ਸ੍ਰੀ ਮੁਕਤਸਰ ਸਾਹਿਬ ਨੇੜੇ ਰਜਬਾਹੇ ’ਚੋਂ ਮਿਲੇ ਤਿੰਨ ਭਰੂਣ
ਸ੍ਰੀ ਮੁਕਤਸਰ ਸਾਹਿਬ, 29 ਜਨਵਰੀ- (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਨੇੜੇ ਰਜਬਾਹੇ ’ਚੋਂ ਤਿੰਨ ਭਰੂਣ ਮਿਲੇ ਹਨ। ਸ੍ਰੀ ਮੁਕਤਸਰ ਸਾਹਿਬ ਦੀ ਬਠਿੰਡਾ ਰੋਡ ਤੋਂ ਪਿੰਡ ਖਿੜਕੀਆਂਵਾਲਾ ਨੂੰ ਰਜਬਾਹੇ ਨਾਲ ਜਾਂਦੀ ਸੜਕ ਦੇ ਨੇੜੇ ਰੁਪਾਣਾ ਮਾਈਨਰ (ਰਜਬਾਹੇ) ’ਚੋਂ ਤਿੰਨ ਭਰੂਣ ਮਿਲੇ ਹਨ। ਇਸ ਦਾ ਪਤਾ ਲੱਗਦਿਆਂ ਹੀ ਪੁਲਿਸ ਅਤੇ ਸਿਹਤ ਵਿਭਾਗ ਦੇ ਅਧਿਕਾਰੀ ਮੌਕੇ ’ਤੇ ਪਹੁੰਚੇ ਅਤੇ ਜਾਂਚ ’ਚ ਜੁਟ ਗਏ ਹਨ। ਭਰੂਣ ਨਰ ਹਨ ਜਾਂ ਮਾਦਾ ਇਹ ਵੀ ਜਾਂਚ ਦਾ ਵਿਸ਼ਾ ਹੈ ਅਤੇ ਕਦੋਂ ਤੋਂ ਇੱਥੇ ਪਏ ਹਨ, ਇਹ ਵੀ ਪਤਾ ਨਹੀਂ ਲੱਗਿਆ ਹੈ। ਇਹ ਭਰੂਣ ਕਰੀਬ ਦੋ ਮਹੀਨਿਆਂ ਦੇ ਨਜ਼ਰ ਆਉਂਦੇ ਹਨ।
ਸ਼ਨੀਦੇਵ ਸੇਵਾ ਸੋਸਾਇਟੀ ਦੇ ਰਾਜ ਕੁਮਾਰ ਅਤੇ ਹੋਰ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਪੁਲਿਸ ਵਿਭਾਗ ਤੋਂ ਫੋਨ ਆਇਆ ਸੀ ਕਿ ਰਜਬਾਹੇ ’ਚ ਭਰੂਣ ਮਿਲੇ ਹਨ ਅਤੇ ਉਹ ਤੁਰੰਤ ਪਹੁੰਚੇ ਅਤੇ ਪੁਲਿਸ ਦੀ ਮੌਜੂਦਗੀ ’ਚ ਕਬਜ਼ੇ ’ਚ ਲੈ ਕੇ ਸਰਕਾਰੀ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਦੀ ਮੋਰਚਰੀ ’ਚ ਰੱਖਵਾ ਦਿੱਤੇ ਹਨ। ਰਜਬਾਹੇ (ਸੂਏ) ’ਚ ਪਾਣੀ ਨਾ ਹੋਣ ਕਰਕੇ ਹੀ ਇਹ ਭਰੂਣ ਨਜ਼ਰ ਆਏ ਹਨ।
ਸਬ ਇੰਸਪੈਕਟਰ ਸੁਖਪਾਲ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਣ ਤੋਂ ਤੁਰੰਤ ਬਾਅਦ ਇੱਥੇ ਪਹੁੰਚ ਕੇ ਕਾਰਵਾਈ ਸ਼ੁਰੂ ਕੀਤੀ ਅਤੇ ਸਿਹਤ ਵਿਭਾਗ ਇਸ ਮਾਮਲੇ ਦੀ ਜਾਂਚ ਕਰ ਰਿਹਾ ਹੈ। ਇਸ ਦੌਰਾਨ ਸਿਹਤ ਅਧਿਕਾਰੀ ਨੇ ਦੱਸਿਆ ਕਿ ਇਹ ਭਰੂਣ ਨਰ ਹਨ ਜਾਂ ਮਾਦਾ ਇਸਦਾ ਜਲਦੀ ਪਤਾ ਨਹੀਂ ਲੱਗ ਸਕਦਾ, 72 ਘੰਟਿਆਂ ਲਈ ਮੋਰਚਰੀ ਵਿੱਚ ਰਖਵਾਇਆ ਗਿਆ ਹੈ। ਇਸ ਦੇ ਬਾਅਦ ਵਿੱਚ ਪੋਸਟਮਾਰਟਮ ਕਰਵਾਇਆ ਜਾਵੇਗਾ। ਉਸ ਦੀ ਰਿਪੋਰਟ ਆਉਣ ਤੇ ਹੀ ਪਤਾ ਲੱਗੇਗਾ।
;
;
;
;
;
;
;
;