ਜੇਠ ਦੇ ਪੁੱਤਰਾਂ ਤੇ ਨੂੰਹ ਵਲੋਂ ਕੁੱਟਮਾਰ ਕਰਨ ’ਤੇ ਵਿਧਵਾ ਦੀ ਮੌਤ
ਭਵਾਨੀਗੜ੍ਹ, 24 ਜਨਵਰੀ (ਰਣਧੀਰ ਸਿੰਘ ਫੱਗੂਵਾਲਾ)-ਪਿੰਡ ਬਾਲਦ ਕਲਾਂ ਵਿਖੇ ਇਕ ਵਿਧਵਾ ਔਰਤ ਦੀ ਉਸ ਦੇ ਜੇਠ ਦੇ ਲੜਕਿਆਂ ਅਤੇ ਨੂੰਹ ਵਲੋਂ ਕੁੱਟਮਾਰ ਕਰਕੇ ਬੁਰੀ ਤਰ੍ਹਾਂ ਜ਼ਖ਼ਮੀ ਕਰ ਦੇਣ ’ਤੇ ਇਲਾਜ ਦੌਰਾਨ ਔਰਤ ਦੀ ਮੌਤ ਹੋ ਜਾਣ ’ਤੇ ਪੁਲਿਸ ਵਲੋਂ ਇਕ ਔਰਤ ਸਮੇਤ 4 ’ਤੇ ਮਾਮਲਾ ਦਰਜ ਕਰਕੇ 2 ਨੂੰ ਗ੍ਰਿਫ਼ਤਾਰ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਇੰਸਪੈਕਟਰ ਮਾਲਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਮਨਜੀਤ ਕੌਰ ਦੇ ਪੁੱਤਰ ਗੁਰਧਿਆਨ ਸਿੰਘ ਪੁੱਤਰ ਜਰਨੈਲ ਸਿੰਘ ਨੇ ਪੁਲਿਸ ਨੂੰ ਬਿਆਨ ਦਰਜ ਕਰਾਉਂਦਿਆਂ ਦੱਸਿਆ ਕਿ ਉਸ ਦੇ ਪਿਤਾ ਦੀ ਕੁਝ ਸਾਲ ਪਹਿਲਾਂ ਮੌਤ ਹੋ ਗਈ ਸੀ। ਉਨ੍ਹਾਂ ਦੇ ਗੁਆਂਢੀ (ਪਿੰਡ ਵਾਸੀਆਂ ਅਨੁਸਾਰ ਤਾਏ ਦਾ ਲੜਕਾ) ਗੁਰਚੇਤ ਸਿੰਘ ਸਾਡੇ ਘਰ ਅੱਗੇ ਆ ਕੇ ਗਾਲੀ ਗਲੋਚ ਕਰਨ ਲੱਗਿਆ, ਜਿਸ ਨੂੰ ਰੋਕਣ ਲਈ ਮੇਰੀ ਮਾਤਾ ਮਨਜੀਤ ਕੌਰ ਆਈ ਤਾਂ ਉਸ ਦੀ ਭਰਜਾਈ ਰੀਨਾ ਕੌਰ, ਉਸ ਦੇ ਪਤੀ ਬਲਵਿੰਦਰ ਸਿੰਘ ਅਤੇ ਦਿਊਰ ਮੱਘਰ ਸਿੰਘ ਨੇ ਮੇਰੀ ਮਾਤਾ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ, ਜਿਸ ਦੌਰਾਨ ਮੇਰੀ ਭੈਣ ਪਰਦੀਪ ਕੌਰ ਨੇ ਰੌਲਾ ਪਾ ਕੇ ਲੋਕਾਂ ਨੂੰ ਇਕੱਠੇ ਕੀਤਾ ਤਾਂ ਉਹ ਮੌਕੇ ਤੋਂ ਚਲੇ ਗਏ।
ਉਨ੍ਹਾਂ ਪੁਲਿਸ ਨੂੰ ਦੱਸਿਆ ਕਿ ਮੇਰੀ ਭੈਣ ਨੇ ਪਿੰਡ ਦੇ ਇਕ ਵਿਅਕਤੀ ਨੂੰ ਬੁਲਾ ਕੇ ਜਖ਼ਮੀ ਹਾਲਤ ਵਿਚ ਮੇਰੀ ਮਾਤਾ ਨੂੰ ਭਵਾਨੀਗੜ੍ਹ ਹਸਪਤਾਲ ਲਿਆਂਦਾ, ਜਿਥੋਂ ਡਾਕਟਰਾਂ ਉਸ ਦੀ ਗੰਭੀਰ ਹਾਲਤ ਨੂੰ ਦੇਖ਼ਦਿਆਂ ਪਟਿਆਲਾ ਭੇਜ ਦਿੱਤਾ, ਜਿਥੋਂ ਮਨਜੀਤ ਕੌਰ ਦੀ ਹਾਲਤ ਨਾਜੁਕ ਦੇਖ਼ਦਿਆਂ ਉਸ ਨੂੰ ਪੀ.ਜੀ.ਆਈ ਚੰਡੀਗੜ੍ਹ ਭੇਜ ਦਿੱਤਾ। ਥਾਣਾ ਮੁਖੀ ਨੇ ਦੱਸਿਆ ਕਿ ਪੁਲਿਸ ਵਲੋਂ ਗੁਰਧਿਆਨ ਸਿੰਘ ਦੇ ਬਿਆਨਾਂ ’ਤੇ ਮਾਮਲਾ ਦਰਜ ਕਰ ਲਿਆ, ਪਰ ਲੰਘੀ ਰਾਤ ਗੰਭੀਰ ਜ਼ਖ਼ਮੀ ਮਨਜੀਤ ਕੌਰ ਦੀ ਇਲਾਜ ਅਧੀਨ ਹਸਪਤਾਲ ’ਚ ਮੌਤ ਹੋ ਗਈ। ਜਿਸ ’ਤੇ ਪੁਲਿਸ ਨੇ ਪਹਿਲਾਂ ਦਰਜ ਮਾਮਲੇ ਦੇ ਜੁਰਮ ਵਿਚ ਵਾਧਾ ਕਰਦਿਆਂ ਗੁਰਚੇਤ ਸਿੰਘ ਅਤੇ ਬਲਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ, ਜਦੋਂਕਿ ਮੱਘਰ ਸਿੰਘ ਅਤੇ ਰੀਨਾ ਕੌਰ ਪਤਨੀ ਬਲਵਿੰਦਰ ਸਿੰਘ ਦੀ ਭਾਲ ਕੀਤੀ ਜਾ ਰਹੀ ਹੈ, ਜਿਸ ਨੂੰ ਜਲਦੀ ਕਾਬੂ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਇਹ ਵੀ ਪਤਾ ਲੱਗਿਆ ਹੈ।
;
;
;
;
;
;
;
;