20 ਲੱਖ ਰੁਪਏ ਰਿਸ਼ਵਤਖੋਰੀ ਮਾਮਲੇ ’ਚ ਸੀ. ਬੀ. ਆਈ. ਦੀ ਐੱਫ. ਆਈ. ਆਰ. ਆਈ ਸਾਹਮਣੇ
ਚੰਡੀਗੜ੍ਹ, 15 ਮਈ (ਕਪਿਲ ਵਧਵਾ)- ਪੰਜਾਬ ਵਿਜੀਲੈਂਸ ਬਿਊਰੋ ਨਾਲ ਸੰਬੰਧਿਤ 20 ਲੱਖ ਰੁਪਏ ਦੇ ਕਥਿਤ ਰਿਸ਼ਵਤਖੋਰੀ ਮਾਮਲੇ ਵਿਚ ਕੇਂਦਰੀ ਜਾਂਚ ਏਜੰਸੀ ਸੀ. ਬੀ. ਆਈ. ਵਲੋਂ ਦਰਜ ਕੀਤੀ ਗਈ ਐੱਫ. ਆਈ. ਆਰ. ਦੀ ਕਾਪੀ ਸਾਹਮਣੇ ਆ ਗਈ ਹੈ। ਸੀ. ਬੀ. ਆਈ. ਵਲੋਂ 11 ਮਈ ਨੂੰ ਦਰਜ ਕੀਤੀ ਗਈ ਐੱਫ਼. ਆਈ. ਆਰ. ਵਿਚ ਬੀ.ਐਨ.ਐਸ. ਦੀ ਧਾਰਾ 61(2) ਅਤੇ ਭ੍ਰਿਸ਼ਟਾਚਾਰ ਰੋਕਥਾਮ ਕਾਨੂੰਨ ਦੀਆਂ ਧਾਰਾਵਾਂ 7 ਅਤੇ 7ਏ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਸੀ. ਬੀ. ਆਈ. ਵਲੋਂ ਦਰਜ ਕੀਤੀ ਗਈ ਐੱਫ਼. ਆਈ. ਆਰ. ਅਨੁਸਾਰ ਮਲੋਟ ਦੇ ਸਟੇਟ ਟੈਕਸ ਅਫ਼ਸਰ ਅਮਿਤ ਕੁਮਾਰ ਨੇ 8 ਮਈ ਨੂੰ ਲਿਖਤੀ ਸ਼ਿਕਾਇਤ ਦਿੱਤੀ ਸੀ। ਸ਼ਿਕਾਇਤ ਵਿਚ ਦੋਸ਼ ਲਗਾਇਆ ਗਿਆ ਕਿ ਰਾਘਵ ਗੋਇਲ ਅਤੇ ਉਸਦੇ ਪਿਤਾ ਵਿਕਾਸ ਗੋਇਲ ਉਰਫ਼ ਵਿੱਕੀ ਗੋਇਲ ਪੰਜਾਬ ਵਿਜੀਲੈਂਸ ਦੇ ਡੀ.ਜੀ.ਪੀ. ਸ਼ਰਦ ਸਤਿਆ ਚੌਹਾਨ ਅਤੇ ਉਸ ਦੇ ਰੀਡਰ ਓ. ਪੀ. ਰਾਣਾ ਵਿਚੋਲਿਆਂ ਵਜੋਂ ਕੰਮ ਕਰ ਰਹੇ ਸਨ। ਸ਼ਿਕਾਇਤਕਰਤਾ ਦਾ ਦੋਸ਼ ਹੈ ਕਿ ਉਸ ਖ਼ਿਲਾਫ਼ ਵਿਜੀਲੈਂਸ ਦਫ਼ਤਰ ਵਿਚ ਲੰਬਿਤ ਸ਼ਿਕਾਇਤ ਨੂੰ ਬੰਦ ਕਰਵਾਉਣ ਲਈ ਉਸ ਤੋਂ ਗੈਰ-ਕਾਨੂੰਨੀ ਰਕਮ ਦੀ ਮੰਗ ਕੀਤੀ ਗਈ। ਐੱਫ. ਆਈ. ਆਰ. ਵਿਚ ਦਰਜ ਵੇਰਵਿਆਂ ਅਨੁਸਾਰ ਸੀ. ਬੀ. ਆਈ. ਵਲੋਂ ਕੀਤੀ ਗਈ ਤਸਦੀਕ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਤਿੰਨ ਮੁਲਜ਼ਮਾਂ ਵਲੋਂ ਕਥਿਤ ਤੌਰ ’ਤੇ 13 ਲੱਖ ਰੁਪਏ ਅਤੇ ਇਕ ਮਹਿੰਗੇ ਮੋਬਾਈਲ ਫ਼ੋਨ ਦੀ ਮੰਗ ਕੀਤੀ ਗਈ ਸੀ। ਇਹ ਰਕਮ ਅਤੇ ਮੋਬਾਈਲ ਫ਼ੋਨ ਵਿਜੀਲੈਂਸ ਦਫ਼ਤਰ ਵਿਚ ਲੰਬਿਤ ਸ਼ਿਕਾਇਤ ਨੂੰ ਨਿਪਟਾਉਣ ਦੇ ਬਦਲੇ ਮੰਗੇ ਜਾਣ ਦੇ ਦੋਸ਼ ਹਨ। ਸੀ. ਬੀ. ਆਈ. ਵਲੋਂ ਇਸ ਮਾਮਲੇ ਵਿਚ ਓ. ਪੀ. ਰਾਣਾ, ਰਾਘਵ ਗੋਇਲ, ਵਿਕਾਸ ਗੋਇਲ ਉਰਫ਼ ਵਿਕੀ ਗੋਇਲ ਅਤੇ ਹੋਰ ਅਣ-ਪਛਾਤੇ ਸਰਕਾਰੀ ਅਤੇ ਨਿੱਜੀ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਇੰਸਪੈਕਟਰ ਪਵਨ ਕੁਮਾਰ ਨੂੰ ਸੌਂਪੀ ਗਈ ਹੈ। ਮਾਮਲੇ ਦੀ ਜਾਂਚ ਜਾਰੀ ਹੈ। ਇਸ ਮਾਮਲੇ ਵਿਚ ਪੁਲਿਸ ਰਿਮਾਂਡ ’ਤੇ ਚੱਲ ਰਹੇ ਪਿਓ-ਪੁੱਤ ਵਿਕਾਸ ਗੋਇਲ ਅਤੇ ਰਾਘਵ ਗੋਇਲ ਨੂੰ ਅੱਜ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਵਿਖੇ ਪੇਸ਼ ਕੀਤਾ ਜਾਵੇਗਾ।
;
;
;
;
;
;
;
;