ਸਾਹਿਬ-ਏ-ਕਮਾਲ ਦਸ਼ਮੇਸ਼ ਪਾਤਸ਼ਾਹ ਦੇ ਵਿਆਹ ਪੁਰਬ ਮੌਕੇ ਵਿਸ਼ਾਲ ਨਗਰ ਕੀਰਤਨ ਗੁਰਦੁਆਰਾ ਗੁਰੂ ਕੇ ਮਹਿਲ ਭੋਰਾ ਸਾਹਿਬ ਤੋਂ ਰਵਾਨਾ
ਸ੍ਰੀ ਅਨੰਦਪੁਰ ਸਾਹਿਬ, 22 ਜਨਵਰੀ (ਜੇ. ਐਸ. ਨਿੱਕੂਵਾਲ)- ਸਾਹਿਬ ਏ ਕਮਾਲ ਦਸ਼ਮੇਸ਼ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਵਿਆਹ ਪੁਰਬ ਨੂੰ ਲੈ ਕੇ ਇਕ ਵਿਸ਼ਾਲ ਨਗਰ ਕੀਰਤਨ ਗੁਰਦੁਆਰਾ ਗੁਰੂ ਕੇ ਮਹਿਲ ਭੋਰਾ ਸਾਹਿਬ ਤੋਂ ਜੈਕਾਰਿਆਂ ਦੀ ਗੂੰਜ ਨਾਲ ਜੁਗੋ ਜੁਗ ਅਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਰਵਾਨਾ ਹੋ ਗਿਆ। ਸਾਰਿਆਂ ਤੋਂ ਪਹਿਲਾਂ ਗੁਰਦੁਆਰਾ ਗੁਰੂ ਕੇ ਮਹਿਲ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਉਪਰੰਤ ਗੁਰਮਤਿ ਸਮਾਗਮ ਤੋਂ ਬਾਅਦ ਫੁੱਲਾਂ ਦੀ ਵਰਖਾ ਨਾਲ ਨਗਰ ਕੀਰਤਨ ਸ਼ੁਰੂ ਹੋਇਆ।
ਇਸ ਨਗਰ ਕੀਰਤਨ ਦੀ ਆਰੰਭਤਾ ਦੀ ਅਰਦਾਸ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਜੋਗਿੰਦਰ ਸਿੰਘ ਵਲੋਂ ਕੀਤੀ ਗਈ ਜਦੋਂ ਕਿ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਕੁਲਵੰਤ ਸਿੰਘ ਮੰਨਣ, ਸ਼੍ਰੋਮਣੀ ਕਮੇਟੀ ਦੇ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ, ਸ਼੍ਰੋਮਣੀ ਕਮੇਟੀ ਦੀ ਅੰਤਰਿੰਗ ਕਮੇਟੀ ਦੇ ਮੈਂਬਰ ਦਲਜੀਤ ਸਿੰਘ ਭਿੰਡਰ ਆਦਿ ਦੱਸਿਆ ਕਿ ਇਹ ਨਗਰ ਕੀਰਤਨ ਗੁਰਦੁਆਰਾ ਗੁਰੂ ਕਾ ਲਾਹੌਰ ਬਸੀ ਜ਼ਿਲ੍ਹਾ ਬਿਲਾਸਪੁਰ ਵਿਖੇ ਜਾ ਕੇ ਸਮਾਪਤ ਹੋਵੇਗਾ ਅਤੇ ਬਸੰਤ ਪੰਚਮੀ ਵਾਲੇ ਦਿਨ ਉਥੇ ਗੁਰਮਤਿ ਸਮਾਗਮ ਹੋਣਗੇ। ਗੁਰਦੁਆਰਾ ਗੁਰੂ ਕੇ ਮਹਿਲ ਵਿਖੇ ਦੋ ਦਿਨ ਤੋਂ ਗੁਰਦੁਆਰਾ ਹੈਡ ਦਰਬਾਰ ਕੋਟ ਪੁਰਾਣ ਰੂਪਨਗਰ ਦੀ ਸੰਗਤ ਵਲੋਂ ਦੇਸੀ ਘਿਓ ਦੀ ਮਠਿਆਈਆਂ ਦੇ ਲੰਗਰ ਲਗਾਏ ਗਏ ਸਨ।
ਇਸ ਮੌਕੇ ਕਾਰ ਸੇਵਾ ਕਿਲਾ ਅਨੰਦਗੜ੍ਹ ਸਾਹਿਬ ਦੇ ਮੁਖੀ ਬਾਬਾ ਸਤਨਾਮ ਸਿੰਘ, ਬਾਬਾ ਅਵਤਾਰ ਸਿੰਘ ਟਿੱਬੀ ਸਾਹਿਬ, ਇੰਦਰਜੀਤ ਸਿੰਘ ਅਰੋੜਾ ਮਨਜਿੰਦਰ ਸਿੰਘ ਬਰਾੜ ਜਸਬੀਰ ਸਿੰਘ ਅਰੋੜਾ, ਠੇਕੇਦਾਰ ਗੁਰਨਾਮ ਸਿੰਘ, ਬੀਬੀ ਹਰਜਿੰਦਰ ਕੌਰ ਸਾਬਕਾ ਮੇਅਰ ਸਮੇਤ ਵੱਡੀ ਗਿਣਤੀ ਵਿਚ ਇਲਾਕੇ ਦੀ ਸੰਗਤ ਮੌਜੂਦ ਸੀ।
;
;
;
;
;
;
;