ਭੇਦਭਰੇ ਹਾਲਾਤ ਵਿਚ ਨੌਜਵਾਨ ਦੀ ਮੌਤ, ਇਲਾਕੇ 'ਚ ਸਨਸਨੀ
ਜੰਡਿਆਲਾ ਗੁਰੂ, 10 ਫਰਵਰੀ (ਹਰਜਿੰਦਰ ਸਿੰਘ ਕਲੇਰ)- ਜੰਡਿਆਲਾ ਗੁਰੂ ਦੇ ਮੁਹੱਲਾ ਸ਼ੇਖੂਪੁਰਾ ਵਿਚ ਅੱਜ ਇਕ ਨੌਜਵਾਨ ਦੀ ਭੇਦ ਭਰੇ ਹਾਲਾਤ ਵਿਚ ਮੌਤ ਹੋਣ ਨਾਲ ਪੂਰੇ ਇਲਾਕੇ ਵਿਚ ਸਨਸਨੀ ਫੈਲ ਗਈ। ਸਵੇਰੇ ਇਕ ਲਾਸ਼ ਮਿਲਣ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕੀਤੀ।
ਪੁਲਿਸ ਜਾਂਚ ਦੌਰਾਨ ਮ੍ਰਿਤਕ ਦੀ ਪਛਾਣ ਗੁੱਗਾ ਪੁੱਤਰ ਕੇਵਲ ਸਿੰਘ, ਉਮਰ ਕਰੀਬ 18 ਸਾਲ, ਵਾਸੀ ਮੁਹੱਲਾ ਸ਼ੇਖੂਪੁਰਾ ਵਜੋਂ ਹੋਈ। ਮਹੱਲਾ ਨਿਵਾਸੀਆਂ ਮੁਤਾਬਕ ਮ੍ਰਿਤਕ ਆਪਣੇ ਨਾਨਕੇ ਘਰ ਰਹਿ ਰਿਹਾ ਸੀ ਅਤੇ ਨਸ਼ੇ ਦਾ ਆਦੀ ਸੀ। ਪਰਿਵਾਰਕ ਸੂਤਰਾਂ ਅਨੁਸਾਰ ਨਸ਼ੇ ਦੀ ਆਦਤ ਕਾਰਨ ਪਰਿਵਾਰ ਵੱਲੋਂ ਉਸਨੂੰ ਪਹਿਲਾਂ ਹੀ ਬੇਦਖ਼ਲ ਕੀਤਾ ਜਾ ਚੁੱਕਾ ਸੀ।
ਲਾਵਾਰਿਸ ਹਾਲਤ ਵਿਚ ਨੌਜਵਾਨ ਦੀ ਲਾਸ਼ ਮਿਲਣ ਨਾਲ ਇਲਾਕੇ ਵਿਚ ਗਮ ਅਤੇ ਨਿਰਾਸ਼ਾ ਦਾ ਮਾਹੌਲ ਹੈ। ਸਥਾਨਕ ਵਾਸੀਆਂ ਨੇ ਦੱਸਿਆ ਕਿ ਇਲਾਕੇ ਵਿਚ ਨਸ਼ੇ ਦੀ ਸਮੱਸਿਆ ਗੰਭੀਰ ਰੂਪ ਧਾਰ ਚੁੱਕੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਵੇਰੇ-ਸ਼ਾਮ ਨਸ਼ਾ ਕਰਨ ਵਾਲਿਆਂ ਦੀ ਭੀੜ ਲੱਗੀ ਰਹਿੰਦੀ ਹੈ, ਜਿਸ ਕਾਰਨ ਲੋਕ ਆਪਣੇ ਘਰਾਂ ਤੋਂ ਬਾਹਰ ਨਿਕਲਣ ਤੋਂ ਵੀ ਡਰਦੇ ਹਨ। ਮੁਹੱਲਾ ਵਾਸੀਆਂ ਨੇ ਕਿਹਾ ਕਿ ਭਾਵੇਂ ਪੰਜਾਬ ਪੁਲਿਸ ਅਤੇ ਸਰਕਾਰ ਵਲੋਂ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ, ਪਰ ਨਸ਼ੇ ’ਤੇ ਪੂਰੀ ਤਰ੍ਹਾਂ ਕਾਬੂ ਨਹੀਂ ਪਾਇਆ ਜਾ ਸਕਿਆ। ਆਏ ਦਿਨ ਨੌਜਵਾਨਾਂ ਦੀ ਨਸ਼ੇ ਕਾਰਨ ਮੌਤ ਹੋ ਰਹੀ ਹੈ, ਜੋ ਸਮਾਜ ਲਈ ਗੰਭੀਰ ਚੇਤਾਵਨੀ ਹੈ। ਲੋਕਾਂ ਨੇ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਨਸ਼ੇ ਦੇ ਕੋਹੜ ਨੂੰ ਜੜ੍ਹ ਤੋਂ ਖਤਮ ਕਰਨ ਲਈ ਸਖ਼ਤ ਕਦਮ ਚੁੱਕੇ ਜਾਣ, ਤਾਂ ਜੋ ਨੌਜਵਾਨ ਪੀੜ੍ਹੀ ਨੂੰ ਬਚਾਇਆ ਜਾ ਸਕੇ।
ਫਿਲਹਾਲ, ਜੰਡਿਆਲਾ ਗੁਰੂ ਪੁਲਿਸ ਚੌਂਕੀ ਇੰਚਾਰਜ ਵੱਲੋਂ ਦੱਸਿਆ ਗਿਆ ਕਿ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।
;
;
;
;
;
;
;
;