ਮਹਿਲਾ ਨੂੰ ਇਨਸਾਫ ਦਿਵਾਉਣ ਲਈ ਕੌਮਾਂਤਰੀ ਅਟਾਰੀ-ਵਾਹਗਾ ਹਾਈਵੇਅ ਕੀਤਾ ਜਾਮ
ਅਟਾਰੀ, 25 ਨਵੰਬਰ (ਗੁਰਦੀਪ ਸਿੰਘ ਅਟਾਰੀ /ਰਾਜਿੰਦਰ ਸਿੰਘ ਰੂਬੀ)- ਜਿਲ੍ਹਾ ਅੰਮ੍ਰਿਤਸਰ ਦਿਹਾਤੀ ਅਧੀਨ ਆਉਂਦੇ ਪਿੰਡ ਖਾਪੜਖੇੜੀ ਦੀ ਔਰਤ ਨੂੰ ਇਨਸਾਫ ਦਿਵਾਉਣ ਲਈ ਵਾਲਮੀਕਿ ਸਮਾਜ ਦੇ ਨੁਮਾਇੰਦਿਆਂ ਨੇ ਕੌਮਾਂਤਰੀ ਅਟਾਰੀ-ਵਾਹਗਾ ਹਾਈਵੇਅ ਜਾਮ ਕਰ ਦਿੱਤਾ। ਹਾਈਵੇਅ ਉਤੇ ਧਰਨਾ ਦੇਣ ਕਾਰਨ ਭਾਰਤ-ਪਾਕਿਸਤਾਨ ਦੋਨਾਂ ਗੁਆਂਢੀ ਦੇਸ਼ਾਂ ਦੀਆਂ ਸਰਹੱਦੀ ਫੌਜਾਂ ਦੀ ਅਟਾਰੀ-ਵਾਹਗਾ ਬਾਰਡਰ ਉਤੇ ਹੋ ਰਹੀ ਝੰਡੇ ਦੀ ਰਸਮ ਦਾ ਆਨੰਦ ਮਾਨਣ ਜਾ ਰਹੇ ਸੈਲਾਨੀਆਂ ਅਤੇ ਰਾਹਗੀਰਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ।
ਧਰਨੇ ਉਤੇ ਬੈਠੀ ਪੀੜਤ ਕਿਰਨਦੀਪ ਕੌਰ ਪਤਨੀ ਕਰਮਜੀਤ ਸਿੰਘ ਵਾਸੀ ਪਿੰਡ ਖਾਪੜਖੇੜੀ ਅਤੇ ਵਾਲਮੀਕ ਸਮਾਜ ਦੇ ਨੁਮਾਇੰਦੇ ਬਾਬਾ ਦੀਦਾਰ ਸਿੰਘ ਚੀਚਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਦੱਸਿਆ ਕਿ ਡੇਢ ਮਹੀਨਾ ਪਹਿਲਾਂ ਕਿਰਨਦੀਪ ਕੌਰ ਦੀ ਗੁਆਂਢ ਰਹਿੰਦੀ ਅਮਰਜੀਤ ਕੌਰ ਨਾਲ ਤੂੰ-ਤੂੰ ਮੈਂ-ਮੈਂ ਹੋਈ ਸੀ। ਪੀੜਿਤ ਕਿਰਨਦੀਪ ਕੌਰ ਨੇ ਕਿਹਾ ਕਿ ਉਹ ਜਦੋਂ ਗੁਆਂਢ ਰਹਿੰਦੇ ਜੋਬਨ ਸਿੰਘ ਦੀ ਮਾਤਾ ਦੇ ਘਰ ਕੰਮ ਗਈ ਤਾਂ ਰੰਜਿਸ਼ ਤਹਿਤ ਅਮਰਜੀਤ ਕੌਰ ਦਾ ਪੁੱਤਰ ਸਾਜਨ ਸਿੰਘ, ਪਿੰਡ ਦੇ ਮੈਂਬਰ ਸੰਨੀ ਸਿੰਘ ਅਤੇ ਹੋਰ ਕੁੱਝ ਵਿਅਕਤੀਆਂ ਨੇ ਉਸ ਨਾਲ ਕੁੱਟ ਮਾਰ ਕੀਤੀ ਤੇ ਉਸ ਦੇ ਕੱਪੜੇ ਵੀ ਪਾੜ ਦਿੱਤੇ।
ਬਾਬਾ ਦੀਦਾਰ ਸਿੰਘ ਚੀਚਾ ਨੇ ਗੱਲਬਾਤ ਕਰਦੇ ਦੱਸਿਆ ਕਿ ਪੁਲਿਸ ਥਾਣਾ ਘਰਿੰਡਾ ਅਧੀਨ ਆਉਂਦੀ ਪੁਲਿਸ ਚੌਂਕੀ ਖਾਸਾ ਵਿਖੇ ਦਰਖਾਸਤ ਦਿੱਤੀ ਗਈ ਅਤੇ ਉੱਚ ਅਧਿਕਾਰੀਆਂ ਨੂੰ ਵੀ ਜਾਣੂ ਕਰਵਾਇਆ ਗਿਆ ਪਰ ਦੋਸ਼ੀਆਂ ਤੇ ਕਾਰਵਾਈ ਨਹੀਂ ਹੋਈ। ਉਨ੍ਹਾਂ ਕਿਹਾ ਕਿ ਇਨਸਾਫ ਲੈਣ ਹਾਈਵੇਅ ਜਾਮ ਕੀਤਾ ਗਿਆ। ਦੂਰ ਦੁਰਾਡੇ ਇਲਾਕਿਆਂ ਵਿਚੋਂ ਰੀਟਰੀਟ ਸੈਰਾਮਨੀ ਦਾ ਆਨੰਦ ਮਾਨਣ ਆਏ ਸੈਲਾਨੀਆਂ ਨੇ ਅਟਾਰੀ ਹਾਈਵੇਅ ਬੰਦ ਦੀ ਖਬਰ ਜਦੋਂ ਪੁਲਿਸ ਅਧਿਕਾਰੀਆਂ ਅਤੇ ਬੀਐਸਐਫ ਦੇ ਅਫਸਰਾਂ ਤੱਕ ਪਹੁੰਚਾਈ ਤਾਂ ਡੀਐਸਪੀ ਅਟਾਰੀ ਯਾਦਵਿੰਦਰ ਸਿੰਘ ਭਾਰੀ ਪੁਲਿਸ ਫੋਰਸ ਨਾਲ ਘਟਨਾ ਸਥਾਨ ਉਤੇ ਪਹੁੰਚੇ। ਧਰਨਾਕਾਰੀਆਂ ਨੂੰ ਉਨ੍ਹਾਂ ਨੇ ਵਿਸ਼ਵਾਸ ਦਵਾਇਆ ਕਿ ਦੋ ਦਿਨ ਦੇ ਅੰਦਰ ਦੋਸ਼ੀਆਂ ਉਤੇ ਕਾਰਵਾਈ ਕੀਤੀ ਜਾਵੇਗੀ, ਜਿਸ ਤੋਂ ਬਾਅਦ ਧਰਨਾਕਾਰੀ ਸ਼ਾਂਤ ਹੋ ਗਏ ਅਤੇ ਧਰਨਾ ਉਠਾ ਲਿਆ ਗਿਆ। ਇਸ ਸਬੰਧੀ ਦੂਸਰੀ ਧਿਰ ਨੇ ਲੱਗੇ ਦੋਸ਼ਾਂ ਨੂੰ ਨਕਾਰਿਆ ਹੈ।
;
;
;
;
;
;
;
;
;