ਡੇਰਾਬੱਸੀ–ਅੰਬਾਲਾ ਹਾਈਵੇ 'ਤੇ ਪੁਲਿਸ ਮੁਕਾਬਲਾ: ਲਾਰੈਂਸ ਗੈਂਗ ਦੇ 4 ਸ਼ੂਟਰ ਗ੍ਰਿਫ਼ਤਾਰ, 2 ਗੋਲ਼ੀ ਲੱਗਣ ਨਾਲ ਜ਼ਖ਼ਮੀ
ਡੇਰਾਬੱਸੀ, 26 ਨਵੰਬਰ (ਰਣਬੀਰ ਸਿੰਘ ਪੜ੍ਹੀ)- ਅੱਜ ਦੁਪਹਿਰ ਡੇਰਾਬੱਸੀ–ਅੰਬਾਲਾ ਹਾਈਵੇ ‘ਤੇ ਸਟੀਲ ਸਟ੍ਰਿਪ ਟਾਵਰਜ਼ ਦੇ ਨੇੜੇ ਪੁਲਿਸ ਅਤੇ ਲਾਰੈਂਸ ਬਿਸ਼ਨੋਈ ਗੈਂਗ ਦੇ ਸ਼ੂਟਰਾਂ ਵਿਚ ਹੋਏ ਮੁਕਾਬਲੇ ‘ਚ ਵੱਡੀ ਸਫਲਤਾ ਹਾਸਿਲ ਕਰਦਿਆਂ ਪੁਲਿਸ ਨੇ ਗੈਂਗ ਨਾਲ ਸੰਬੰਧਤ ਚਾਰ ਸ਼ੂਟਰਾਂ/ਆਪਰੇਟਿਵਜ਼ ਨੂੰ ਕਾਬੂ ਕਰ ਲਿਆ ਹੈ, ਜਦਕਿ ਮੁਕਾਬਲੇ ਦੌਰਾਨ ਦੋ ਸ਼ੂਟਰ ਗੋਲ਼ੀ ਲੱਗਣ ਕਾਰਨ ਜ਼ਖ਼ਮੀ ਹੋਏ ਹਨ।
ਮਿਲੀ ਜਾਣਕਾਰੀ ਮੁਤਾਬਕ, ਪੁਲਿਸ ਨੂੰ ਖੁਫੀਆ ਸੂਚਨਾ ਮਿਲੀ ਸੀ ਕਿ ਲਾਰੈਂਸ ਗੈਂਗ ਦੇ ਕੁਝ ਮੈਂਬਰ ਹਾਈਵੇ ‘ਤੇ ਕਿਸੇ ਵੱਡੀ ਸਾਜ਼ਿਸ਼ ਨੂੰ ਅੰਜਾਮ ਦੇਣ ਦੀ ਫਿਰਾਕ ‘ਚ ਹਨ। ਇਸ ‘ਤੇ ਪੁਲਿਸ ਪਾਰਟੀ ਨੇ ਨਾਕਾਬੰਦੀ ਕੀਤੀ। ਵਾਹਨ ਨੂੰ ਰੋਕਣ ‘ਤੇ ਸ਼ੂਟਰਾਂ ਵੱਲੋਂ ਪੁਲਿਸ ‘ਤੇ ਗੋਲ਼ੀਆਂ ਚਲਾਈਆਂ ਗਈਆਂ, ਜਿਸ ਤੋਂ ਬਾਅਦ ਪੁਲਿਸ ਨੇ ਵੀ ਆਪਣੀ ਸੁਰੱਖਿਆ ਲਈ ਗੋਲ਼ੀਆਂ ਚਲਾਈਆਂ। ਪੁਲਿਸ ਮੁਕਾਬਲੇ ਤੋਂ ਬਾਅਦ ਮੁਕਾਬਲੇ ਵਾਲੀ ਥਾਂ ਤੋਂ ਹਥਿਆਰਾਂ ਦੀ ਵੱਡੀ ਖੇਪ ਬਰਾਮਦ ਕੀਤੀ ਗਈ ਹੈ, ਜਿਸ ਵਿਚ ਪਿਸਤੌਲ, ਮੈਗਜ਼ੀਨ, ਤਿੱਖੇ ਹਥਿਆਰ ਅਤੇ ਵੱਡੀ ਗਿਣਤੀ ਵਿਚ ਕਾਰਤੂਸ ਸ਼ਾਮਲ ਹਨ।
ਡੀ.ਐੱਸ.ਪੀ. ਬਰਾੜ ਨੇ ਦੱਸਿਆ ਕਿ ਜ਼ਖ਼ਮੀ ਦੋ ਸ਼ੂਟਰਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ, ਜਦਕਿ ਬਾਕੀ ਦੋ ਨੂੰ ਪੁਲਿਸ ਹਿਰਾਸਤ ਵਿਚ ਲਿਆ ਗਿਆ ਹੈ। ਮਾਮਲੇ ਦੀ ਗੰਭੀਰਤਾ ਨੂੰ ਵੇਖਦੇ ਹੋਏ ਐਸ.ਐਸ.ਪੀ. ਸਾਹਿਬ ਵੀ ਮੌਕੇ ‘ਤੇ ਪਹੁੰਚ ਰਹੇ ਹਨ।
;
;
;
;
;
;
;