JALANDHAR WEATHER

ਮੁੱਖ ਮੰਤਰੀ ਦੇ ਜੱਦੀ ਪਿੰਡ ਸਤੌਜ ਵਿਖੇ ਪਰਿਵਾਰ ਸਮੇਤ ਪੁੱਜੇ ਵਿਧਾਨ ਸਭਾ ਦੇ ਸਪੀਕਰ ਸੰਧਵਾਂ

ਧਰਮਗੜ੍ਹ (ਸੰਗਰੂਰ), 26 ਜਨਵਰੀ (ਗੁਰਜੀਤ ਸਿੰਘ ਚਹਿਲ) - ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਜੱਦੀ ਪਿੰਡ ਸਤੌਜ ਦਾ ਵਿਸ਼ੇਸ਼ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਵਲੋਂ ਮੁੱਖ ਮੰਤਰੀ ਦੀ ਮਾਤਾ ਹਰਪਾਲ ਕੌਰ ਮਾਨ ਨਾਲ ਵੀ ਸਨਮਾਨ ਸਹਿਤ ਮੁਲਾਕਾਤ ਕਰਕੇ ਉਨ੍ਹਾਂ ਦਾ ਹਾਲ ਚਾਲ ਪੁੱਛਿਆ ਅਤੇ ਇਸ ਮੁਲਾਕਾਤ ਦੌਰਾਨ ਸਪੀਕਰ ਸੰਧਵਾਂ ਅਤੇ ਮਾਤਾ ਹਰਪਾਲ ਕੌਰ ਵਿਚਕਾਰ ਪਰਿਵਾਰਕ ਅਤੇ ਸਮਾਜਿਕ ਮਸਲਿਆਂ ’ਤੇ ਖੁੱਲ੍ਹੀ ਗੱਲਬਾਤ ਹੋਈ। ਉਨ੍ਹਾਂ ਮਾਤਾ ਹਰਪਾਲ ਕੌਰ ਮਾਨ ਦੀ ਚੰਗੀ ਸਿਹਤ ਅਤੇ ਲੰਬੀ ਉਮਰ ਦੀ ਕਾਮਨਾ ਵੀ ਕੀਤੀ ।ਸਪੀਕਰ

ਸੰਧਵਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਮਿਲੀ ਸਾਦਗੀ, ਇਮਾਨਦਾਰੀ ਅਤੇ ਲੋਕਾਂ ਨਾਲ ਜੁੜੇ ਰਹਿਣ ਦੀ ਸੋਚ ਉਨ੍ਹਾਂ ਦੇ ਪਰਿਵਾਰਕ ਸੰਸਕਾਰਾਂ ਦਾ ਨਤੀਜਾ ਹੈ। ਇਸ ਮੌਕੇ ਪਿੰਡ ਸਤੌਜ ’ਚ ਖਾਸ ਉਤਸ਼ਾਹ ਦਾ ਮਾਹੌਲ ਵੇਖਣ ਨੂੰ ਮਿਲਿਆ। ਸਥਾਨਕ ਲੋਕਾਂ ਅਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਵਲੋਂ ਸਪੀਕਰ ਸੰਧਵਾਂ ਦਾ ਸਵਾਗਤ ਕੀਤਾ ਗਿਆ। ਪਾਰਟੀ ਦੇ ਮੈਂਬਰ ਬਲਾਕ ਸੰਮਤੀ ਹਰਵਿੰਦਰਪਾਲ ਰਿਸ਼ੀ ਸਤੌਜ ਅਤੇ ਪਿੰਡ ਸਤੌਜ ਦੇ ਸਰਪੰਚ ਹਰਬੰਸ ਸਿੰਘ ਹੈਪੀ ਨੇ ਸਪੀਕਰ ਸੰਧਵਾਂ ਨਾਲ ਗੱਲਬਾਤ ਕਰਦਿਆਂ ਪਿੰਡ ਦੇ ਵਿਕਾਸ ਕਾਰਜਾਂ, ਸੜਕਾਂ, ਸਿਹਤ ਅਤੇ ਸਿੱਖਿਆ ਸਬੰਧੀ ਮਸਲਿਆਂ ਬਾਰੇ ਵੀ ਆਪਣੀ ਰਾਇ ਸਾਂਝੀ ਕੀਤੀ। ਸਪੀਕਰ ਸੰਧਵਾਂ ਨੇ ਕਿਹਾ ਕਿ ਪਿੰਡ ਸਤੌਜ ਸਿਰਫ਼ ਮੁੱਖ ਮੰਤਰੀ ਦਾ ਜੱਦੀ ਪਿੰਡ ਹੀ ਨਹੀਂ, ਸਗੋਂ ਇਹ ਪੂਰੇ ਪੰਜਾਬ ਲਈ ਪ੍ਰੇਰਣਾ ਦਾ ਕੇਂਦਰ ਬਣ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਸੂਬੇ ਭਰ ’ਚ ਪਿੰਡਾਂ ਦੀ ਤਰੱਕੀ ਲਈ ਨਵੇਂ ਪ੍ਰੋਜੈਕਟ ਸ਼ੁਰੂ ਕੀਤੇ ਜਾ ਰਹੇ ਹਨ ਤਾਂ ਜੋ ਆਮ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਘਰ ਦੇ ਨੇੜੇ ਹੀ ਪ੍ਰਾਪਤ ਹੋ ਸਕਣ। ਇਸ ਮੌਕੇ ਹਲਕਾ ਸੰਗਰੂਰ ਦੇ ਵਿਧਾਇਕਾ ਨਰਿੰਦਰ ਕੌਰ ਭਰਾਜ, ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਧਰਮ ਪਤਨੀ ਗੁਰਪ੍ਰੀਤ ਕੌਰ ਵੀ ਮੌਜੂਦ ਸਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ