JALANDHAR WEATHER

ਲਗਾਤਾਰ ਤੀਜੀ ਵੱਡੀ ਘਟਨਾ ਤੋਂ ਬਾਅਦ ਰੋਸ ਵਜੋਂ ਦੁਕਾਨਦਾਰਾਂ ਨੇ ਦੁਕਾਨਾਂ ਬੰਦ ਕਰਕੇ ਦਿੱਤਾ ਧਰਨਾ

ਠੱਠੀ ਭਾਈ (ਮੋਗਾ), 26 ਅਕਤੂਬਰ (ਜਗਰੂਪ ਸਿੰਘ ਮਠਾੜੂ) - ਬਾਘਾ ਪੁਰਾਣਾ ਹਲਕੇ ਦੇ ਪਿੰਡ ਮਾੜੀ ਮੁਸਤਫਾ ਵਿਚ ਕਾਨੂੰਨ-ਵਿਵਸਥਾ ਉੱਤੇ ਵੱਡੇ ਸਵਾਲ ਖੜ੍ਹੇ ਕਰ ਰਹੀ ਲਗਾਤਾਰ ਤੀਜੀ ਵੱਡੀ ਘਟਨਾ ਨੇ ਲੋਕਾਂ ਵਿਚ ਮੁੜ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ।
ਦੋ ਦੁਕਾਨਦਾਰਾਂ ਉੱਤੇ ਗੋਲੀਆਂ ਨਾਲ ਜਾਨਲੇਵਾ ਹਮਲੇ ਹੋਣ ਤੋਂ ਬਾਅਦ ਹੁਣ ਤੀਜੇ ਦੁਕਾਨਦਾਰ ਉੱਤੇ ਪੈਟਰੋਲ ਬੰਬ ਨਾਲ ਹਮਲਾ ਕਰਕੇ ਉਸ ਨੂੰ ਸਾੜਨ ਦੀ ਕੋਸ਼ਿਸ਼ ਕੀਤੀ ਗਈ। ਇਸ ਤਾਜ਼ਾ ਘਟਨਾ ਤੋਂ ਬਾਅਦ ਪਿੰਡ ਦੇ ਦੁਕਾਨਦਾਰਾਂ ਵਿਚ ਰੋਸ ਦੀ ਲਹਿਰ ਦਿਖੀ। ਦੁਕਾਨਦਾਰ ਯੂਨੀਅਨ ਮਾੜੀ ਮੁਸਤਫਾ ਦੇ ਪ੍ਰਧਾਨ ਰਾਜ ਕੁਮਾਰ ਚੌਧਰੀ ਵਾਲਾ ਦੀ ਅਗਵਾਈ ਹੇਠ ਕਰੀਬ 150 ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਬੰਦ ਕਰਦਿਆਂ ਵੈਰੋਕੇ ਰੋਡ ਉੱਤੇ ਧਰਨਾ ਲਗਾਇਆ। ਧਰਨਾਕਾਰੀਆਂ ਨੇ ਲਗਾਤਾਰ ਮਾੜੀ ਮੁਸਤਫਾ ਵਿਚ ਵਾਪਰ ਰਹੀਆਂ ਘਟਨਾਵਾਂ 'ਤੇ ਚਿੰਤਾ ਕਰਦਿਆਂ ਆਪਣੇ ਜਾਨ ਮਾਲ ਲਈ ਚਿੰਤਾ ਜਤਾਈ। ਉਨ੍ਹਾਂ ਕਿਹਾ ਕਿ ਉਹ ਕਿਸ ਤਰ੍ਹਾਂ ਕੰਮ ਕਰਨਗੇ ਹਰ ਤਰ੍ਹਾਂ ਭੈਅ ਦੇ ਸਾਏ ਹੇਠ ਉਹ ਆਪਣੀ ਰੋਜ਼ੀ ਰੋਟੀ ਨਹੀਂ ਕਮਾ ਸਕਦੇ। ਉਨ੍ਹਾਂ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਉਨ੍ਹਾਂ ਦੀ ਰਾਖੀ ਲਈ ਸਰਕਾਰ ਅਤੇ ਪ੍ਰਸ਼ਾਸਨ ਸਖ਼ਤ ਫ਼ੈਸਲਾ ਲੈ ਕੇ ਉਨ੍ਹਾਂ ਨੂੰ ਰੁਜ਼ਗਾਰ ਕਰਨ ਯੋਗ ਕਰੇ। ਇਸ ਸਥਿਤੀ ਨੂੰ ਵੇਖਦਿਆਂ ਥਾਣਾ ਬਾਘਾ ਪੁਰਾਣਾ ਦੇ ਮੁੱਖ ਅਫ਼ਸਰ ਜਤਿੰਦਰ ਸਿੰਘ ਖੁਦ ਧਰਨਾ ਸਥਾਨ ‘ਤੇ ਪਹੁੰਚੇ ਅਤੇ ਧਰਨਾਕਾਰੀਆਂ ਨਾਲ ਗੱਲਬਾਤ ਕੀਤੀ। ਉਨ੍ਹਾਂ ਦੁਕਾਨਦਾਰਾਂ ਨੂੰ ਵਿਸ਼ਵਾਸ ਦਵਾਇਆ ਕਿ ਪੁਲਿਸ ਪ੍ਰਸ਼ਾਸਨ ਲੋਕਾਂ ਦੀ ਜਾਨ ਮਾਲ ਦੀ ਰਾਖੀ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਇਸ ਮਾਮਲੇ ਵਿਚ ਜਲਦੀ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ। ਥਾਣਾ ਮੁਖੀ ਜਤਿੰਦਰ ਸਿੰਘ ਦੇ ਭਰੋਸੇ ਤੋਂ ਬਾਅਦ ਦੁਕਾਨਦਾਰਾਂ ਨੇ ਅਸਥਾਈ ਤੌਰ ‘ਤੇ ਧਰਨਾ ਸਮਾਪਤ ਕਰਦਿਆਂ ਆਪਣੀਆਂ ਦੁਕਾਨਾਂ ਖੋਲ੍ਹ ਲਈਆਂ। ਪਰ ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਪ੍ਰਸ਼ਾਸਨ ਵਲੋਂ ਇਸ ਮਾਮਲੇ ਦੀ ਪੂਰੀ ਤਰ੍ਹਾਂ ਜਾਂਚ ਕਰਕੇ ਦੋਸ਼ੀਆਂ ਨੂੰ ਸਜ਼ਾ ਨਾ ਦਿੱਤੀ ਗਈ ਤਾਂ ਉਹ ਆਪਣੀ ਅਗਲੀ ਰਣਨੀਤੀ ਤਿਆਰ ਕਰਕੇ ਵੱਡਾ ਐਕਸ਼ਨ ਕਰਨ ਲਈ ਮਜਬੂਰ ਹੋਣਗੇ। ਦੂਜੇ ਪਾਸੇ ਪਿੰਡ ਵਿਚ ਲਗਾਤਾਰ ਵਾਪਰ ਰਹੀਆਂ ਅਜਿਹੀਆਂ ਘਟਨਾਵਾਂ ਕਾਰਨ ਲੋਕਾਂ ਵਿਚ ਡਰ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਲੋਕ ਪ੍ਰਸ਼ਾਸਨ ਤੋਂ ਸੁਰੱਖਿਆ ਦੇ ਪੂਰੇ ਇੰਤਜ਼ਾਮ ਕਰਨ ਦੀ ਮੰਗ ਕਰ ਰਹੇ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ