ਹਾਦਸੇ ਦੌਰਾਨ ਨਿਊ ਚੰਡੀਗੜ੍ਹ ਮੁੱਖ ਮਾਰਗ 'ਤੇ ਲੱਗਾ ਭਾਰੀ ਜਾਮ, ਅਕਾਲੀ ਆਗੂ ਪੁਲਿਸ ਦੀ ਢਿੱਲ ਮੱਠ ਖਿਲਾਫ ਧਰਨੇ 'ਤੇ ਬੈਠੇ
ਮੁੱਲਾਂਪੁਰ ਗਰੀਬਦਾਸ, 1 ਦਸੰਬਰ (ਦਿਲਬਰ ਸਿੰਘ ਖੈਰਪੁਰ) - ਅੱਜ ਕੁਰਾਲੀ - ਨਿਊ ਚੰਡੀਗੜ੍ਹ ਮਾਰਗ 'ਤੇ ਬਲਾਕ ਮਾਜਰੀ ਚੌਂਕ ਵਿਚ ਲੋਕਾਂ ਨੂੰ ਘੰਟਿਆਂਬੱਧੀ ਲੰਮੇ ਜਾਮ ਦਾ ਸਾਹਮਣਾ ਕਰਨ ਲਈ ਮਜਬੂਰ ਹੋਣਾ ਪਿਆ। ਖ਼ਬਰ ਲਿਖੇ ਜਾਣ ਤੱਕ ਤਿੰਨ ਘੰਟੇ ਤੋਂ ਵੱਧ ਸਮੇਂ ਤੋਂ ਲੋਕ ਜਾਮ ਦੇ ਵਿਚ ਫਸੇ ਹੋਏ ਹਨ।
ਮੌਕੇ ਤੋਂ ਇਕੱਤਰ ਜਾਣਕਾਰੀ ਅਨੁਸਾਰ ਇਹ ਜਾਮ ਇੱਕ ਭਾਜਪਾ ਆਗੂ ਅਤੇ ਇੱਕ ਸਮਾਜ ਸੇਵੀ ਦੇ ਮਮੂਲੀ ਤਕਰਾਰ ਹੋਣ ਦਾ ਕਾਰਨ ਦੱਸਿਆ ਜਾ ਰਿਹਾ ਹੈ। ਕਮਲਦੀਪ ਸੈਣੀ ਭਾਜਪਾ ਆਗੂ ਅਤੇ ਪੁਸ਼ਪਿੰਦਰ ਸਿੰਘ ਕਾਕਾ ਵਿਚਕਾਰ ਸੜਕ ਹਾਦਸੇ ਦੌਰਾਨ ਮਾਮੂਲੀ ਤਕਰਾਰ ਦੇ ਚੱਲਦਿਆਂ ਮਾਮਲਾ ਪੁਲਿਸ ਥਾਣੇ ਪਹੁੰਚ ਗਿਆ। ਮਾਮਲਾ ਕਿਸੇ ਤਣ ਪੱਤਣ ਨਾ ਲੱਗਣ ਕਾਰਨ ਪੁਲਿਸ ਨਾਲ ਨਰਾਜ਼ਗੀ ਜਤਾਉਂਦਿਆਂ ਸਮਾਜ ਸੇਵੀ ਪੁਸ਼ਵਿੰਦਰ ਕਾਕਾ ਨੇ ਆਪਣੇ ਸਮਰਥਕਾਂ ਸਮੇਤ ਵੇਖਦਿਆਂ ਹੀ ਵੇਖਦਿਆਂ ਬਲਾਕ ਚੌਂਕ ਮਾਜਰੀ ਵਿਖੇ ਵੱਡਾ ਰੋਡ ਜਾਮ ਕਰ ਦਿੱਤਾ ਅਤੇ ਪੁਲਿਸ ਪ੍ਰਸ਼ਾਸਨ ਖਿਲਾਫ ਨਾਅਰੇਬਾਜੀ ਕੀਤੀ।
ਇਸੇ ਦੌਰਾਨ ਇਸ ਵਧ ਰਹੇ ਤਣਾਅ ਦੀ ਖ਼ਬਰ ਮਿਲਦਿਆਂ ਅਕਾਲੀ ਦਲ ਦੇ ਸੀਨੀਅਰ ਯੂਥ ਆਗੂ ਰਵਿੰਦਰ ਸਿੰਘ ਖੇੜਾ ਤੁਰੰਤ ਮੌਕੇ ਤੇ ਪੁਜ ਗਏ। ਯੂਥ ਅਕਾਲੀ ਆਗੂ ਰਵਿੰਦਰ ਸਿੰਘ ਖੇੜਾ ਨੇ ਆਪਣੇ ਵੱਡੀ ਗਿਣਤੀ ਵਰਕਰਾਂ ਨਾਲ ਮੁੱਖ ਮਾਰਗ ਵਿਚਕਾਰ ਪੁਲਿਸ ਦੀ ਢਿਲ ਮੱਠ ਖਿਲਾਫ ਧਰਨਾ ਲਾ ਦਿੱਤਾ। ਫਿਲਹਾਲ ਸਮਾਜ ਸੇਵੀ ਵੱਲੋਂ ਪੁਸ਼ਵਿੰਦਰ ਕਾਕਾ ਤੇ ਹੋਰਨਾਂ ਨੇ ਪੁਲਿਸ 'ਤੇ ਇਲਜ਼ਾਮ ਲਗਾਇਆ ਕਿ ਉਨ੍ਹਾਂ ਵੱਲੋਂ ਭਾਜਪਾ ਆਗੂ ਜਿਸਨੇ ਹਾਦਸੇ ਮੌਕੇ ਭੱਦੀ ਸ਼ਬਦਾਬਲੀ ਦੀ ਵਰਤੋਂ ਕੀਤੀ, ਨੂੰ ਜਾਣ ਬੁੱਝ ਕੇ ਥਾਣੇ ਵਿਚੋਂ ਭੇਜਿਆ ਗਿਆ ਅਤੇ ਉਲਟਾ ਸਾਨੂੰ ਹੀ ਹਿਰਾਸਤ ਵਿਚ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤਕਰੀਬਨ ਤਿੰਨ ਘੰਟੇ ਇਸ ਲੰਮੇ ਜਾਮ ਵਿਚ ਪੁਲਿਸ ਪ੍ਰਸ਼ਾਸਨ ਧਰਨਾਕਾਰੀਆਂ ਨੂੰ ਸ਼ਾਂਤ ਕਰਨ ਦੀਆਂ ਕੋਸ਼ਿਸ਼ਾਂ ਕਰਦਾ ਨਜ਼ਰ ਆਇਆ, ਪਰ ਧਰਨਾਕਾਰੀ ਇਨਸਾਫ਼ ਮਿਲਣ ਤਕ ਜਾਮ ਨਾ ਖੋਲਣ ਲਈ ਬਜ਼ਿਦ ਨਜ਼ਰ ਆਏ। ਖਬਰ ਲਿਖੇ ਜਾਣ ਤੱਕ ਜਾਮ ਬਰਕਰਾਰ ਸੀ।
;
;
;
;
;
;
;
;