ਭਾਰਤ ਤੇ ਨਿਪਾਲ ਨੇ ਰੇਲ ਵਪਾਰ ਸੰਪਰਕ ਨੂੰ ਵਧਾਉਣ ਲਈ ਸਮਝੌਤੇ 'ਤੇ ਕੀਤੇ ਦਸਤਖ਼ਤ
ਨਵੀਂ ਦਿੱਲੀ , 13 ਨਵੰਬਰ - ਭਾਰਤ ਅਤੇ ਨਿਪਾਲ ਨੇ ਆਵਾਜਾਈ ਸੰਧੀ ਦੇ ਪ੍ਰੋਟੋਕੋਲ ਵਿਚ ਸੋਧ ਕਰਨ, ਦੋਵਾਂ ਦੇਸ਼ਾਂ ਵਿਚਕਾਰ ਰੇਲ-ਅਧਾਰਿਤ ਵਪਾਰਕ ਰੂਟਾਂ ਦਾ ਵਿਸਥਾਰ ਕਰਨ ਅਤੇ ਸਰਹੱਦ ਪਾਰ ਸੰਪਰਕ ਨੂੰ ਵਧਾਉਣ ਲਈ ਇਕ ਐਕਸਚੇਂਜ ਪੱਤਰ 'ਤੇ ਹਸਤਾਖ਼ਰ ਕੀਤੇ। ਇਹ ਸਮਝੌਤਾ ਨਵੀਂ ਦਿੱਲੀ ਵਿਚ ਭਾਰਤ ਦੇ ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਅਤੇ ਨਿਪਾਲ ਦੇ ਉਦਯੋਗ, ਵਣਜ ਅਤੇ ਸਪਲਾਈ ਮੰਤਰੀ ਅਨਿਲ ਕੁਮਾਰ ਸਿਨਹਾ ਵਿਚਕਾਰ ਹੋਈ ਦੁਵੱਲੀ ਮੀਟਿੰਗ ਤੋਂ ਬਾਅਦ ਕੀਤਾ ਗਿਆ। ਨਵਾਂ ਐਕਸਚੇਂਜ ਪੱਤਰ ਜੋਗਬਨੀ (ਭਾਰਤ) ਅਤੇ ਬਿਰਾਟਨਗਰ (ਨਿਪਾਲ) ਵਿਚਕਾਰ ਰੇਲ ਮਾਲ ਦੀ ਆਵਾਜਾਈ ਦੀ ਸਹੂਲਤ ਦਿੰਦਾ ਹੈ, ਜਿਸ ਵਿਚ ਕੰਟੇਨਰਾਈਜ਼ਡ ਅਤੇ ਥੋਕ ਕਾਰਗੋ ਦੋਵੇਂ ਸ਼ਾਮਿਲ ਹਨ । ਇਹ ਮੁੱਖ ਵਪਾਰਕ ਗਲਿਆਰਿਆਂ - ਕੋਲਕਾਤਾ-ਜੋਗਬਨੀ, ਕੋਲਕਾਤਾ-ਨੌਤਨਵਾ (ਸੁਨੌਲੀ) ਅਤੇ ਵਿਸ਼ਾਖਾਪਟਨਮ-ਨੌਤਨਵਾ (ਸੁਨੌਲੀ) ਦੇ ਨਾਲ ਆਵਾਜਾਈ ਨੂੰ ਵੀ ਉਦਾਰ ਬਣਾਉਂਦਾ ਹੈ।
ਦੋਵਾਂ ਗੁਆਂਢੀਆਂ ਵਿਚਕਾਰ ਮਲਟੀਮੋਡਲ ਸੰਪਰਕ ਨੂੰ ਮਜ਼ਬੂਤ ਕਰਦਾ ਹੈ ਅਤੇ ਤੀਜੇ ਦੇਸ਼ਾਂ ਨਾਲ ਨਿਪਾਲ ਦੇ ਵਪਾਰ ਨੂੰ ਵਧਾਉਂਦਾ ਹੈ।
ਭਾਰਤ ਸਰਕਾਰ ਦੀ ਗ੍ਰਾਂਟ ਸਹਾਇਤਾ ਨਾਲ ਬਣੇ ਜੋਗਬਨੀ-ਬਿਰਾਟਨਗਰ ਰੇਲ ਲਿੰਕ ਦਾ ਉਦਘਾਟਨ ਭਾਰਤ ਅਤੇ ਨਿਪਾਲ ਦੇ ਪ੍ਰਧਾਨ ਮੰਤਰੀਆਂ ਨੇ 1 ਜੂਨ, 2023 ਨੂੰ ਸਾਂਝੇ ਤੌਰ 'ਤੇ ਕੀਤਾ ਸੀ। ਨਵੀਨਤਮ ਸਮਝੌਤੇ ਦੇ ਨਾਲ, ਇਹ ਰਸਤਾ ਹੁਣ ਕੋਲਕਾਤਾ ਅਤੇ ਵਿਸ਼ਾਖਾਪਟਨਮ ਦੀਆਂ ਭਾਰਤੀ ਬੰਦਰਗਾਹਾਂ ਤੋਂ ਬਿਰਾਟਨਗਰ ਦੇ ਨੇੜੇ ਮੋਰਾਂਗ ਜ਼ਿਲ੍ਹੇ ਵਿਚ ਨਿਪਾਲ ਕਸਟਮਜ਼ ਯਾਰਡ ਕਾਰਗੋ ਸਟੇਸ਼ਨ ਤੱਕ ਸਾਮਾਨ ਦੀ ਸਿੱਧੀ ਰੇਲ ਆਵਾਜਾਈ ਨੂੰ ਸਮਰੱਥ ਬਣਾਏਗਾ।
;
;
;
;
;
;
;
;