ਨਗਰ ਕੌਂਸਲ ਦੀ ਸਰਕਾਰੀ ਮਸ਼ੀਨਰੀ ਵਰਤ ਕੇ ਮੈਰਿਜ ਪੈਲੇਸ ਦਾ ਕੂੜਾ ਚੁੱਕਣ ਵਾਲਾ ਮੁਲਾਜ਼ਮ ਸਸਪੈਂਡ
ਮਾਛੀਵਾੜਾ ਸਾਹਿਬ, 5 ਫਰਵਰੀ (ਰਾਜਦੀਪ ਸਿੰਘ ਅਲਬੇਲਾ) - ਮਾਛੀਵਾੜਾ ਨਗਰ ਕੌਂਸਲ ਦੇ ਪ੍ਰਧਾਨ ਮੋਹਿਤ ਕੁੰਦਰਾ ਵਲੋਂ ਦਫ਼ਤਰ ਵਿਚ ਮਨਮਾਨੀਆਂ ਕਰਨ ਵਾਲਿਆਂ ਖਿਲਾਫ਼ ਕਾਰਵਾਈ ਕਰਦਿਆਂ ਇਕ ਮੁਲਾਜ਼ਮ ਨੂੰ ਨਿਯਮਾਂ ਦੀ ਉਲੰਘਣਾ ਕਰਨ ’ਤੇ ਸਸਪੈਂਡ ਕਰ ਦਿੱਤਾ ਗਿਆ ਹੈ।
ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਨਗਰ ਕੌਂਸਲ ਪ੍ਰਧਾਨ ਮੋਹਿਤ ਕੁੰਦਰਾ ਨੇ ਦੱਸਿਆ ਕਿ ਪਿਛਲੇ ਕਾਫ਼ੀ ਸਮੇਂ ਤੋਂ ਜੇ.ਸੀ.ਬੀ. ਮਸ਼ੀਨ ਅਤੇ ਟਰਾਲੀਆਂ ਦੀ ਵਰਤੋਂ ਕਰਕੇ ਕੌਂਸਲ ਦਾ ਇਕ ਕਰਮਚਾਰੀ ਇਕ ਮੈਰਿਜ ਪੈਲੇਸ ਦਾ ਕੂੜਾ-ਕਰਕਟ ਚੁੱਕ ਰਿਹਾ ਸੀ, ਜਿਸ ਦੀ ਨਾ ਕੋਈ ਸਰਕਾਰੀ ਪਰਚੀ ਕਟਵਾਈ ਗਈ ਅਤੇ ਨਾ ਹੀ ਅਧਿਕਾਰੀਆਂ ਨੂੰ ਕੋਈ ਜਾਣਕਾਰੀ ਸੀ। ਪ੍ਰਧਾਨ ਕੁੰਦਰਾ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਸਰਕਾਰੀ ਮਸ਼ੀਨਰੀ ਦੀ ਦੁਰਵਰਤੋ ਕਰ ਪ੍ਰਾਈਵੇਟ ਤੌਰ ’ਤੇ ਕੰਮ ਕਰਕੇ ਮੁਲਾਜ਼ਮ ਆਪਣੀਆਂ ਜੇਬਾਂ ਭਰ ਰਹੇ ਹਨ ਤਾਂ ਉਨ੍ਹਾਂ ਇਸ ਮਾਮਲੇ ’ਚ ਇਕ ਕਰਮਚਾਰੀ ਗਗਨ ਨੂੰ ਮੁਅੱਤਲ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਮੈਰਿਜ ਪੈਲੇਸ ਨੂੰ ਵੀ ਪੱਤਰ ਲਿਖਿਆ ਗਿਆ ਹੈ ਕਿ ਉਸਨੇ ਇਹ ਬੇਨਿਯਮੀ ਕਿਉਂ ਕੀਤੀ। ਪ੍ਰਧਾਨ ਕੁੰਦਰਾ ਨੇ ਕਿਹਾ ਕਿ ਜੇਕਰ ਕਿਸੇ ਨੇ ਵੀ ਸ਼ਹਿਰ ਦੀ ਹਦੂਦ ਬਾਹਰੋਂ ਕੂੜਾ-ਕਰਕਟ ਚੁਕਵਾਉਣਾ ਹੈ ਤਾਂ ਉਹ ਸਰਕਾਰੀ ਮਸ਼ੀਨਰੀ ਦੀ ਵਰਤੋ ਸੰਬੰਧੀ ਤੈਅ ਕੀਤੇ ਰੇਟਾਂ ਦੀ ਅਦਾਇਗੀ ਕਰਕੇ ਇਸ ਨੂੰ ਵਰਤ ਸਕਦਾ ਹੈ ਪਰ ਜੇਕਰ ਕਿਸੇ ਨੇ ਵੀ ਕਰਮਚਾਰੀ ਦੀ ਮਿਲੀਭੁਗਤ ਨਾਲ ਕੌਂਸਲ ਨੂੰ ਚੂਨਾ ਲਗਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਬਖਸ਼ਿਆ ਨਹੀਂ ਜਾਵੇਗਾ।
;
;
;
;
;
;
;
;