ਝੱਖ਼ੜਾਂ ਕਰਕੇ ਪਾਵਰਕਾਮ ਦਾ ਲਗਾਤਾਰ ਵਧ ਰਿਹਾ ਹੈ ਨੁਕਸਾਨ
ਸ਼ਿਵ ਸ਼ਰਮਾ
ਜਲੰਧਰ, 14 ਮਈ-ਪਾਵਰਕਾਮ ਵਲੋਂ ਜਿੱਥੇ ਬਿਜਲੀ ਸਪਲਾਈ ਲਈ ਕਈ ਨਵੇਂ ਸੁਧਾਰ ਦਾ ਕੰਮ ਕੀਤੇ ਜਾ ਰਹੇ ਹਨ ਪਰ ਅਜੇ ਵੀ ਪਾਵਰਕਾਮ ਨੂੰ ਬਿਜਲੀ ਸਿਸਟਮ ਵਿਚ ਮਾਲੀਏ ਵਿਚ ਵਾਧਾ ਕਰਨ ਅਤੇ ਖਪਤਕਾਰਾਂ ਨੂੰ ਹੋਰ ਬਿਹਤਰ ਸਹੂਲਤਾਂ ਦੇਣ ਲਈ ਵੱਡੇ ਪੱਧਰ 'ਤੇ ਸੁਧਾਰ ਕਰਨ ਦੀ ਲੋੜ ਮਹਿਸੂਸ ਕੀਤੀ ਜਾ ਰਹੀ ਹੈ | ਕੁੱਝ ਸਾਲਾਂ ਤੋਂ ਮੌਸਮ ਵਿਚ ਲਗਾਤਾਰ ਬਦਲਾਅ ਹੋ ਰਹੇ ਹਨ ਤਾਂ ਇਸ ਨਾਲ ਪਾਵਰਕਾਮ ਦੇ ਉੱਪਰ ਹੋਰ ਵੀ ਦਬਾਅ ਵਧ ਗਿਆ ਹੈ ਕਿਉਂਕਿ ਇਕ ਤਾਂ ਗਰਮੀ ਵਧਣ ਨਾਲ ਉਸ ਨੂੰ ਜ਼ਿਆਦਾ ਬਿਜਲੀ ਦਾ ਪ੍ਰਬੰਧ ਕਰਨਾ ਪੈਂਦਾ ਹੈ ਤੇ ਦੂਜਾ ਮੌਸਮ ਖ਼ਰਾਬ ਹੋਣ ਕਰਕੇ ਜਦੋਂ ਝੱਖੜ ਚੱਲਦੇ ਹਨ ਤਾਂ ਇਸ ਨਾਲ ਪਾਵਰਕਾਮ ਨੂੰ ਦੋਹਰਾ ਨੁਕਸਾਨ ਉਠਾਉਣਾ ਪੈਂਦਾ ਹੈ | ਝੱਖੜਾਂ ਨਾਲ ਕਿੰਨਾ ਜ਼ਿਆਦਾ ਨੁਕਸਾਨ ਹੋ ਰਿਹਾ ਹੈ, ਇਸ ਤੋਂ ਹੀ ਪਤਾ ਲੱਗਦਾ ਹੀ ਕਿ ਬੀਤੇ ਦੋ ਦਿਨਾਂ ਵਿਚ ਹੀ ਝੱਖੜ ਨਾਲ ਬਰਨਾਲਾ ਲਾਗੇ ਵਾਵਰੋਲਾ ਆਉਣ ਨਾਲ ਬਿਜਲੀ ਦੇ 4 ਵੱਡੇ ਟਾਵਰਾਂ ਨੂੰ ਨੁਕਸਾਨ ਪੁੱਜਾ ਸੀ ਤਾਂ ਇਸ ਨਾਲ ਕਰੋੜਾਂ ਦਾ ਨੁਕਸਾਨ ਹੋਇਆ ਸੀ ਤੇ ਨਾਲ ਹੀ 300 ਬਿਜਲੀ ਦੇ ਖੰਭੇ ਅਤੇ 100 ਦੇ ਕਰੀਬ ਬਿਜਲੀ ਦੇ ਟਰਾਂਸਫ਼ਾਰਮਰਾਂ ਨੂੰ ਵੱਡਾ ਨੁਕਸਾਨ ਪੁੱਜਾ ਸੀ | ਸਾਲਾਨਾ ਨੁਕਸਾਨ ਤਾਂ ਕਈ ਕਰੋੜਾਂ ਵਿਚ ਪੁੱਜ ਜਾਂਦਾ ਹੈ | ਉਂਜ ਪਾਵਰਕਾਮ ਦੀ ਆਮਦਨ ਦੇ ਵੱਡੇ ਗਾਹਕ ਸੂਬੇ ਦੀ ਸਨਅਤੀ ਇਕਾਈਆਂ ਅਤੇ ਵਪਾਰਕ ਅਦਾਰੇ ਹੁੰਦੀਆਂ ਹਨ ਤੇ ਇਸ ਕਰਕੇ ਸਨਅਤੀ ਇਕਾਈਆਂ ਦੀ ਬਿਜਲੀ ਸਪਲਾਈ ਹਰ ਹਾਲਤ ਵਿਚ ਨਿਰਵਿਘਨ ਚੱਲਦੀ ਰਹਿਣ ਲਈ ਕਦਮ ਉਠਾਉਣੇ ਦੀ ਲੋੜ ਹੁੰਦੀ ਹੈ | ਸੂਬੇ ਵਿਚ ਨਵਾਂ ਨਿਵੇਸ਼ ਹੋਣ ਤੋਂ ਇਲਾਵਾ ਲੱਗ ਰਹੇ ਨਵੇਂ ਕੁਨੈਕਸ਼ਨਾਂ ਕਰਕੇ ਵੀ ਇਸ ਵੇਲੇ ਪਾਵਰਕਾਮ ਕੋਲ ਬਿਜਲੀ ਕੁਨੈਕਸ਼ਨਾਂ ਦੀ ਗਿਣਤੀ 1 ਕਰੋੜ ਤੋਂ ਜ਼ਿਆਦਾ ਪੁੱਜ ਗਈ ਹੈ ਪਰ ਅਜੇ ਵੀ ਪਾਵਰਕਾਮ ਵਿਚ ਹੇਠਲੇ ਪੱਧਰ 'ਤੇ ਬੰਦ ਹੋਈ ਬਿਜਲੀ ਲਾਈਨਾਂ ਦੀ ਸਪਲਾਈ ਕਰਨ ਵਿਚ ਲੰਬਾ ਸਮਾਂ ਇਸ ਕਰਕੇ ਵੀ ਲੱਗ ਰਿਹਾ ਹੈ ਕਿ ਅਜੇ ਲਾਈਨਮੈਨਾਂ ਅਤੇ ਸਹਾਇਕ ਲਾਈਨਮੈਨਾਂ ਦੀ ਭਰਤੀ ਲਈ ਵੱਡੇ ਪੱਧਰ 'ਤੇ ਲੋੜ ਮਹਿਸੂਸ ਕੀਤੀ ਜਾ ਰਹੀ ਹੈ ਜਦਕਿ ਜੂਨੀਅਰ ਇੰਜੀਨੀਅਰ ਵੀ ਕਾਫੀ ਸੀਮਤ ਗਿਣਤੀ ਵਿਚ ਹਨ ਤਾਂ ਉਨ੍ਹਾਂ ਕੋਲ ਬਿਜਲੀ ਦੀ ਸਾਂਭ ਸੰਭਾਲ ਦਾ ਕੰਮ ਦੇਖਣ ਲਈ ਕਾਫੀ ਵੱਡੇ ਇਲਾਕੇ ਹਨ | ਪਾਵਰਕਾਮ ਹਰ ਸਾਲ ਸੂਬੇ ਵਿਚ 32 ਹਜ਼ਾਰ ਕਰੋੜ ਤੋਂ ਜ਼ਿਆਦਾ ਦੀ ਬਿਜਲੀ ਵੇਚਦਾ ਹੈ ਤੇ ਜਿਸ ਤਰਾਂ ਨਾਲ ਸੂਬੇ ਵਿਚ ਬਿਜਲੀ ਦੀ ਮੰਗ ਵਿਚ ਵਾਧਾ ਹੋ ਰਿਹਾ ਹੈ ਤਾਂ ਇਸ ਕਰਕੇ ਹੁਣ ਬਿਜਲੀ ਸਿਸਟਮ ਵਿਚ ਹੋਰ ਸੁਧਾਰ ਕਰਨ ਦੀ ਲੋੜ ਸਮਝੀ ਜਾ ਰਹੀ ਹੈ |
;
;
;
;
;
;
;
;