ਸਕੂਲ ਤੋਂ ਪਰਤਦਿਆਂ 10ਵੀਂ ਦੇ ਵਿਦਿਆਰਥੀ ਦੀ ਗਰਦਨ ’ਤੇ ਫਿਰੀ ਚਾਈਨਾ ਡੋਰ, ਦਰਦਨਾਕ ਮੌਤ
ਸਮਰਾਲਾ( ਲੁਧਿਆਣਾ), 24 ਜਨਵਰੀ ( ਗੋਪਾਲ ਸੋਫਤ)- ਅੱਜ ਇੱਥੇ ਸਕੂਲੋਂ ਤੋਂ ਘਰ ਵਾਪਸ ਪਰਤ ਰਹੇ ਦਸਵੀਂ ਕਲਾਸ ਦੇ ਇਕ 15 ਸਾਲ ਦੇ ਵਿਦਿਆਰਥੀ ਦੀ ਚਾਈਨਾ ਡੋਰ ਨਾਲ ਗਰਦਨ ਕੱਟ ਹੋ ਜਾਣ ਨਾਲ ਮੌਤ ਹੋ ਗਈ। ਮ੍ਰਿਤਕ ਤਰਨਜੋਤ ਸਿੰਘ ਇਥੋਂ ਨਜ਼ਦੀਕੀ ਪਿੰਡ ਰੋਹਲੇ ਦੇ ਸਰਪੰਚ ਦਾ ਇਕਲੌਤਾ ਪੁੱਤਰ ਸੀ, ਜੋ ਆਪਣੇ ਚਚੇਰੇ ਭਰਾ ਦੇ ਮੋਟਰਸਾਈਕਲ ਦੇ ਪਿੱਛੇ ਬੈਠ ਕੇ ਸਕੂਲ ਤੋਂ ਘਰ ਪਰਤ ਰਿਹਾ ਸੀ।
ਮਿਲੀ ਜਾਣਕਾਰੀ ਅਨੁਸਾਰ ਜਿਵੇਂ ਹੀ ਇਹ ਦੋਵੇਂ ਨੌਜਵਾਨ ਲੁਧਿਆਣਾ- ਚੰਡੀਗੜ੍ਹ ਮੇਨ ਹਾਈਵੇ ’ਤੇ ਪਿੰਡ ਚਹਿਲਾਂ ਕੋਲ ਪੁੱਜੇ ਤਾਂ ਉੱਥੇ ਫਸੀ ਹੋਈ ਪਤੰਗ ਦੀ ਡੋਰ ਨੇ ਤਰਨਜੋਤ ਸਿੰਘ ਦਾ ਗਲ ਬੁਰੀ ਤਰ੍ਹਾਂ ਨਾਲ ਵੱਢ ਦਿੱਤਾ। ਡੋਰ ਨਾਲ ਤਰਨਜੋਤ ਦੀ ਧੌਣ ਵੱਡੇ ਜਾਣ ਕਾਰਨ ਉਸ ਦੀ ਕੁਝ ਦੇਰ ’ਚ ਹੀ ਮੌਤ ਹੋ ਗਈ।
ਘਟਨਾ ਤੋਂ ਬਾਅਦ ਐਸਐਚ ਓ ਸਮਰਾਲਾ ਹਰਵਿੰਦਰ ਸਿੰਘ ਵੀ ਮੌਕੇ ’ਤੇ ਪੁੱਜੇ ਅਤੇ ਉਨ੍ਹਾਂ ਵਲੋਂ ਵੀ ਦੱਸਿਆ ਗਿਆ ਕਿ ਪਤੰਗ ਦੀ ਡੋਰ ਦੀ ਚਪੇਟ ’ਚ ਆਉਣ ਕਾਰਨ ਤਰਨਜੀਤ ਸਿੰਘ ਦੀ ਮੌਤ ਹੋਈ ਹੈ। ਉਨ੍ਹਾਂ ਅਨੁਸਾਰ ਇਹ ਡੋਰ ਪਹਿਲਾਂ ਤੋਂ ਹੀ ਉੱਥੇ ਫਸੀ ਹੋਈ ਸੀ, ਨਾ ਕਿ ਇਸ ਡੋਰ ਨਾਲ ਪਤੰਗ ਉਡਾਇਆ ਜਾ ਰਿਹਾ ਸੀ। ਮ੍ਰਿਤਕ ਬੱਚੇ ਦੀ ਲਾਸ਼ ਦਾ ਪੋਸਟਮਾਰਟਮ ਲਈ ਸਿਵਲ ਹਸਪਤਾਲ ਸਮਰਾਲਾ ’ਚ ਹੋਵੇਗਾ।
ਪਿੰਡ ਹੇਡੋ ਨੇੜੇ ਅਜਿਹੀ ਹੀ ਇਕ ਘਟਨਾ ’ਚ ਨੌਜਵਾਨ ਦੀ ਉਂਗਲੀ ਚਾਈਨਾ ਡੋਰ ਨਾਲ ਵੱਡੀ ਗਈ ਹੈ। ਜਿਸ ਨੂੰ ਕਿ ਇਲਾਜ ਲਈ ਸਿਵਲ ਹਸਪਤਾਲ ਸਮਰਾਲਾ ਵਿਖੇ ਦਾਖਲ ਕਰਵਾਇਆ ਗਿਆ ਹੈ। ਜੋਨੇਵਾਲ ਨਿਵਾਸੀ ਚਰਨਜੀਤ ਗਿਰੀ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਨਾਲ ਇੱਥੇ ਵਿਆਹ ’ਚ ਸ਼ਾਮਿਲ ਹੋਣ ਆਇਆ ਸੀ। ਪਰਿਵਾਰ ਨੂੰ ਪੈਲੇਸ ’ਚ ਛੱਡ ਕੇ ਉਹ ਵਾਪਸ ਪਰਤਣ ਲਈ ਕਿਸੇ ਤੋਂ ਲਿਫਟ ਲੈ ਕੇ ਬੱਸ ਅੱਡੇ ਨੂੰ ਜਾ ਰਿਹਾ ਸੀ ਕਿ ਚਾਈਨਾ ਡੋਰ ਨੇ ਉਸ ਨੂੰ ਚਪੇਟ ’ਚ ਲੈ ਲਿਆ। ਉਸਨੇ ਹੱਥ ਨਾਲ ਡੋਰ ਪਰੇ੍ਹ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਨਾਲ ਕਿ ਉਸ ਦੀ ਉਂਗਲੀ ਵੱਢੀ ਗਈ।
;
;
;
;
;
;
;
;