JALANDHAR WEATHER

ਗੁਰਦੁਆਰਾ ਸ੍ਰੀ ਅੰਬ ਸਾਹਿਬ ਦੀ ਜ਼ਮੀਨ ਦਾ ਮਾਮਲਾ : ਸ਼੍ਰੋਮਣੀ ਕਮੇਟੀ ਦਾ ਵਫਦ ਡੀ. ਸੀ. ਤੇ ਐਸ.ਐਸ.ਪੀ. ਨੂੰ ਮਿਲਿਆ

ਅੰਮ੍ਰਿਤਸਰ/ਚੰਡੀਗੜ੍ਹ, 5 ਫਰਵਰੀ (ਜਸਵੰਤ ਸਿੰਘ ਜੱਸ/ ਪ੍ਰੋ: ਅਵਤਾਰ ਸਿੰਘ)-ਸ਼੍ਰੋਮਣੀ ਕਮੇਟੀ ਨੇ ਗੁਰਦੁਆਰਾ ਸ੍ਰੀ ਅੰਬ ਸਾਹਿਬ, ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ) ਦੀ ਜ਼ਮੀਨ ਦੇ ਮਾਮਲੇ ’ਚ ਮੋਹਾਲੀ ਦੇ ਡੀ.ਸੀ. ਨੂੰ ਇੰਤਕਾਲ ਰੱਦ ਕਰਨ, ਇਸ ਜ਼ਮੀਨ ਦੀ ਅੱਗੇ ਕਿਸੇ ਤਰ੍ਹਾਂ ਦੀ ਵਿਕਰੀ ਤੇ ਰੋਕ ਲਗਾਉਣ ਲਈ ਦਰਖ਼ਾਸਤ ਦੇਣ ਦੇ ਨਾਲ ਨਾਲ ਮੋਹਾਲੀ ਦੇ ਐਸ.ਐਸ.ਪੀ. ਤੋਂ ਇਸ ਧੋਖਾਧੜੀ ਦੇ ਦੋਸ਼ੀਆਂ ਖਿਲਾਫ ਪਰਚਾ ਦਰਜ ਕਰਨ ਦੀ ਮੰਗ ਕੀਤੀ ਹੈ।

ਇਸ ਸੰਬੰਧੀ ਮੁੱਖ ਦਫ਼ਤਰ ਤੋਂ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਕੁਲਵੰਤ ਸਿੰਘ ਮੰਨਣ ਨੇ ਦੱਸਿਆ ਕਿ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਨਿਰਦੇਸ਼ਾਂ ’ਤੇ ਅੱਜ ਸ਼੍ਰੋਮਣੀ ਕਮੇਟੀ ਦੇ ਵਫ਼ਦ ਨੇ ਮੋਹਾਲੀ ਦੇ ਡਿਪਟੀ ਕਮਿਸ਼ਨਰ ਨੂੰ ਮਿਲ ਕੇ ਗੁਰਦੁਆਰਾ ਸ੍ਰੀ ਅੰਬ ਸਾਹਿਬ ਦੀ ਜ਼ਮੀਨ ਧੋਖੇ ਨਾਲ ਵੇਚਣ ਦੇ ਮਾਮਲੇ ’ਚ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਸ ਵਫ਼ਦ ’ਚ ਸ਼੍ਰੋਮਣੀ ਕਮੇਟੀ ਸਕੱਤਰ ਸ. ਪ੍ਰਤਾਪ ਸਿੰਘ, ਮੀਤ ਸਕੱਤਰ ਗੁਰਨਾਮ ਸਿੰਘ, ਕਾਨੂੰਨੀ ਸਲਾਹਕਾਰ ਐਡਵੋਕੇਟ ਅਮਨਬੀਰ ਸਿੰਘ ਸਿਆਲੀ ਤੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਮੈਨੇਜਰ ਸ. ਰਜਿੰਦਰ ਸਿੰਘ ਰੂਬੀ ਸ਼ਾਮਿਲ ਸਨ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵਲੋਂ ਲਿਖਤੀ ਤੌਰ ’ਤੇ ਕੀਤੀ ਮੰਗ ’ਚ ਦੱਸਿਆ ਗਿਆ ਹੈ ਕਿ ਗੁਰਦੁਆਰਾ ਸ੍ਰੀ ਅੰਬ ਸਾਹਿਬ ਮੋਹਾਲੀ ਮੈਨੇਜਰ ਰਜਿੰਦਰ ਸਿੰਘ ਟੌਹੜਾ ਨੇ ਜਾਅਲਸਾਜ਼ੀ ਕਰਦਿਆਂ ਗੁਰਦੁਆਰਾ ਸਾਹਿਬ ਦੀ ਅਮਾਨਤ ’ਚ ਖਿਆਨਤ ਕੀਤੀ ਹੈ। ਇਸ ਨੇ ਜਾਅਲੀ ਦਸਤਾਵੇਜ਼ਾਂ ਰਾਹੀਂ ਜ਼ਮੀਨ ਵੇਚ ਕੇ ਪੈਸੇ ਹੜੱਪਣ ਦਾ ਵੱਡਾ ਗੁਨਾਹ ਕੀਤਾ ਹੈ। ਇਹ ਜਾਇਦਾਦ ਗੁਰਦੁਆਰਾ ਸਾਹਿਬ ਦੀ ਅਮਾਨਤ ਹੈ, ਜਿਸ ਦਾ ਇੰਤਕਾਲ ਰੱਦ ਕਰਦਿਆਂ ਇਸ ਦੀ ਅੱਗੇ ਵਿਕਰੀ ’ਤੇ ਰੋਕ ਲਗਾਈ ਜਾਵੇ।

ਸ. ਮੰਨਣ ਨੇ ਦੱਸਿਆ ਕਿ ਇਸ ਦੇ ਨਾਲ ਨਾਲ ਮੋਹਾਲੀ ਦੇ ਐਸ.ਐਸ.ਪੀ. ਨੂੰ ਮਿਲ ਕੇ ਮੈਨੇਜਰ ਰਜਿੰਦਰ ਸਿੰਘ ਟੌਹੜਾ ਅਤੇ ਇਸ ਧੋਖਾਧੜੀ ’ਚ ਸ਼ਾਮਿਲ ਹੋਰ ਦੋਸ਼ੀਆਂ ਖਿਲਾਫ ਤੁਰੰਤ ਪਰਚਾ ਦਰਜ ਕਰਨ ਦੀ ਵੀ ਲਿਖਤੀ ਮੰਗ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਗੁਰਦੁਆਰਾ ਸਾਹਿਬ ਦੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਵਾਲਿਆਂ ਨੂੰ ਕਿਸੇ ਤਰ੍ਹਾਂ ਵੀ ਬਖਸ਼ਿਆ ਨਹੀਂ ਜਾਵੇਗਾ ਅਤੇ ਇਨ੍ਹਾਂ ਵਿਰੁੱਧ ਕਾਰਵਾਈ ’ਚ ਕੋਈ ਢਿੱਲ ਨਹੀਂ ਕੀਤੀ ਜਾਵੇਗੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ