ਪੰਥਕ ਏਕਤਾ ਲਈ ਬਿਕਰਮ ਸਿੰਘ ਮਜੀਠੀਆ ਨੰਗੇ ਪੈਰੀਂ ਪਹਿਲਾਂ ਸੁਖਬੀਰ ਸਿੰਘ ਬਾਦਲ ਕੋਲ ਜਾਣ - ਗਿਆਨੀ ਹਰਪ੍ਰੀਤ ਸਿੰਘ
ਲੌਂਗੋਵਾਲ, 6 ਫਰਵਰੀ (ਵਿਨੋਦ, ਸ.ਸ.ਖੰਨਾ) - ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਅੱਜ ਗੁਰਦੁਆਰਾ ਜਨਮ ਅਸਥਾਨ ਸ਼ਹੀਦ ਭਾਈ ਮਨੀ ਸਿੰਘ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਬਿਕਰਮ ਸਿੰਘ ਮਜੀਠੀਆ ਵਲੋਂ ਪੰਥਕ ਏਕਤਾ ਲਈ ਕੀਤੀ ਅਪੀਲ ਉਤੇ ਆਪਣਾ ਪ੍ਰਤੀਕਰਮ ਦਿੰਦਿਆਂ ਕਿਹਾ ਕਿ 2 ਦਸੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਵੀ ਤਾਂ ਪੰਥਕ ਏਕਤਾ ਦੀ ਹੀ ਅਪੀਲ ਕੀਤੀ ਗਈ ਸੀ। ਜਿਸ ਉਤੇ ਬਹੁਤ ਸਾਰੇ ਪੰਥ ਪ੍ਰਸਤ ਆਗੂਆਂ ਨੇ ਅਮਲ ਕਰਦਿਆਂ ਆਪੋ ਆਪਣੇ ਅਹੁਦਿਆਂ ਤੋਂ ਅਸਤੀਫਾ ਦੇ ਕੇ ਪੰਥਕ ਏਕਤਾ ਦਾ ਮੁੱਢ ਬੰਨ੍ਹਿਆ ਸੀ। ਪ੍ਰੰਤੂ ਇਸ ਹੁਕਮਨਾਮੇ ਤੋਂ ਸੁਖਬੀਰ ਸਿੰਘ ਬਾਦਲ ਹੀ ਭਗੌੜਾ ਹੋਇਆ ਹੈ, ਇਸ ਲਈ ਜੇਕਰ ਮਜੀਠੀਆ ਸਾਹਿਬ ਪੰਥਕ ਏਕਤਾ ਲਈ ਕਿਸੇ ਕੋਲ ਨੰਗੇ ਪੈਰੀਂ ਜਾਣਾ ਚਾਹੁੰਦੇ ਹਨ ਤਾਂ ਸਭ ਤੋਂ ਪਹਿਲਾਂ ਸੁਖਬੀਰ ਸਿੰਘ ਬਾਦਲ ਕੋਲ ਜਾਣ, ਕਿਉਂਕਿ ਸੁਖਬੀਰ ਸਿੰਘ ਬਾਦਲ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਤਾਂ ਨਹੀਂ ਮੰਨੀ, ਹੋ ਸਕਦਾ ਆਪਣੇ ਰਿਸ਼ਤੇਦਾਰ ਦੀ ਹੀ ਮੰਨ ਲੈਣ।
ਉਨ੍ਹਾਂ ਕਿਹਾ ਕਿ ਮਜੀਠੀਆ ਨੰਗੇ ਪੈਰ ਜਾ ਕੇ ਸੁਖਬੀਰ ਨੂੰ ਅਹੁਦਾ ਛੱਡਣ ਲਈ ਮਨਾ ਲੈਣ, ਅਸੀਂ ਏਕਤਾ ਲਈ ਤਿਆਰ ਹਾਂ।ਉਨ੍ਹਾਂ ਕਿਹਾ ਕਿ ਜੇਕਰ ਸਮਝੌਤਾ ਹੁੰਦਾ ਵੀ ਹੈ ਤਾਂ ਉਹ ਕਿਸੇ ਮੁੱਦੇ ਦੇ ਅਧਾਰ ਉਤੇ ਨਹੀਂ, ਸਗੋਂ ਸਿਧਾਂਤਾਂ ਅਤੇ ਫਲਸਫੇ ਦੇ ਅਧਾਰ ਉਤੇ ਹੋਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਸਿੱਖ ਪੰਥ ਨਾਲ ਆਏ ਦਿਨ ਹੋ ਰਹੇ ਧੱਕੇ ਅਤੇ ਧੋਖਿਆਂ ਖਿਲਾਫ ਜਲਦ ਹੀ ਅਕਾਲੀ ਦਲ ਪੁਨਰ ਸੁਰਜੀਤ ਵਿਆਪਕ ਸੰਘਰਸ਼ ਆਰੰਭ ਕਰਨ ਜਾ ਰਿਹਾ ਹੈ। ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਹਰੇਕ ਸਿੱਖ ਲਈ ਮਹਾਨ ਹੈ ਅਤੇ ਇਸ ਤੋਂ ਭਗੌੜੇ ਲੋਕਾਂ ਨੂੰ ਲੋਕ ਕਦੇ ਵੀ ਮੁਆਫ਼ ਨਹੀਂ ਕਰਨਗੇ। ਇਸ ਮੌਕੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ, ਚੇਅਰਮੈਨ ਜੀਤ ਸਿੰਘ ਸਿੱਧੂ, ਜਥੇ. ਉਦੇ ਸਿੰਘ ਲੌਂਗੋਵਾਲ, ਭਾਈ ਮਹਿੰਦਰ ਸਿੰਘ ਦੁੱਲਟ ਹਾਜ਼ਰ ਸਨ।
;
;
;
;
;
;
;