ਬਠਿੰਡਾ ਅਦਾਲਤ ਵਲੋਂ ਕੰਗਣਾ ਰਣੌਤ ਖ਼ਿਲਾਫ਼ ਦੋਸ਼ ਤੈਅ
ਬਠਿੰਡਾ, 24 ਨਵੰਬਰ (ਸੱਤਪਾਲ ਸਿੰਘ ਸਿਵੀਆਂ) - ਕਿਸਾਨ ਔਰਤਾਂ ਖਿਲਾਫ਼ ਟਿਪਣੀ ਕਰਨ ਤਹਿਤ ਮਾਣਹਾਨੀ ਕੇਸ ਦਾ ਸਾਹਮਣਾ ਕਰ ਰਹੀ ਫ਼ਿਲਮੀ ਅਦਾਕਾਰ ਅਤੇ ਭਾਜਪਾ ਸੰਸਦ ਮੈਂਬਰ ਕੰਗਣਾ ਰਣੌਤ ਦੇ ਖਿਲਾਫ ਬਠਿੰਡਾ ਅਦਾਲਤ ਨੇ ਦੋਸ਼ ਤੈਅ ਕਰ ਦਿੱਤੇ ਹਨ, ਜਿਸ ਤਹਿਤ ਉਸ ਖ਼ਿਲਾਫ਼ ਦਰਜ ਮਾਣਹਾਨੀ ਦਾ ਕੇਸ ਅੱਗੇ ਚੱਲੇਗਾ। ਜਦਕਿ ਇਸ ਮੁਕੱਦਮੇ ਵਿਚ ਨਿੱਜੀ ਪੇਸ਼ੀ ਤੋਂ ਛੋਟ ਲੈਣ ਲਈ ਦਾਖ਼ਲ ਉਸ ਦੀ ਅਰਜ਼ੀ ਉੱਪਰ ਅਦਾਲਤ ਨੇ ਕੋਈ ਫ਼ੈਸਲਾ ਨਹੀਂ ਦਿੱਤਾ ਤੇ ਅਗਲੀ ਸੁਣਵਾਈ 4 ਦਸੰਬਰ 2025 ਰੱਖੀ ਗਈ ਹੈ। ਇਹ ਜਾਣਕਾਰੀ ਵਿਰੋਧੀ ਧਿਰ ਦੇ ਵਕੀਲ ਰਘਵੀਰ ਸਿੰਘ ਬਹਿਣੀਵਾਲ ਨੇ ਅੱਜ ਇਸ ਮਾਮਲੇ ਦੀ ਸੁਣਵਾਈ ਉਪਰੰਤ 'ਅਜੀਤ' ਨਾਲ ਗੱਲਬਾਤ ਕਰਦਿਆਂ ਦਿੱਤੀ। ਜ਼ਿਕਰਯੋਗ ਹੈ ਕਿ ਕਿਸਾਨੀ ਅੰਦੋਲਨ ਮੌਕੇ ਕਿਸਾਨ ਔਰਤਾਂ ਖ਼ਿਲਾਫ਼ ਇਤਰਾਜ਼ਯੋਗ ਟਿਪਣੀ ਕਰਨ ਨੂੰ ਲੈ ਕੇ ਬਠਿੰਡਾ ਦੇ ਪਿੰਡ ਬਹਾਦਰਗੜ੍ਹ ਜੰਡੀਆਂ ਦੀ ਬਜੁਰਗ ਮਾਤਾ ਮਹਿੰਦਰ ਕੌਰ ਵਲੋਂ ਕੰਗਣਾ ਖ਼ਿਲਾਫ਼ ਬਠਿੰਡਾ ਅਦਾਲਤ ਵਿਚ ਮਾਣਹਾਨੀ ਦਾ ਕੇਸ ਦਰਜ ਕਰਵਾਇਆ ਗਿਆ ਹੈ, ਜਿਸ ਵਿਚ ਕੰਗਣਾ ਪਿਛਲੇ ਮਹੀਨੇ 27 ਅਕਤੂਬਰ ਨੂੰ ਨਿੱਜੀ ਪੇਸ਼ੀ ਵੀ ਭੁਗਤ ਚੁੱਕੀ ਹੈ।
;
;
;
;
;
;
;