੀ ਭਾਈ, 23 ਅਕਤੂਬਰ (ਜਗਰੂਪ ਸਿੰਘ ਮਠਾੜੂ)-ਮੋਗਾ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਬਾਘਾਪੁਰਾਣਾ ਅੰਦਰ ਆਏ ਦਿਨ ਗੋਲੀਬਾਰੀ ਅਤੇ ਫਿਰੌਤੀ ਨੂੰ ਲੈ ਕੇ ਲਗਾਤਾਰ ਘਟਨਾਵਾਂ ਜਾਰੀ ਹਨ, ਜਿਸ ਨੂੰ ਲੈ ਕੇ ਹਲਕੇ ਅੰਦਰ ਲੋਕਾਂ ਵਿਚ ਸਹਿਮ ਹੈ। ਪਿੰਡ ਲੰਗੇਆਣਾ ਅਤੇ ਮਾੜੀ ਮੁਸਤਫਾ ਗੋਲੀਕਾਂਡ ਤੋਂ ਬਾਅਦ ਹੁਣ ਥਾਣਾ ਸਮਾਲਸਰ ਹੇਠਲੇ ਪਿੰਡ ਸੇਖਾ ਖੁਰਦ ਵਿਖੇ ਬੀਤੇ ਕੱਲ੍ਹ ਲਗਭਗ ਡੇਢ ਤੋਂ 2 ਵਜੇ ਦੇ ਵਿਚਕਾਰ ਪਿੰਡ ਵਿਚ ਬਿਲਕੁਲ ਸੰਘਣੀ ਆਬਾਦੀ ਵਾਲੇ ਘਰ ਵਿਚ ਤਿੰਨ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਦਾਖਲ ਹੋ ਕੇ ਔਰਤ ਦਾ ਚੁੰਨੀ ਨਾਲ ਗਲਾ ਘੁੱਟ ਕੇ ਉਸਦੇ ਸਿਰ ਵਿਚ ਇੱਟਾਂ ਰੋੜੇ ਮਾਰ ਕੇ ਬੇਹੋਸ਼ ਕਰ ਦਿੱਤਾ। ਇਸ ਘਟਨਾ ਦਾ ਆਂਢ-ਗੁਆਂਢ ਪਤਾ ਲੱਗਣ ਉਤੇ ਲੋਕਾਂ ਦਾ ਇਕੱਠ ਹੋ ਗਿਆ ਅਤੇ ਉਕਤ ਅਣਪਛਾਤੇ ਵਿਅਕਤੀ ਘਟਨਾ ਸਥਾਨ ਤੋਂ ਫਰਾਰ ਹੋ ਗਏ।
ਪਿੰਡ ਦੇ ਨੰਬਰਦਾਰ ਗਿਆਨੀ ਜਸਵਿੰਦਰ ਸਿੰਘ ਨੇ ਦੱਸਿਆ ਕਿ ਸਾਡੇ ਅੰਦਰਲੇ ਘਰ ਕੁਲਦੀਪ ਕੌਰ ਪਤਨੀ ਸਵ: ਸਿਕੰਦਰ ਸਿੰਘ ਦੇ ਘਰ ਤਿੰਨ ਮੋਟਰਸਾਈਕਲ ਸਵਾਰ ਅਣਪਛਾਤੇ ਵਿਅਕਤੀ ਆਏ ਜਿਨ੍ਹਾਂ ਦੇ ਮੂੰਹ ਬੰਨ੍ਹੇ ਹੋਏ ਸਨ, ਨੇ ਉਨ੍ਹਾਂ ਦੇ ਘਰ ਵਿਚ ਦਾਖਲ ਹੋ ਕੇ ਉਸ ਦੀ ਹੀ ਚੁੰਨੀ ਉਸ ਦੇ ਗਲੇ ਵਿਚ ਪਾ ਕੇ ਉਸਨੂੰ ਬਾਹਰ ਗਲੀ ਵਿਚ ਲੈ ਆਏ ਅਤੇ ਚੁੰਨੀ ਨਾਲ ਉਸ ਦਾ ਗਲਾ ਘੁੱਟਦੇ ਰਹੇ। ਇਸ ਦੌਰਾਨ ਉਨ੍ਹਾਂ ਨੇ ਕੁਲਦੀਪ ਕੌਰ ਦੇ ਸਿਰ ਵਿਚ ਇੱਟਾਂ ਰੋੜੇ ਵੀ ਮਾਰੇ। ਇਹ ਵੀ ਪਤਾ ਲੱਗਾ ਹੈ ਕਿ ਉਕਤ ਅਣਪਛਾਤੇ ਵਿਅਕਤੀਆਂ ਨੇ ਕਿਹਾ ਕਿ ਉਹ ਜਸਪਾਲ ਕੌਰ ਮੋਰਾਂਵਾਲੀ ਪਤਨੀ ਸਵਰਗੀ ਕੇਵਲ ਸਿੰਘ ਤੋਂ 10 ਲੱਖ ਰੁਪਏ ਫਿਰੌਤੀ ਲੈਣ ਆਏ ਸਨ। ਬੇਹੋਸ਼ ਹੋਈ ਕੁਲਦੀਪ ਕੌਰ ਨੂੰ ਸਮਾਲਸਰ ਦੇ ਇਕ ਨਿੱਜੀ ਹਸਪਤਾਲ ਵਿਚ ਭਰਤੀ ਕਰਵਾ ਦਿੱਤਾ ਗਿਆ ਹੈ। ਕੁਲਦੀਪ ਕੌਰ ਦੇ ਪੁੱਤਰ ਗੁਰਵਿੰਦਰ ਸਿੰਘ ਥਾਣਾ ਸਮਾਲਸਰ ਨੂੰ ਦਿੱਤੀ ਲਿਖਤੀ ਸ਼ਿਕਾਇਤ ਉਪਰੰਤ ਥਾਣਾ ਸਮਾਲਸਰ ਦੇ ਮੁੱਖ ਅਫਸਰ ਕਮਲਜੀਤ ਸਿੰਘ ਦੀ ਅਗਵਾਈ ਵਿਚ ਪੁਲਿਸ ਪਾਰਟੀ ਨੇ ਘਟਨਾ ਸਥਾਨ ਦਾ ਜਾਇਜ਼ਾ ਲੈਂਦਿਆਂ ਪਿੰਡ ਵਿਚ ਲੱਗੇ ਹੋਏ ਸੀ.ਸੀ.ਟੀ.ਵੀ. ਕੈਮਰਿਆਂ ਨੂੰ ਖੰਗਾਲਣਾ ਸ਼ੁਰੂ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ ਅਜੇ ਤੱਕ ਪੁਲਿਸ ਦੇ ਹੱਥ ਕੋਈ ਸੁਰਾਗ ਨਹੀਂ ਲੱਗਾ। ਸਮਾਲਸਰ ਥਾਣਾ ਮੁਖੀ ਕਮਲਜੀਤ ਸਿੰਘ ਨੇ ਕਿਹਾ ਕਿ ਉਹ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਬਾਰੀਕੀ ਨਾਲ ਜਾਂਚ ਵਿਚ ਲੱਗੇ ਹੋਏ ਹਨ ਅਤੇ ਆਉਣ ਵਾਲੇ ਸਮੇਂ ਵਿਚ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।