ਸ਼੍ਰੋਮਣੀ ਅਕਾਲੀ ਦਲ ਬਾਦਲ ਨਾਲ ਕੋਈ ਸਮਝੌਤਾ ਨਹੀਂ -ਬਾਪੂ ਤਰਸੇਮ ਸਿੰਘ
ਕਪੂਰਥਲਾ, 26 ਜਨਵਰੀ (ਅਮਨਜੋਤ ਸਿੰਘ ਵਾਲੀਆ)-ਬੰਦੀ ਸਿੰਘਾਂ ਦੀ ਰਿਹਾਈ ਅਤੇ ਅਸਮ ਦੀ ਡਿਬਰੂਗੜ੍ਹ ਜੇਲ੍ਹ ’ਚ ਐਨ.ਐਸ.ਏ. ਤਹਿਤ ਬੰਦ ਖਡੂਰ ਸਾਹਿਬ ਹਲਕਾ ਤੋਂ ਲੋਕ ਸਭਾ ਮੈਂਬਰ ਭਾਈ ਅੰਮਿ੍ਰਤਪਾਲ ਸਿੰਘ ਦੀ ਰਿਹਾਈ ਨੂੰ ਲੈ ਕੇ ਕਪੂਰਥਲਾ ਤੋਂ ਸੁਲਤਾਨਪੁਰ ਲੋਧੀ ਤੱਕ ਖ਼ਾਲਸਾ ਵਹੀਰ ਮਾਰਚ ਕੱਢਿਆ ਗਿਆ। ਇਸ ਦੌਰਾਨ ਇਲਾਕੇ ਦੇ ਸੰਤ ਮਹਾਂਪੁਰਸ਼ ਤੇ ਵੱਡੀ ਗਿਣਤੀ ਸੰਗਤਾਂ ਵਹੀਰ ’ਚ ਸ਼ਾਮਿਲ ਹੋਈਆਂ। ਇਸ ਦੌਰਾਨ ਵਹੀਰ ’ਚ ਸ਼ਾਮਿਲ ਹੋਏ ਅਕਾਲੀ ਦਲ ਵਾਰਿਸ ਪੰਜਾਬ ਦੇ ਮੁਖੀ ਬਾਪੂ ਤਰਸੇਮ ਸਿੰਘ ਨੇ ਕਿਹਾ ਕਿ ਫਿਲਹਾਲ ਸ਼੍ਰੋਮਣੀ ਅਕਾਲੀ ਦਲ ਬਾਦਲ ਨਾਲ ਸਮਝੌਤਾ ਕਰਨ ਸਬੰਧੀ ਕੋਈ ਗੱਲਬਾਤ ਨਹੀਂ ਹੈ। ਉਨ੍ਹਾਂ ਸਰਕਾਰਾਂ ’ਤੇ ਤਿੱਖੇ ਨਿਸ਼ਾਨੇ ਸਾਧਦੇ ਹੋਏ ਕਿਹਾ ਕਿ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਨੂੰ ਜੇਲ੍ਹ 'ਚ ਡੱਕਿਆ ਹੋਇਆ ਹੈ।
ਇਸ ਮੌਕੇ ਜਥੇਦਾਰ ਨਰਿੰਦਰ ਸਿੰਘ ਖੁਸਰੋਪੁਰ ਤੇ ਗੁਰਦੀਪ ਸਿੰਘ ਭੰਡਾਲ ਨੇ ਕਿਹਾ ਕਿ ਅੱਜ ਸਮੂਹ ਧਾਰਮਿਕ, ਸਮਾਜਿਕ ਕਿਸਾਨ ਜਥੇਬੰਦੀਆਂ ਦੇ ਸਹਿਯੋਗ ਨਾਲ ਸਟੇਟ ਗੁਰਦੁਆਰਾ ਸਾਹਿਬ ਤੋਂ ਖ਼ਾਲਸਾ ਵਹੀਰ ਕੱਢੀ ਗਈ ਹੈ ਜੋ ਵੱਖ-ਵੱਖ ਪਿੰਡਾਂ ਵਿਚੋਂ ਹੁੰਦੀ ਹੋਈ ਸੁਲਤਾਨਪੁਰ ਲੋਧੀ ਵਿਖੇ ਪਹੁੰਚ ਕੇ ਸਮੂਹ ਬੰਦੀ ਸਿੰਘਾਂ ਦੀ ਰਿਹਾਈ ਲਈ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਚ ਅਰਦਾਸ ਕੀਤੀ ਜਾਵੇਗੀ। ਇਸ ਮੌਕੇ ਉਨ੍ਹਾਂ ਇਹ ਵੀ ਕਿਹਾ ਕਿ ਕਈ ਬੰਦੀ ਸਿੰਘ ਕਈ ਸਾਲਾਂ ਤੋਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਨ। ਇਸ ਤੋਂ ਇਲਾਵਾ ਭਾਈ ਅੰਮਿ੍ਰਤਪਾਲ ਸਿੰਘ ਨੂੰ ਵੀ ਕੋਈ ਛੋਟ ਨਹੀਂ ਦਿੱਤੀ ਜਾ ਰਹੀ, ਦੂਜੇ ਪਾਸੇ ਡੇਰਾ ਸੱਚਾ ਸੌਦਾ ਦੇ ਮੁਖੀ ਨੂੰ ਸਾਲ ’ਚ ਕਈ ਵਾਰ ਪੈਰੋਲ ਦਿੱਤੀ ਜਾ ਰਹੀ ਹੈ।
;
;
;
;
;
;
;
;