ਕੈਦੀ ਨੇ ਪੁਲਿਸ ਮੁਲਾਜ਼ਮ 'ਤੇ ਕੀਤਾ ਹਮਲਾ, ਜਵਾਬੀ ਕਾਰਵਾਈ 'ਚ ਗੋਲੀਆਂ ਲੱਗਣ ਨਾਲ ਹੋਈ ਮੌਤ
ਹੁਸ਼ਿਆਰਪੁਰ, 16 ਮਈ (ਬਲਜਿੰਦਰਪਾਲ ਸਿੰਘ)- ਹੁਸ਼ਿਆਰਪੁਰ ਦੇ ਸਿਵਲ ਹਸਪਤਾਲ 'ਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਸਿਹਤ ਜਾਂਚ ਲਈ ਲਿਆਂਦੇ ਇਕ ਕੈਦੀ ਨੇ ਤੇਜ਼ਧਾਰ ਹਥਿਆਰ ਨਾਲ ਪੁਲਿਸ ਮੁਲਾਜ਼ਮ 'ਤੇ ਹਮਲਾ ਕਰਕੇ ਉਸ ਨੂੰ ਜ਼ਖਮੀ ਕਰ ਦਿੱਤਾ ਅਤੇ ਜਵਾਬੀ ਕਾਰਵਾਈ 'ਚ ਗੋਲੀਆਂ ਲੱਗਣ ਨਾਲ ਕੈਦੀ ਦੀ ਮੌਤ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਿਸ ਮੁਖੀ ਸੰਦੀਪ ਕੁਮਾਰ ਮਲਿਕ ਨੇ ਦੱਸਿਆ ਕਿ ਹਮੇਸ਼ਾਂ ਹੀ ਪੁਲਿਸ ਮੁਲਾਜ਼ਮ ਕੈਦੀਆਂ ਨੂੰ ਅਦਾਲਤ 'ਚ ਪੇਸ਼ ਕਰਨ ਤੋਂ ਪਹਿਲਾਂ ਮੈਡੀਕਲ ਜਾਂਚ ਕਰਵਾਉਣ ਲਈ ਸਿਵਲ ਹਸਪਤਾਲ 'ਚ ਲੈ ਕੇ ਜਾਂਦੇ ਹਨ ਅਤੇ ਇਸੇ ਤਰ੍ਹਾਂ ਕੈਦੀ ਨਸੀਬ ਪੁੱਤਰ ਸ਼ਸ਼ੀ ਪਿੰਡ ਕੋਟਲਾ ਗੋਂਸਪੁਰ ਜ਼ਿਲ੍ਹਾ ਹੁਸ਼ਿਆਰਪੁਰ, ਜਿਸ ਖ਼ਿਲਾਫ਼ ਵੱਖ-ਵੱਖ ਥਾਣਿਆਂ 'ਚ ਕਤਲ, ਇਰਾਦਾ ਕਤਲ ਤੇ ਹੋਰ ਸੰਗੀਨ ਦੋਸ਼ਾਂ ਤਹਿਤ 7 ਮਾਮਲੇ ਦਰਜ ਸਨ, ਨੂੰ ਪੁਲਿਸ ਮੁਲਾਜ਼ਮ ਸਿਵਲ ਹਸਪਤਾਲ ਹੁਸ਼ਿਆਰਪੁਰ 'ਚ ਲੈ ਕੇ ਗਿਆ ਸੀ।
ਉਨ੍ਹਾਂ ਕਿਹਾ ਕਿ ਦੋਸ਼ੀ ਨਸੀਬ ਸਿੰਘ ਉਰਫ ਬਿੱਲੂ ਨੇ ਭੱਜਣ ਦੀ ਕੋਸ਼ਿਸ਼ ਕਰਦੇ ਹੋਏ ਸੀਨੀਅਰ ਕਾਂਸਟੇਬਲ ਜਸਦੀਪ ਸਿੰਘ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਜਾਣਕਾਰੀ ਦਿੰਦੇ ਹੋਏ ਐਸ.ਐਸ.ਪੀ. ਨੇ ਦੱਸਿਆ ਕਿ ਹਮਲੇ ਵਿਚ ਜਸਦੀਪ ਸਿੰਘ ਜ਼ਖਮੀ ਹੋ ਗਿਆ ਸੀ, ਪਰ ਉਸਨੇ ਦੋਸ਼ੀ ਨੂੰ ਭੱਜਣ ਨਹੀਂ ਦਿੱਤਾ। ਦੋਸ਼ੀ ਹਮਲਾ ਕਰਦਾ ਰਿਹਾ, ਜਿਸ ਤੋਂ ਬਾਅਦ ਪੁਲਿਸ ਨੇ ਸਵੈ-ਰੱਖਿਆ ਵਿਚ ਗੋਲੀਆਂ ਚਲਾਈਆਂ ਅਤੇ ਦੋਸ਼ੀ ਨਸੀਬ ਸਿੰਘ ਗੋਲੀਬਾਰੀ ਵਿੱਚ ਗੰਭੀਰ ਜ਼ਖਮੀ ਹੋ ਗਿਆ। ਮੁਲਜ਼ਮ ਦੀ ਹਸਪਤਾਲ ਲਿਜਾਣ ਤੋਂ ਬਾਅਦ ਇਲਾਜ ਦੌਰਾਨ ਮੌਤ ਹੋ ਗਈ।
;
;
;
;
;
;
;
;