ਪ੍ਰਧਾਨ ਮੰਤਰੀ ਖੁੱਲ੍ਹੇ ਦਿਲ ਨਾਲ ਪੰਜਾਬ ਪ੍ਰਤੀ ਸੁਹਿਰਦ - ਜਗਮੀਤ ਸਿੰਘ ਬਰਾੜ
ਸ੍ਰੀ ਮੁਕਤਸਰ ਸਾਹਿਬ, 24 ਜਨਵਰੀ (ਰਣਜੀਤ ਸਿੰਘ ਢਿੱਲੋਂ)- ਸਾਬਕਾ ਲੋਕ ਸਭਾ ਮੈਂਬਰ ਅਤੇ ਚਰਚਿਤ ਰਾਜਨੀਤਿਕ ਆਗੂ ਜਗਮੀਤ ਸਿੰਘ ਬਰਾੜ ਨੇ ਸ੍ਰੀ ਮੁਕਤਸਰ ਸਾਹਿਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖੁੱਲ੍ਹੇ ਦਿਲ ਨਾਲ ਸੁਹਿਰਦਤਾ ਅਤੇ ਸ਼ਰਧਾ ਰੱਖਦੇ ਹਨ। ਉਨ੍ਹਾਂ ਕਿਹਾ ਕਿ 70 ਸਾਲਾਂ ਦੀ ਅਰਦਾਸ ਮਗਰੋਂ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਨਾਲ ਪ੍ਰਧਾਨ ਮੰਤਰੀ ਵਲੋਂ ਕਰਤਾਰਪੁਰ ਦਾ ਲਾਂਘਾ ਖੋਲ੍ਹ ਕੇ ਵੱਡਾ ਕਦਮ ਚੁੱਕਿਆ ਗਿਆ। ਉਨ੍ਹਾਂ ਕਿਹਾ ਕਿ ਅੱਜ ਉਹ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਅਤੇ 40 ਮੁਕਤਿਆਂ ਦੀ ਪਵਿੱਤਰ ਧਰਤੀ ਸ੍ਰੀ ਮੁਕਤਸਰ ਸਾਹਿਬ ਵਿਖੇ ਅਰਦਾਸ ਅਤੇ ਕਾਮਨਾ ਕਰਨ ਆਏ ਹਾਂ ਕਿ ਆਉਣ ਵਾਲੇ ਸਮੇਂ ’ਚ ਪੰਜਾਬ ਦੀ ਬਿਹਤਰੀ ਲਈ ਕੁਝ ਕਰ ਸਕੀਏ।
ਉਨ੍ਹਾਂ ਕਿਹਾ ਕਿ ਇਸ ਸਮੇਂ ਪੰਜਾਬ ਦੀ ਆਰਥਿਕ ਦਿਸ਼ਾ ਬਹੁਤ ਵਿਗੜੀ ਹੋਈ ਹੈ। ਜਿਸ ਲਈ ਪੰਜਾਬ ਦੇ ਸਰਬਪੱਖੀ ਵਿਕਾਸ ਅਤੇ ਅਮਨ ਤੇ ਭਾਈਚਾਰਕ ਸਾਂਝ ਸਭ ਤੋਂ ਵੱਡਾ ਮੁੱਦਾ ਹੈ। ਪੰਜਾਬ ਦੇ ਵੱਖ-ਵੱਖ ਮੁੱਦਿਆਂ ਅਤੇ ਮਸਲਿਆਂ ਪ੍ਰਤੀ ਦੇਸ਼ ਦੇ ਤੇਜੱਸਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੂਰੀ ਤਰ੍ਹਾਂ ਸੁਹਿਰਦ ਹਨ। ਅਸੀਂ ਮਿਲ ਕੇ ਵੱਖ-ਵੱਖ ਮੁੱਦਿਆਂ ਤੇ ਮਸਲਿਆਂ ਦੇ ਹੱਲ ਲਈ ਯਤਨ ਕਰਾਂਗੇ। ਉਨ੍ਹਾਂ ਕਿਹਾ ਕਿ ਮੈਂ ਤੇ ਮੇਰਾ ਭਰਾ ਰਿਪਜੀਤ ਸਿੰਘ ਬਿਨਾਂ ਕਿਸੇ ਸ਼ਰਤ ਤੋਂ ਭਾਜਪਾ ’ਚ ਸ਼ਾਮਿਲ ਹੋਏ ਹਾਂ। ਉਨ੍ਹਾਂ ਕਿਹਾ ਕਿ ਰਾਜਨੀਤੀ ’ਚ ਸੇਵਾ ਕਰਦਿਆਂ ਸਭ ਦਾ ਆਪਣਾ ਮੁਕਾਮ ਹੈ ਅਤੇ ਰਾਜਨੀਤੀ ਕਰਨ ਸਮੇਂ ਸ਼ਬਦਾਂ ਦੀ ਮਰਿਆਦਾ ਦਾ ਖਿਆਲ ਰੱਖਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਅਗਲੇ ਮਹੀਨੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਪੰਜਾਬ ਆ ਰਹੇ ਹਨ। ਉਨ੍ਹਾਂ ਦਾ ਇਹ ਦੌਰਾ ਬਹੁਤ ਅਹਿਮ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲਾ ਸਮਾਂ ਪੰਜਾਬ ਤੇ ਪਾਰਟੀ ਲਈ ਅਰਪਨ ਕਰਦੇ ਹੋਏ ਸਾਰੇ ਆਗੂ ਦੇ ਵਰਕਰ ਮਿਲ ਕੇ 2027 ’ਚ ਭਾਜਪਾ ਦੀ ਸੂਬੇ ’ਚ ਸਰਕਾਰ ਲਿਆਉਣ ਲਈ ਯਤਨਸ਼ੀਲ ਹੋਵਾਂਗੇ ਤਾਂ ਜੋ ਪੰਜਾਬ ਦੇ ਰਹਿੰਦੇ ਮਸਲੇ ਹੱਲ ਕਰਵਾਏ ਜਾ ਸਕਣ। ਇਸ ਮੌਕੇ ਸਾਬਕਾ ਵਿਧਾਇਕ ਭਾਈ ਹਰਨਿਰਪਾਲ ਸਿੰਘ ਕੁੱਕੂ, ਰਾਜੇਸ਼ ਗੋਰਾ ਪਠੇਲਾ, ਗੁਰਚਰਨ ਸਿੰਘ ਸੰਧੂ ਅਤੇ ਹੋਰ ਆਗੂ ਹਾਜ਼ਰ ਸਨ।
;
;
;
;
;
;
;
;