ਸਰਕਾਰ ਦੇ ਬਿਨਾਂ ਕਿਸੇ ਨੋਟਿਸ ਦੇ ਗੁਰਦਾਸਪੁਰ ਜ਼ਿਲ੍ਹੇ ਦੀਆਂ ਮੰਡੀਆਂ ਦੀ ਢੋਆ-ਢੁਆਈ ਦਾ ਕੰਮ ਹੋਇਆ ਬੰਦ
ਘੁਮਾਣ (ਬਟਾਲਾ), 26 ਅਕਤੂਬਰ (ਬੰਮਰਾਹ) - ਝੋਨੇ ਦੇ ਸੀਜ਼ਨ ਦਾ ਕੰਮ ਹਾਲੇ ਪੂਰੇ ਜ਼ੋਰਾਂ-ਸ਼ੋਰਾਂ ਨਾਲ ਚੱਲ ਰਿਹਾ ਹੈ। ਪਰ ਪਿਛਲੇ 2 ਦਿਨਾਂ ਤੋਂ ਗੁਰਦਾਸਪੁਰ ਜ਼ਿਲ੍ਹੇ ਦੀਆਂ ਸਾਰੀਆਂ ਦਾਣਾ ਮੰਡੀਆਂ ਵਿਚ ਢੋਆ-ਢੁਆਈ ਦਾ ਕੰਮ ਬੰਦ ਪਿਆ ਹੈ, ਜਿਸ ਕਾਰਨ ਕਿਸਾਨਾਂ ,ਮਜ਼ਦੂਰਾਂ ਤੇ ਆੜ੍ਹਤੀਆਂ ਵਿਚ ਹਾਹਾਕਾਰ ਮਚ ਗਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਘੁਮਾਣ , ਚੋਣੇ, ਬੋਲੇਵਾਲ ਮੰਡੀ ਦੇ ਆੜ੍ਹਤੀ ਸਾਹਿਬ ਸਿੰਘ ਮੰਡ, ਪ੍ਰਧਾਨ ਮੋਨੂੰ ਐਨੋਕੋਟ ਅਤੇ ਹੋਰ ਆੜ੍ਹਤੀਆਂ ਨੇ ਦੱਸਿਆ ਕਿ ਜ਼ਿਲ੍ਹੇ ਦੇ ਸ਼ੈਲਰ ਮਿੱਲਾਂ ਦੇ ਪ੍ਰਬੰਧਕਾਂ ਅਤੇ ਪਨਗਰੇਨ ਦਫ਼ਤਰਾਂ ਦੇ ਅਧਿਕਾਰੀਆਂ ਦੀ ਮਿਲੀ ਭੁਗਤ ਨਾਲ ਜ਼ਿਲ੍ਹੇ ਦੀਆਂ ਸਾਰੀਆਂ ਦਾਣਾ ਮੰਡੀਆਂ ਦੇ ਹਾਲਾਤ ਖ਼ਰਾਬ ਹੋ ਗਏ ਹਨ।
ਉਨ੍ਹਾਂ ਕਿਹਾ ਕਿ ਪਿਛਲੇ 2 ਦਿਨਾਂ ਤੋਂ ਸਰਕਾਰ ਵਲੋਂ ਜਾਰੀ ਕੀਤੇ ਗਏ ਆਰ. ਓ. (ਰਿਲੀਜ਼ ਆਰਡਰ) ਵਲੋਂ ਸਰਕਾਰ ਦੇ ਅਧਿਕਾਰੀਆਂ ਵਲੋਂ ਖ਼ਰੀਦਿਆ ਗਿਆ ਝੋਨਾ ਟਰੱਕਾਂ ਵਿਚ ਲੋਡ ਕਰਕੇ ਮੰਡੀਆਂ ਵਿਚ ਖੜ੍ਹਾ ਕੀਤਾ ਗਿਆ ਹੈ । ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰ ਹੋਇਆ ਹੈ ਕਿ ਨਾ ਕਿਸੇ ਸਰਕਾਰ ਦੇ ਨੋਟਿਸ ਜਾਰੀ ਕੀਤਿਆਂ ਇਕ ਤਾਨਾਸ਼ਾਹੀ ਫਰਮਾਨ ਸ਼ੈਲਰ ਮਾਲਕਾਂ ਦੇ ਦਬਾਅ ਹੇਠ ਆ ਕੇ ਸੰਬੰਧਿਤ ਵਿਭਾਗ ਨੇ ਜ਼ਿਲ੍ਹਾ ਗੁਰਦਾਸਪੁਰ ਦੀਆਂ ਦਾਣਾ ਮੰਡੀਆਂ 'ਤੇ ਲਾਗੂ ਕਰ ਦਿੱਤਾ, ਜਿਸ ਨਾਲ ਹਜ਼ਾਰਾਂ ਟਰੱਕ ਡਰਾਈਵਰ ਪਿਛਲੇ 2 ਦਿਨਾਂ ਤੋਂ ਝੋਨੇ ਨਾਲ ਲੱਦੇ ਟਰੱਕ ਖੜ੍ਹੇ ਕਰਕੇ ਬੈਠੇ ਹਨ। ਇਸ ਨਾਲ ਜਿੱਥੇ ਆੜ੍ਹਤੀਆਂ ਨੂੰ ਵੱਡਾ ਨੁਕਸਾਨ ਹੋਵੇਗਾ , ਉੱਥੇ ਟਰੱਕ ਮਾਲਕਾਂ ਤੇ ਡਰਾਈਵਰ ਦਾ ਆਰਥਿਕ ਤੌਰ 'ਤੇ ਵੱਡਾ ਨੁਕਸਾਨ ਹੋਵੇਗਾ। ਇਸ ਸਾਰੇ ਮਸਲੇ 'ਤੇ ਜ਼ਿਲ੍ਹੇ ਦੇ ਕਿਸੇ ਵੀ ਅਧਿਕਾਰੀ ਦਾ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ ,ਸਗੋਂ ਸਾਰੇ ਅਧਿਕਾਰੀ ਚੁੱਪ ਧਾਰ ਕੇ ਬੈਠੇ ਹਨ । ਪਰ ਆਉਣ ਵਾਲੇ ਦਿਨਾਂ ਵਿਚ ਇਹ ਮਸਲਾ ਕੇਵਲ ਜ਼ਿਲ੍ਹੇ ਦਾ ਨਹੀਂ ਪੂਰੇ ਪੰਜਾਬ ਦਾ ਬਣ ਜਾਵੇਗਾ ਤੇ ਪੂਰੇ ਪੰਜਾਬ ਵਿਚ ਇਸ ਦੀ ਹਾਹਾਕਾਰ ਮਚੇਗੀ । ਕਿਉਂਕਿ ਗੁਰਦਾਸਪੁਰ ਦੇ ਨਾਲ ਲੱਗਦੇ ਸਾਰੇ ਜਿਲ੍ਹਿਆਂ ਵਿਚ ਢੋਆਈ ਦਾ ਕੰਮ ਬਹੁਤ ਹੀ ਸੋਹਣੇ ਤੇ ਸੁਚੱਜੇ ਤਰੀਕੇ ਨਾਲ ਚੱਲ ਰਿਹਾ ਹੈ।
;
;
;
;
;
;
;
;