ਚੰਡੀਗੜ੍ਹ ਮੇਅਰ ਚੋਣ:ਕਾਂਗਰਸ ਦਾਖ਼ਲ ਕਰੇਗੀ ਮੇਅਰ ਸਮੇਤ ਤਿੰਨਾਂ ਸੀਟਾਂ ’ਤੇ ਨਾਮਜ਼ਦਗੀ ਪੱਤਰ
ਚੰਡੀਗੜ੍ਹ, 22 ਜਨਵਰੀ (ਸੰਦੀਪ ਕੁਮਾਰ ਮਾਹਨਾ) – ਚੰਡੀਗੜ੍ਹ ਮੇਅਰ ਚੋਣਾਂ ਨੂੰ ਲੈ ਕੇ ਸਿਆਸੀ ਤਸਵੀਰ ਦਿਨੋਂ-ਦਿਨ ਹੋਰ ਦਿਲਚਸਪ ਹੁੰਦੀ ਜਾ ਰਹੀ ਹੈ। ਆਮ ਆਦਮੀ ਪਾਰਟੀ ਨੂੰ ਸਮਰਥਨ ਦੇ ਮੁੱਦੇ ’ਤੇ ਕਾਂਗਰਸ ਨੇ ਅੱਜ ਆਪਣਾ ਰੁਖ ਸਪੱਸ਼ਟ ਕਰ ਦਿੱਤਾ ਹੈ। ਸੂਬਾ ਕਾਂਗਰਸ ਪ੍ਰਧਾਨ ਐਚ.ਐਸ. ਲੱਕੀ ਦੀ ਅਗਵਾਈ ਹੇਠ ਹੋਈ ਪਾਰਟੀ ਕੋਂਸਲਰਾਂ ਦੀ ਮੀਟਿੰਗ ਵਿਚ ਫੈਸਲਾ ਕੀਤਾ ਗਿਆ ਹੈ ਕਿ ਕਾਂਗਰਸ ਇਸ ਵਾਰ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਤਿੰਨਾਂ ਹੀ ਅਹੁਦਿਆਂ ਲਈ ਆਪਣੇ ਉਮੀਦਵਾਰ ਮੈਦਾਨ 'ਚ ਉਤਾਰੇਗੀ।
ਫੈਸਲੇ ਅਨੁਸਾਰ ਮੇਅਰ ਅਹੁਦੇ ਲਈ ਗੁਰਪ੍ਰੀਤ ਸਿੰਘ ਗਾਬੀ, ਸੀਨੀਅਰ ਡਿਪਟੀ ਮੇਅਰ ਲਈ ਸਚਿਨ ਗਾਲਵ ਅਤੇ ਡਿਪਟੀ ਮੇਅਰ ਲਈ ਨਿਰਮਲਾ ਦੇਵੀ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕਰਨਗੇ। ਇਸ ਨਾਲ ਹੀ ਕਾਂਗਰਸ ਅਤੇ ਆਮ ਆਦਮੀ ਪਾਰਟੀ ਵਿਚਕਾਰ ਸੰਭਾਵਿਤ ਗਠਜੋੜ ’ਤੇ ਸ਼ਸ਼ੋਪੰਜ ਅਜੇ ਵੀ ਬਰਕਰਾਰ ਹੈ, ਕਿਉਂਕਿ ਦੋਵਾਂ ਪਾਰਟੀਆਂ ਦੇ ਸੀਨੀਅਰ ਨੇਤਾਵਾਂ ਦੀ ਮੀਟਿੰਗ ਚੱਲ ਰਹੀ ਹੈ।
ਦੂਜੇ ਪਾਸੇ ਆਮ ਆਦਮੀ ਪਾਰਟੀ ਨੇ ਵੀ ਮੇਅਰ ਚੋਣ ਇਕੱਲੇ ਲੜਨ ਦਾ ਐਲਾਨ ਕਰ ਦਿੱਤਾ ਹੈ। ਆਪ ਦੇ ਚੰਡੀਗੜ੍ਹ ਇੰਚਾਰਜ ਜਰਨੈਲ ਸਿੰਘ ਨੇ ਟਵੀਟ ਕਰਕੇ ਸਾਫ਼ ਕੀਤਾ ਕਿ ਪਾਰਟੀ ਆਪਣੇ ਉਮੀਦਵਾਰ ਮੈਦਾਨ ਵਿਚ ਉਤਾਰੇਗੀ। ਹਾਲਾਂਕਿ ਸਿਆਸੀ ਹਲਕਿਆਂ ਵਿਚ ਇਹ ਚਰਚਾ ਵੀ ਜਾਰੀ ਹੈ ਕਿ 29 ਜਨਵਰੀ ਨੂੰ ਹੋਣ ਵਾਲੀ ਵੋਟਿੰਗ ਤੱਕ ਸਿਆਸੀ ਗਿਣਤੀਆਂ 'ਚ ਬਦਲਾਅ ਆ ਸਕਦਾ ਹੈ।
ਇਸ ਦੌਰਾਨ ਭਾਜਪਾ ਵੀ ਪੂਰੀ ਤਰ੍ਹਾਂ ਚੋਣੀ ਮੋਡ ਵਿਚ ਨਜ਼ਰ ਆ ਰਹੀ ਹੈ। ਦਿੱਲੀ ਤੋਂ ਪਾਰਟੀ ਦੇ ਰਾਸ਼ਟਰੀ ਜਨਰਲ ਸਕੱਤਰ ਵਿਨੋਦ ਤਾਵੜੇ ਬੀਤੇ ਕੱਲ੍ਹ ਤੋਂ ਚੰਡੀਗੜ੍ਹ ਪਹੁੰਚੇ ਹੋਏ ਹਨ, ਜੋ ਦੁਪਹਿਰ 2 ਵਜੇ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਲਈ ਭਾਜਪਾ ਉਮੀਦਵਾਰਾਂ ਸੰਬੰਧੀ ਪੱਤੇ ਖੋਲ੍ਹਣਗੇ। ਪਾਰਟੀ ਆਗੂਆਂ ਨੂੰ 2 ਵਜੇ ਨਗਰ ਨਿਗਮ ਦਫ਼ਤਰ ਪਹੁੰਚਣ ਦੇ ਨਿਰਦੇਸ਼ ਦਿੱਤੇ ਗਏ ਹਨ।
ਸੂਤਰਾਂ ਅਨੁਸਾਰ ਭਾਜਪਾ 3 ਮਜ਼ਬੂਤ ਦਾਵੇਦਾਰਾਂ ਕੰਵਰਜੀਤ ਸਿੰਘ ਰਾਣਾ, ਮਹੇਸ਼ਇੰਦਰ ਸਿੰਘ ਸਿੱਧੂ ਅਤੇ ਸੌਰਭ ਜੋਸ਼ੀ ਦੇ ਨਾਮਾਂ ’ਤੇ ਗੰਭੀਰ ਵਿਚਾਰ ਕਰ ਰਹੀ ਹੈ। ਕਾਂਗਰਸ ਅਤੇ ਆਮ ਆਦਮੀਂ ਪਾਰਟੀ ਦੋਵਾਂ ਵਲੋਂ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਤਿੰਨੋ ਅਹੁਦਿਆਂ ਲਈ ਉਮੀਦਵਾਰਾਂ ਦੇ ਐਲਾਨ ਦੇ ਨਾਲ ਭਾਜਪਾ ਦੀ ਜਿੱਤ ਦਾ ਰਾਹ ਲੱਗਭਗ ਸਾਫ ਹੋ ਗਿਆ ਹੈ।
ਕੁੱਲ ਮਿਲਾ ਕੇ ਇਸ ਵਾਰ ਦੀ ਚੰਡੀਗੜ੍ਹ ਮੇਅਰ ਚੋਣ ਨੂੰ ਲੈ ਕੇ ਤਿੰਨਾਂ ਮੁੱਖ ਪਾਰਟੀਆਂ ਦੀ ਰਣਨੀਤੀ ਸਾਹਮਣੇ ਆ ਚੁੱਕੀ ਹੈ, ਪਰ ਅੰਤਿਮ ਨਤੀਜੇ ਤੋਂ ਪਹਿਲਾਂ ਸਿਆਸੀ ਸਮੀਕਰਨਾਂ 'ਚ ਉਲਟਫੇਰ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
;
;
;
;
;
;
;