ਨਗਰ ਨਿਗਮ ਕਪੂਰਥਲਾ ਤੇ ਨਗਰ ਕੌਂਸਲ ਸੁਲਤਾਨਪੁਰ ਲੋਧੀ ਦੀ ਆਮ ਚੋਣ ਲਈ 387 ਉਮੀਦਵਾਰਾਂ ਨੇ ਨਾਮਜ਼ਦਗੀ ਪਰਚੇ ਭਰੇ
ਕਪੂਰਥਲਾ, 16 ਮਈ (ਅਮਰਜੀਤ ਕੋਮਲ) - ਨਗਰ ਨਿਗਮ ਕਪੂਰਥਲਾ ਤੇ ਨਗਰ ਕੌਂਸਲ ਸੁਲਤਾਨਪੁਰ ਲੋਧੀ ਦੀਆਂ 26 ਮਈ ਨੂੰ ਹੋਣ ਵਾਲੀਆਂ ਚੋਣਾਂ ਲਈ ਨਾਮਜ਼ਦਗੀ ਪਰਚੇ ਭਰਨ ਦੇ ਆਖ਼ਰੀ ਦਿਨ ਅੱਜ ਵੱਖ-ਵੱਖ ਰਾਜਸੀ ਪਾਰਟੀਆਂ ਤੇ ਆਜ਼ਾਦ ਉਮੀਦਵਾਰਾਂ ਸਮੇਤ 387 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪਰਚੇ ਵੱਖ-ਵੱਖ ਰਿਟਰਨਿੰਗ ਅਫ਼ਸਰਾਂ ਦੇ ਦਫ਼ਤਰਾਂ ਵਿਚ ਦਾਖਲ ਕੀਤੇ | ਪ੍ਰਾਪਤ ਜਾਣਕਾਰੀ ਅਨੁਸਾਰ ਨਗਰ ਨਿਗਮ ਕਪੂਰਥਲਾ ਦੇ 50 ਵਾਰਡਾਂ ਲਈ 305 ਉਮੀਦਵਾਰਾਂ ਨੇ ਨਾਮਜ਼ਦਗੀ ਪਰਚੇ ਦਾਖਲ ਕੀਤੇ | ਇਸੇ ਤਰ੍ਹਾਂ ਨਗਰ ਕੌਂਸਲ ਕਪੂਰਥਲਾ ਦੇ 13 ਵਾਰਡਾਂ ਵਿਚੋਂ 82 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪਰਚੇ ਭਰੇ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਵਰਿੰਦਰਪਾਲ ਸਿੰਘ ਬਾਜਵਾ, ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਕਮ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ 18 ਮਈ ਦਿਨ ਸੋਮਵਾਰ ਨੂੰ ਨਾਮਜ਼ਦਗੀ ਪਰਚਿਆਂ ਦੀ ਪੜਤਾਲ ਹੋਵੇਗੀ, 19 ਮਈ ਦਿਨ ਮੰਗਲਵਾਰ ਨੂੰ ਦੁਪਹਿਰ 3 ਵਜੇ ਤੱਕ ਉਮੀਦਵਾਰ ਆਪਣੇ ਨਾਮਜ਼ਦਗੀ ਪਰਚੇ ਵਾਪਸ ਲੈ ਸਕਣਗੇ ਤੇ ਉਸ ਤੋਂ ਤੁਰੰਤ ਬਾਅਦ ਹੀ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ ਕੀਤੇ ਜਾਣਗੇ | ਵਧੀਕ ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ 26 ਮਈ ਦਿਨ ਮੰਗਲਵਾਰ ਨੂੰ ਸਵੇਰੇ 8 ਵਜੇ ਤੋਂ ਲੈ ਕੇ 5 ਵਜੇ ਤੱਕ ਵੋਟਾਂ ਪੈਣਗੀਆਂ | ਚੋਣਾਂ ਨੂੰ ਸੁਚਾਰੂ ਤਰੀਕੇ ਨਾਲ ਨੇਪਰੇ ਚੜ੍ਹਾਉਣ ਲਈ ਨਗਰ ਨਿਗਮ ਕਪੂਰਥਲਾ ਦੇ 50 ਵਾਰਡਾਂ ਲਈ 84 ਤੇ ਨਗਰ ਕੌਂਸਲ ਸੁਲਤਾਨਪੁਰ ਲੋਧੀ ਦੇ 13 ਵਾਰਡਾਂ ਲਈ 16 ਪੋਿਲੰਗ ਬੂਥ ਬਣਾਏ ਗਏ ਹਨ | ਉਨ੍ਹਾਂ ਦੱਸਿਆ ਕਿ ਪੰਜਾਬ ਰਾਜ ਚੋਣ ਕਮਿਸ਼ਨ ਵਲੋਂ ਨਗਰ ਨਿਗਮ ਦੀ ਚੋਣ ਲੜਨ ਵਾਲੇ ਉਮੀਦਵਾਰਾਂ ਲਈ ਖ਼ਰਚੇ ਦੀ ਹੱਦ 4 ਲੱਖ ਰੁਪਏ ਤੇ ਨਗਰ ਕੌਂਸਲ ਦੀ ਚੋਣ ਲੜਨ ਵਾਲੇ ਉਮੀਦਵਾਰ ਲਈ ਖ਼ਰਚੇ ਦੀ ਹੱਦ 2 ਲੱਖ ਰੁਪਏ ਨਿਸ਼ਚਿਤ ਕੀਤੀ ਗਈ ਹੈ | ਵਧੀਕ ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਨਗਰ ਨਿਗਮ ਕਪੂਰਥਲਾ ਤੇ ਨਗਰ ਕੌਂਸਲ ਸੁਲਤਾਨਪੁਰ ਲੋਧੀ ਦੀ ਚੋਣ ਲਈ ਤਾਇਨਾਤ ਕੀਤੇ ਜਾਣ ਵਾਲੇ ਚੋਣ ਅਮਲੇ ਦੀ ਅੱਜ ਪਹਿਲੀ ਰਿਹਰਸਲ ਵਿਰਸਾ ਵਿਹਾਰ ਕਪੂਰਥਲਾ ਤੇ ਕੈਂਬਰਿਜ ਸਕੂਲ ਸੁਲਤਾਨਪੁਰ ਲੋਧੀ ਵਿਚ ਹੋਈ |
;
;
;
;
;
;
;
;
;