2 ਖਿਡਾਰੀਆਂ ਦੀ ਮੌਤ ਲਈ ਸਰਕਾਰ ਜ਼ਿੰਮੇਵਾਰ - ਦਪਿੰਦਰ ਹੁੱਡਾ
ਕਰਨਾਲ, 27 ਨਵੰਬਰ (ਗੁਰਮੀਤ ਸਿੰਘ ਸੱਗੂ) - ਕਾਂਗਰਸ ਦੇ ਸੀਨੀਅਰ ਆਗੂ ਅਤੇ ਸੰਸਦ ਮੈਂਬਰ ਦਪਿੰਦਰ ਹੁੱਡਾ ਨੇ ਕਿਹਾ ਹੈ ਕਿ 2 ਖਿਡਾਰੀਆਂ ਦੀ ਮੌਤ ਲਈ ਭਾਜਪਾ ਸਰਕਾਰ ਜ਼ਿੰਮੇਵਾਰ ਹੈ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਨਾ ਸਿਰਫ਼ ਮ੍ਰਿਤਕ ਖਿਡਾਰੀਆਂ ਦੇ ਪਰਿਵਾਰਾਂ ਤੋਂ ਮੁਆਫ਼ੀ ਮੰਗੇ, ਬਲਕਿ ਜ਼ਿੰਮੇਵਾਰ ਲੋਕਾਂ ਖ਼ਿਲਾਫ਼ ਲਾਪਰਵਾਹੀ ਦਾ ਫ਼ੌਜਦਾਰੀ ਕੇਸ ਵੀ ਦਰਜ ਕਰੇ । ਦਪਿੰਦਰ ਹੁੱਡਾ ਨੇ ਅੱਜ ਕਈ ਪ੍ਰੋਗਰਾਮਾਂ ਵਿਚ ਹਿੱਸਾ ਲਿਆ। ਸਮਾਗਮ ਦੌਰਾਨ ਉਨ੍ਹਾਂ ਕਿਹਾ ਕਿ ਦੋਵੇਂ ਖਿਡਾਰੀ ਸੜਕ ਹਾਦਸਿਆਂ ਵਿਚ ਨਹੀਂ ਮਰੇ, ਬਲਕਿ ਸਰਕਾਰੀ ਲਾਪਰਵਾਹੀ ਦਾ ਸ਼ਿਕਾਰ ਬਣੇ। ਸਟੇਡਿਯਮਾਂ ਵਿਚ ਪ੍ਰੈਕਟਿਸ ਕਰਦੇ ਹੋਏ ਆਪਣੀ ਜਾਨ ਗੁਆ ਬੈਠੇ। ਭਾਜਪਾ ਸਰਕਾਰ ਨੂੰ 11 ਸਾਲਾਂ ਵਿਚ ਨਵੇਂ ਸਟੇਡੀਅਮ ਬਣਾਉਣਾ ਤਾਂ ਦੂਰ ਦੀ ਗੱਲ ਹੈ, ਪਰ ਪੁਰਾਣਿਆਂ ਦੀ ਮੁਰੰਮਤ ਨਾ ਕਰਨ ਲਈ ਵੀ ਖਿਡਾਰੀਆਂ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ।
ਉਨ੍ਹਾਂ ਦੋਵੇਂ ਮ੍ਰਿਤਕ ਖਿਡਾਰੀਆਂ ਹਾਰਦਿਕ ਅਤੇ ਅਮਨ ਦੇ ਪਰਿਵਾਰਾਂ ਲਈ ਇਨਸਾਫ਼ ਦੀ ਮੰਗ ਕੀਤੀ। ਉਨ੍ਹਾਂ ਮੰਗ ਰੱਖੀ ਕਿ ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਅਤੇ ਘੱਟ ਤੋਂ ਘੱਟ 1 ਕਰੋੜ ਰੁਪਏ ਦੀ ਆਰਥਿਕ ਸਹਾਇਤਾ ਪ੍ਰਦਾਨ ਕੀਤੀ ਜਾਵੇ। ਉਨ੍ਹਾਂ ਮੰਗ ਕੀਤੀ ਕਿ ਸਟੇਡੀਅਮ ਦੇ ਰਖ-ਰਖਾਓ ਲਈ ਐਮ. ਪੀ. ਫੰਡ ਤੋਂ ਉਨ੍ਹਾਂ ਵਲੋਂ ਦਿੱਤੇ ਗਏ 18.5 ਲੱਖ ਰੁਪਏ ਦੀ ਵਰਤੋਂ ਨਾ ਕਰਨ ਦੇ ਜ਼ਿੰਮੇਵਾਰ ਅਧਿਕਾਰੀਆਂ ਦੇ ਖ਼ਿਲਾਫ਼ ਫ਼ੌਜਦਾਰੀ ਲਾਪਰਵਾਹੀ ਦੇ ਕੇਸ ਦਰਜ ਕੀਤੇ ਜਾਣ ਅਤੇ ਸਖ਼ਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਕਾਂਗਰਸ ਦੀ ਹੁੱਡਾ ਸਰਕਾਰ ਵਲੋਂ ਬਣਾਏ ਗਏ 481 ਖੇਡ ਮੈਦਾਨਾਂ ਦੇ ਰਖ-ਰਖਾਅ ਲਈ ਲੋੜੀਂਦੀ ਰਕਮ ਜਾਰੀ ਕੀਤੀ ਜਾਵੇ।
;
;
;
;
;
;
;
;
;