JALANDHAR WEATHER

ਦੇਸ਼ 'ਚ ਮਾਨਸਿਕ ਤਣਾਅ ਕਾਰਨ 14 ਹਜ਼ਾਰ ਤੋਂ ਵੱਧ ਵਿਦਿਆਰਥੀਆਂ ਨੇ ਕੀਤੀ ਖ਼ੁਦਕੁਸ਼ੀ

ਪਟਿਆਲਾ, 14 ਮਈ (ਗੁਰਵਿੰਦਰ ਸਿੰਘ ਔਲਖ)-ਦੇਸ਼ ਵਿਚ ਵਿਦਿਆਰਥੀਆਂ 'ਚ ਵਧ ਰਿਹਾ ਮਾਨਸਿਕ ਦਬਾਅ ਹੁਣ ਗੰਭੀਰ ਸਮਾਜਿਕ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ | 2025 ਅਤੇ 2026 ਦੌਰਾਨ ਵੀ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਸਾਹਮਣੇ ਆ ਰਹੀਆਂ ਵਿਦਿਆਰਥੀ ਖੁਦਕੁਸ਼ੀਆਂ ਅਤੇ ਤਣਾਅ ਨਾਲ ਜੁੜੀਆਂ ਘਟਨਾਵਾਂ ਨੇ ਸਿੱਖਿਆ ਪ੍ਰਣਾਲੀ, ਮਾਪਿਆਂ ਅਤੇ ਸਮਾਜ ਨੂੰ ਵੱਡੇ ਸਵਾਲਾਂ ਦੇ ਘੇਰੇ 'ਚ ਖੜ੍ਹਾ ਕਰ ਦਿੱਤਾ ਹੈ | ਪ੍ਰਤੀਯੋਗੀ ਪ੍ਰੀਖਿਆਵਾਂ, ਕੋਚਿੰਗ ਕਲਚਰ, ਕੈਰੀਅਰ ਦੀ ਦੌੜ ਤੇ ਵਧ ਰਹੀਆਂ ਸਮਾਜਿਕ ਉਮੀਦਾਂ ਨੇ ਨੌਜਵਾਨ ਪੀੜ੍ਹੀ 'ਤੇ ਦਬਾਅ ਲਗਾਤਾਰ ਵਧਾਇਆ ਹੈ | ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਐਕਸੀਡੈਂਟਲ ਡੈਥ ਐਂਡ ਸੁਸਾਇਡ ਇੰਨ ਇੰਡੀਆ ਵਲੋਂ ਜਾਰੀ ਕੀਤੀ ਤਾਜ਼ਾ ਰਿਪੋਰਟ ਅਨੁਸਾਰ ਸਾਲ 2024 ਦੌਰਾਨ ਦੇਸ਼ ਭਰ ਵਿਚ 14,488 ਵਿਦਿਆਰਥੀਆਂ ਨੇ ਖ਼ੁਦਕੁਸ਼ੀ ਕੀਤੀ | ਇਹ ਗਿਣਤੀ 2023 ਦੇ 13,892 ਮਾਮਲਿਆਂ ਨਾਲੋਂ ਵੱਧ ਰਹੀ | ਸਾਲ 2024 ਵਿਚ ਹੋਈਆਂ ਕੁੱਲ ਖੁਦਕੁਸ਼ੀਆਂ ਵਿਚ ਵਿਦਿਆਰਥੀਆਂ ਦੀ ਹਿੱਸੇਦਾਰੀ 8.5 ਫ਼ੀਸਦੀ ਰਹੀ | ਐਨ.ਸੀ.ਆਰ.ਬੀ. ਦੇ ਉਪਲਬਧ ਅਧਿਕਾਰਤ ਅੰਕੜਿਆਂ ਮੁਤਾਬਿਕ 2015 ਤੋਂ 2024 ਤੱਕ ਵਿਦਿਆਰਥੀ ਖੁਦਕੁਸ਼ੀਆਂ ਦੇ ਮਾਮਲਿਆਂ ਵਿਚ 62 ਫ਼ੀਸਦੀ ਤੋਂ ਵੱਧ ਵਾਧਾ ਦਰਜ ਕੀਤਾ ਗਿਆ ਹੈ | ਭਾਵੇਂ 2025 ਅਤੇ 2026 ਦੇ ਪੂਰੇ ਅਧਿਕਾਰਤ ਅੰਕੜੇ ਹਾਲੇ ਜਾਰੀ ਨਹੀਂ ਹੋਏ ਪਰ ਲਗਾਤਾਰ ਸਾਹਮਣੇ ਆ ਰਹੀਆਂ ਘਟਨਾਵਾਂ ਇਹ ਸੰਕੇਤ ਦੇ ਰਹੀਆਂ ਹਨ ਕਿ ਵਿਦਿਆਰਥੀਆਂ 'ਚ ਮਾਨਸਿਕ ਤਣਾਅ ਅਤੇ ਡਿਪ੍ਰੈਸ਼ਨ ਦੀ ਸਮੱਸਿਆ ਅਜੇ ਵੀ ਗੰਭੀਰ ਬਣੀ ਹੋਈ ਹੈ | ਸਿੱਖਿਆ ਮਾਹਿਰਾਂ ਅਤੇ ਮਨੋਵਿਗਿਆਨੀਆਂ ਨੇ ਸਕੂਲਾਂ, ਕਾਲਜਾਂ ਅਤੇ ਕੋਚਿੰਗ ਸੈਂਟਰਾਂ ਵਿਚ ਕੌਂਸਲਿੰਗ ਪ੍ਰਣਾਲੀ ਮਜ਼ਬੂਤ ਕਰਨ, ਵਿਦਿਆਰਥੀਆਂ ਨਾਲ ਨਿਯਮਤ ਮਨੋਵਿਗਿਆਨਕ ਸੰਵਾਦ ਸ਼ੁਰੂ ਕਰਨ ਅਤੇ ਮਾਪਿਆਂ ਨੂੰ ਵੀ ਜਾਗਰੂਕ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ ਹੈ |

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ