ਵਿਜੀਲੈਂਸ ਭਵਨ ’ਚ ਸੀ. ਬੀ. ਆਈ. ਦੀ ਜਾਂਚ ਜਾਰੀ, ਡੀ. ਜੀ. ਪੀ. ਸ਼ਰਦ ਸੱਤਿਆ ਚੌਹਾਨ ਦਫ਼ਤਰ ਅੰਦਰ ਮੌਜੂਦ
ਐੱਸ. ਏ. ਐੱਸ. ਨਗਰ, 12 ਮਈ (ਕਪਿਲ ਵਧਵਾ)- 20 ਲੱਖ ਰੁਪਏ ਦੀ ਕਥਿਤ ਰਿਸ਼ਵਤਖੋਰੀ ਦੇ ਮਾਮਲੇ ਵਿਚ ਪੰਜਾਬ ਵਿਜੀਲੈਂਸ ਭਵਨ, ਮੁਹਾਲੀ ਵਿਖੇ ਸੀ. ਬੀ. ਆਈ. ਵਲੋਂ ਜਾਂਚ ਜਾਰੀ ਹੈ। ਇਸ ਮਾਮਲੇ ਵਿਚ ਅਹਿਮ ਗੱਲ ਇਹ ਹੈ ਕਿ ਪੰਜਾਬ ਵਿਜੀਲੈਂਸ ਦੇ ਚੀਫ਼ ਡੀ. ਜੀ. ਪੀ. ਸ਼ਰਦ ਸੱਤਿਆ ਚੌਹਾਨ ਇਸ ਸਮੇਂ ਵਿਜੀਲੈਂਸ ਦਫ਼ਤਰ ਦੇ ਅੰਦਰ ਮੌਜੂਦ ਹਨ। ਜਾਣਕਾਰੀ ਅਨੁਸਾਰ ਚੌਹਾਨ ਰੋਜ਼ਾਨਾ ਦੀ ਤਰ੍ਹਾਂ ਸਵੇਰੇ ਦਫ਼ਤਰ ਪੁੱਜੇ ਸਨ, ਜਦਕਿ ਉਸ ਵੇਲੇ ਸੀ. ਬੀ. ਆਈ. ਦੇ ਅਧਿਕਾਰੀ ਦਫ਼ਤਰ ਅੰਦਰ ਮੌਜੂਦ ਸਨ।
ਸੂਤਰਾਂ ਅਨੁਸਾਰ ਇਸ ਕਥਿਤ ਰਿਸ਼ਵਤਖੋਰੀ ਮਾਮਲੇ ਵਿਚ ਡੀ. ਜੀ. ਪੀ. ਸ਼ਰਦ ਸੱਤਿਆ ਚੌਹਾਨ ਦੀ ਭੂਮਿਕਾ ਸੰਬੰਧੀ ਵੀ ਜਾਂਚ ਕੀਤੀ ਜਾ ਰਹੀ ਹੈ। ਹਾਲਾਂਕਿ ਇਸ ਸੰਬੰਧੀ ਅਜੇ ਤੱਕ ਸੀ. ਬੀ. ਆਈ. ਜਾਂ ਵਿਜੀਲੈਂਸ ਬਿਊਰੋ ਵਲੋਂ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ। ਸੂਤਰਾਂ ਦਾ ਕਹਿਣਾ ਹੈ ਕਿ ਜੇਕਰ ਜਾਂਚ ਦੌਰਾਨ ਉਨ੍ਹਾਂ ਖ਼ਿਲਾਫ਼ ਕੋਈ ਠੋਸ ਸਬੂਤ ਸਾਹਮਣੇ ਆਉਂਦੇ ਹਨ ਤਾਂ ਗ੍ਰਿਫ਼ਤਾਰੀ ਦੇ ਆਧਾਰ ਦੱਸ ਕੇ ਵਿਜੀਲੈਂਸ ਮੁਖੀ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾ ਸਕਦੀ ਹੈ।
ਦੂਜੇ ਪਾਸੇ ਵਿਜੀਲੈਂਸ ਭਵਨ ਅੰਦਰ ਸੀ. ਬੀ. ਆਈ. ਦੀ ਮੌਜੂਦਗੀ ਕਾਰਨ ਸਾਰੇ ਮਾਮਲੇ ਨੂੰ ਲੈ ਕੇ ਚਰਚਾਵਾਂ ਤੇਜ਼ ਹੋ ਗਈਆਂ ਹਨ। ਇਹ ਮਾਮਲਾ ਕਰੀਬ 20 ਲੱਖ ਰੁਪਏ ਦੀ ਕਥਿਤ ਰਿਸ਼ਵਤ ਨਾਲ ਜੁੜਿਆ ਦੱਸਿਆ ਜਾ ਰਿਹਾ ਹੈ। ਜਾਂਚ ਪੂਰੀ ਹੋਣ ਤੋਂ ਬਾਅਦ ਹੀ ਇਹ ਸਪੱਸ਼ਟ ਹੋ ਸਕੇਗਾ ਕਿ ਇਸ ਮਾਮਲੇ ਵਿਚ ਕਿਸ-ਕਿਸ ਅਧਿਕਾਰੀ ਜਾਂ ਕਰਮਚਾਰੀ ਦੀ ਭੂਮਿਕਾ ਸਾਹਮਣੇ ਆਉਂਦੀ ਹੈ।
;
;
;
;
;
;
;
;