JALANDHAR WEATHER

ਯੋਗਰਾਜ ਸਿੰਘ ਖ਼ਿਲਾਫ਼ ਦਰਜ ਐੱਫ.ਆਈ.ਆਰ.ਵਿਚ ਚੰਡੀਗੜ੍ਹ ਪੁਲਿਸ ਦੀ ਵੱਡੀ ਅਣਗਹਿਲੀ

ਚੰਡੀਗੜ੍ਹ, 15 ਮਈ (ਕਪਿਲ ਵਧਵਾ)-ਪੰਜਾਬੀ ਅਦਾਕਾਰ ਅਤੇ ਸਾਬਕਾ ਕ੍ਰਿਕਟਰ ਯੋਗਰਾਜ ਸਿੰਘ ਖ਼ਿਲਾਫ਼ ਥਾਣਾ ਸੈਕਟਰ-36 ਚੰਡੀਗੜ੍ਹ ਵਿਖੇ ਦਰਜ ਕੀਤੀ ਗਈ ਐੱਫ.ਆਈ.ਆਰ. ਵਿਚ ਚੰਡੀਗੜ੍ਹ ਪੁਲਿਸ ਵਲੋਂ ਇਕ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਪੁਲਿਸ ਵਲੋਂ ਐੱਫ.ਆਈ.ਆਰ. ਵਿਚ ਯੋਗਰਾਜ ਸਿੰਘ ਦਾ ਪਤਾ ‘ਪੀ.ਐਸ.ਡਬਲਯੂ.ਸੀ. ਸੈਕਟਰ-55 ਫ਼ੇਜ਼-1 ਐਸ.ਏ.ਐਸ. ਨਗਰ’ ਦਰਜ ਕੀਤਾ ਗਿਆ ਹੈ, ਜਦਕਿ ਇਹ ਪਤਾ ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਦਫ਼ਤਰ ਨਾਲ ਸੰਬੰਧਿਤ ਦੱਸਿਆ ਜਾ ਰਿਹਾ ਹੈ।

ਸੂਤਰਾਂ ਅਨੁਸਾਰ ਇਹ ਚੂਕ ਉਸ ਸਮੇਂ ਹੋਈ ਜਦੋਂ ਪੰਜਾਬ ਰਾਜ ਮਹਿਲਾ ਕਮਿਸ਼ਨ ਵਲੋਂ ਵਿਵਾਦਿਤ ਬਿਆਨ ਮਾਮਲੇ ਵਿਚ ਸਖ਼ਤ ਰੁੱਖ ਅਪਣਾਇਆ ਗਿਆ ਸੀ ਅਤੇ ਪੁਲਿਸ ਵਲੋਂ ਜਲਦਬਾਜ਼ੀ ਵਿਚ ਐੱਫ.ਆਈ.ਆਰ. ਦਰਜ ਕੀਤੀ ਗਈ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੇ ਮਾਮਲੇ ਵਿਚ ਤੁਰੰਤ ਕਾਰਵਾਈ ਦਿਖਾਉਣ ਦੇ ਚੱਕਰ ਵਿਚ ਬਿਨ੍ਹਾਂ ਤਸਦੀਕ ਪਤੇ ਦੀ ਐਂਟਰੀ ਕਰ ਦਿੱਤੀ।

ਜ਼ਿਕਰਯੋਗ ਹੈ ਕਿ ਇਹ ਮਾਮਲਾ ਯੋਗਰਾਜ ਸਿੰਘ ਵਲੋਂ ਇਕ ਵੈੱਬ-ਸੀਰੀਜ਼ ਦੌਰਾਨ ਮਹਿਲਾਵਾਂ ਸੰਬੰਧੀ ਕੀਤੀ ਗਈ ਵਿਵਾਦਿਤ ਟਿੱਪਣੀ ਤੋਂ ਬਾਅਦ ਚਰਚਾ ਵਿਚ ਆਇਆ ਸੀ। ਸ਼ਿਕਾਇਤਕਰਤਾ ਐਡਵੋਕੇਟ ਉੱਜਵਲ ਭਸੀਨ, ਜ਼ਿਲ੍ਹਾ ਬਾਰ ਐਸੋਸੀਏਸ਼ਨ ਸੈਕਟਰ-43 ਚੰਡੀਗੜ੍ਹ ਦੇ ਬਿਆਨਾਂ ਦੇ ਆਧਾਰ ’ਤੇ ਪੁਲਿਸ ਵਲੋਂ ਬੀ.ਐਨ.ਐਸ. ਦੀ ਧਾਰਾ 79 ਅਤੇ ਆਈ.ਟੀ. ਐਕਟ ਦੀ ਧਾਰਾ 67-ਏ ਤਹਿਤ ਕੇਸ ਦਰਜ ਕੀਤਾ ਗਿਆ ਸੀ।

ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਇਸ ਗਲਤੀ ਕਾਰਨ ਹੀ ਚੰਡੀਗੜ੍ਹ ਪੁਲਿਸ ਵਲੋਂ ਸ਼ਿਕਾਇਤਕਰਤਾ ਪੱਖ ਨੂੰ ਐੱਫ.ਆਈ.ਆਰ. ਦੀ ਕਾਪੀ ਮੁਹੱਈਆ ਕਰਵਾਉਣ ਵਿਚ ਦੇਰੀ ਕੀਤੀ ਗਈ। ਦੱਸਿਆ ਜਾ ਰਿਹਾ ਹੈ ਕਿ ਐਡਵੋਕੇਟ ਉੱਜਵਲ ਭਸੀਨ ਵਲੋਂ ਕਾਪੀ ਹਾਸਲ ਕਰਨ ਲਈ ਕਈ ਵਾਰ ਸੰਪਰਕ ਕੀਤਾ ਗਿਆ, ਪਰੰਤੂ ਪੁਲਿਸ ਵਲੋਂ ਲੰਮੇ ਸਮੇਂ ਤੱਕ ਕਾਪੀ ਸਾਂਝੀ ਨਹੀਂ ਕੀਤੀ ਗਈ।

ਹਾਲਾਂਕਿ ਇਸ ਸੰਬੰਧੀ ਚੰਡੀਗੜ੍ਹ ਪੁਲਿਸ ਦੇ ਕਿਸੇ ਵੀ ਸੀਨੀਅਰ ਅਧਿਕਾਰੀ ਵਲੋਂ ਅਧਿਕਾਰਤ ਤੌਰ ’ਤੇ ਕੋਈ ਪੁਸ਼ਟੀ ਜਾਂ ਬਿਆਨ ਸਾਹਮਣੇ ਨਹੀਂ ਆਇਆ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ