JALANDHAR WEATHER

ਗਿੱਟੀਆਂ ਬਣਾਉਣ ਵਾਲੀ ਫੈਕਟਰੀ ਨੂੰ ਅੱਗ ਲੱਗਣ ਕਾਰਨ ਕਰੋੜਾਂ ਦੀ ਮਸ਼ੀਨਰੀ ਸੜ ਕੇ ਸੁਆਹ

ਲੌਂਗੋਵਾਲ (ਸੰਗਰੂਰ), 20 ਮਈ (ਵਿਨੋਦ, ਸ. ਖੰਨਾ) - ਅੱਜ ਇੱਥੇ ਸਿਖਰ ਦੁਪਹਿਰੇ ਪਰਾਲੀ ਤੋਂ ਗਿੱਟੀਆਂ ਬਣਾਉਣ ਵਾਲੀ ਫੈਕਟਰੀ ਨੂੰ ਅਚਾਨਕ ਅੱਗ ਲੱਗ ਜਾਣ ਕਾਰਨ ਕਰੋੜਾਂ ਰੁਪਏ ਦੀ ਮਸੀਨਰੀ ਸੜ ਕੇ ਸਵਾਹ ਹੋ ਗਈ ਹੈ। ਅੱਗ ਲੱਗਣ ਦਾ ਕਾਰਨ ਬਿਜਲੀ ਦਾ ਸਪਾਰਕ ਹੋਣਾ ਸਮਝਿਆ ਜਾ ਰਿਹਾ ਹੈ। ਘਟਨਾ ਸਥਾਨ ਤੋਂ ਇੱਕਤਰ ਕੀਤੀ ਜਾਣਕਾਰੀ ਅਨੁਸਾਰ ਗੋਇਲ ਇੰਡਸਟਰੀਜ਼ ਸ਼ੇਰੋਂ ਰੋਡ 'ਤੇ ਪਰਾਲੀ ਤੋਂ ਗਿੱਟੀਆਂ ਬਣਾਉਣ ਵਾਲੀ ਫੈਕਟਰੀ ਵਿਚ ਅਚਾਨਕ ਬਿਜਲੀ ਦਾ ਸਪਾਰਕ ਹੋ ਗਿਆ, ਜਿਸ ਕਾਰਨ ਫੈਕਟਰੀ ਦੀ ਮਸੀਨਰੀ ਨੂੰ ਅੱਗ ਲੱਗ ਗਈ।
ਗੋਇਲ ਇੰਡਸਟਰੀਜ਼ ਦੇ ਹਿੱਸੇਦਾਰ ਮਨੀ ਗੋਇਲ ਨੇ ਦੱਸਿਆ ਕਿ ਅੱਜ ਦੁਪਹਿਰ 1.30 ਵਜੇ ਦੇ ਕਰੀਬ ਫੈਕਟਰੀ ਚੋਂ ਅਚਾਨਕ ਧੂੰਆਂ ਨਿਕਲਣਾ ਸ਼ੁਰੂ ਹੋ ਗਿਆ ਅਤੇ ਵੇਖਦਿਆਂ ਵੇਖਦਿਆਂ ਭਿਆਨਕ ਅੱਗ ਫੈਕਟਰੀ ਦੇ ਅੰਦਰ ਪਏ ਸਮਾਨ ਨੂੰ ਜਾ ਪਈ। ਇਸ ਘਟਨਾ ਦੀ ਸੂਚਨਾ ਥਾਣਾ ਲੌਂਗੋਵਾਲ ਨੂੰ ਅਤੇ ਅੱਗ ਬੁਝਾਊ ਵਿਭਾਗ ਨੂੰ ਦਿੱਤੀ ਗਈ ਤਾਂ ਥਾਣਾ ਲੌਂਗੋਵਾਲ ਦੇ ਐੱਸ.ਐੱਚ. ਓ. ਇੰਸਪੈਕਟਰ ਬਲਵੰਤ ਸਿੰਘ ਪੁਲਿਸ ਪਾਰਟੀ ਨਾਲ ਘਟਨਾ ਸਥਾਨ ਤੇ ਪੁੱਜ ਗਏ। ਇਸ ਦੌਰਾਨ ਸੰਗਰੂਰ ਤੋਂ ਫਾਇਰ  ਬ੍ਰਿਗੇਡ ਦੀ ਗੱਡੀ ਨੇ ਆ ਕੇ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਪ੍ਰੰਤੂ ਅੱਗ ਤੇ ਕਾਬੂ ਨਾ ਪਾਇਆ ਜਾ ਸਕਿਆ ਅਤੇ ਅੱਗ ਮਸੀਨਰੀ ਨੂੰ ਜਾ ਪਈ। ਅੱਗ ਬੁਝਾਉਣ ਦੇ ਯਤਨਾਂ ਦੌਰਾਨ ਅੱਗ ਨੇੜੇ ਲਗਦੇ ਸ਼ੈਲਰ ਦੇ ਫੂਸ ਨੂੰ ਵੀ ਜਾ ਲੱਗੀ।
ਇਸ ਘਟਨਾ ਵਿਚ ਹੋਏ ਪੂਰੇ ਨੁਕਸਾਨ ਦਾ ਪਤਾ ਤਾਂ ਅੱਗ ਬੁਝਾਉਣ ਤੋਂ ਬਾਅਦ ਹੀ ਪਤਾ ਲੱਗ ਸਕੇਗਾ। ਫਿਰ ਵੀ ਸਮਝਿਆ ਜਾ ਰਿਹਾ ਹੈ ਕਿ ਇਹ ਫੈਕਟਰੀ ਨਵੀਂ ਲੱਗੀ ਹੈ ਅਤੇ ਇਸਦੀ ਮਸੀਨਰੀ ਨਵੀਂ ਹੋਣ ਕਾਰਨ ਮਾਲਕਾਂ ਦਾ ਭਾਰੀ ਨੁਕਸਾਨ ਹੋਇਆ ਹੈ। ਇਸ ਘਟਨਾ ਦਾ ਪਤਾ ਲੱਗਦਿਆਂ ਕੈਬਨਿਟ ਮੰਤਰੀ ਅਮਨ ਅਰੋੜਾ ਦੇ ਓ. ਐੱਸ. ਡੀ. ਸੰਜੀਵ ਕੁਮਾਰ ਸੰਜੂ ਨੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਖ਼ਬਰ ਲਿਖੇ ਜਾਣ ਤੱਕ ਘਟਨਾ ਸਥਾਨ ਉੱਤੇ ਲੌਂਗੋਵਾਲ ਦੇ ਲੋਕਾਂ ਦਾ ਭਾਰੀ ਇਕੱਠ ਹੋ ਗਿਆ ਸੀ ਅਤੇ ਅੱਗ ਬੁਝਾਉਣ ਦੇ ਯਤਨ ਜਾਰੀ ਸਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ