ਅਕਾਲੀ ਆਗੂ ਅਤੇ ਜ਼ਿਲ੍ਹਾ ਪ੍ਰਧਾਨ ਸਤੀਸ਼ ਗਰੋਵਰ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ
ਫਰੀਦਕੋਟ, 21 ਮਈ (ਜਸਵੰਤ ਸਿੰਘ ਪੁਰਬਾ) - ਦੇਰ ਰਾਤ ਸਥਿਤੀ ਉਸ ਵੇਲੇ ਹੰਗਾਮਾ ਪੂਰਨ ਹੋ ਗਈ, ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਸਤੀਸ਼ ਕੁਮਾਰ ਗੋਵਰ ਨੂੰ ਪੁਲਿਸ ਵਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਆਪਣੇ ਨਾਲ ਲਿਜਾਇਆ ਗਿਆ। ਇਸ ਤੋਂ ਬਾਅਦ ਉਨ੍ਹਾਂ ਦੇ ਸਮਰਥਕਾਂ ਨੇ ਐਸ.ਐਸ.ਪੀ. ਦਫ਼ਤਰ ਦੇ ਬਾਹਰ ਜੰਮ ਕੇ ਹੰਗਾਮਾ ਕੀਤਾ। ਇਸ ਮੌਕੇ ਉਨ੍ਹਾਂ ਵਲੋਂ ਮੰਗ ਕੀਤੀ ਗਈ ਕਿ ਉਨ੍ਹਾਂ ਦੇ ਆਗੂ ਸਤੀਸ਼ ਗਰੋਵਰ ਨੂੰ ਤੁਰੰਤ ਰਿਹਾਅ ਕੀਤਾ ਜਾਵੇ ਅਤੇ ਗ੍ਰਿਫਤਾਰ ਕਰਨ ਦੀ ਵਜ੍ਹਾ ਦੱਸੀ ਜਾਵੇ।
ਗੌਰਤਲਬ ਹੈ ਕਿ ਦੋ ਦਿਨ ਪਹਿਲਾਂ ਨਾਮਜ਼ਦਗੀਆਂ ਪੱਤਰ ਦੀ ਪੜਚੋਲ ਸਮੇਂ ਸ਼੍ਰੋਮਣੀ ਅਕਾਲੀ ਦਲ ਨੇ ਇਲਜ਼ਾਮ ਲਗਾਏ ਸਨ ਕਿ ਸੱਤਾਧਾਰੀ ਪਾਰਟੀ ਦੇ ਦਬਾਅ ਹੇਠ ਆ ਕੇ ਅਧਿਕਾਰੀਆਂ ਵਲੋਂ ਉਨ੍ਹਾਂ ਦੇ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਮਾਮੂਲੀ ਇਤਰਾਜਾਂ ਦੇ ਤਹਿਤ ਰੱਦ ਕੀਤੇ ਜਾ ਰਹੇ ਹਨ, ਜਿਸ ਤੋਂ ਬਾਅਦ ਲਗਾਤਾਰ ਰਿਟਰਨਿੰਗ ਅਫ਼ਸਰ ਦੇ ਦਫ਼ਤਰ ਦੇ ਬਾਹਰ ਸ਼੍ਰੋਮਣੀ ਅਕਾਲੀ ਦਲ ਵਲੋਂ ਧਰਨੇ ਪ੍ਰਦਰਸ਼ਨ ਕੀਤੇ ਗਏ ਸਨ। ਹੁਣ ਮੰਨਿਆ ਜਾ ਰਿਹਾ ਕਿ ਇਸ ਦੇ ਚਲਦੇ ਹੀ ਪੁਲਿਸ ਵਲੋਂ ਕੁਝ ਅਕਾਲੀ ਆਗੂਆਂ ਦੇ ਖਿਲਾਫ਼ ਮਾਮਲਾ ਦਰਜ ਕੀਤਾ ਗਿਆ, ਜਿਸ ਵਿਚ ਦੱਸਿਆ ਜਾ ਰਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬੰਟੀ ਰੋਮਾਣਾ ਵੀ ਸ਼ਾਮਿਲ ਹਨ।
ਸੂਤਰਾਂ ਮੁਤਾਬਕ ਮਿਲੀ ਜਾਣਕਾਰੀ ਅਨੁਸਾਰ ਛੇ ਲੋਕਾਂ ਦੇ ਖਿਲਾਫ਼ ਨਾਮ ਸਮੇਤ ਅਤੇ ਕੁਝ ਅਣ-ਪਛਾਤੇ ਲੋਕਾਂ ਦੇ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ, ਜਿਸ ਤੇ ਚਲਦੇ ਕੱਲ੍ਹ ਸ਼ਾਮ ਸ਼ਹਿਰੀ ਜ਼ਿਲ੍ਹਾ ਪ੍ਰਧਾਨ ਸਤੀਸ਼ ਕੁਮਾਰ ਗਰੋਵਰ ਦੀ ਗ੍ਰਿਫਤਾਰੀ ਹੋਈ ਅਤੇ ਉਸ ਤੋਂ ਬਾਅਦ ਹੰਗਾਮੇ ਦੀਆਂ ਤਸਵੀਰਾਂ ਸਾਹਮਣੇ ਆਈਆਂ। ਅੱਧੀ ਰਾਤ ਤੱਕ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਵਲੋਂ ਐਸ.ਐਸ.ਪੀ. ਦਫ਼ਤਰ ਦੇ ਬਾਹਰ ਧਰਨਾ ਲਗਾਇਆ ਅਤੇ ਜੰਮ ਕੇ ਸਰਕਾਰ ਦੇ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਆਗੂਆਂ ਵਲੋਂ ਇਲਜ਼ਾਮ ਲਗਾਏ ਗਏ ਕਿ ਫਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋ ਵਲੋਂ ਆਪਣੀ ਪਾਵਰ ਦਾ ਗਲਤ ਇਸਤੇਮਾਲ ਕੀਤਾ ਜਾ ਰਿਹਾ ਤੇ ਜਾਣ ਬੁਝ ਕੇ ਆਪਣੇ ਵਿਰੋਧੀਆਂ ਨੂੰ ਪੁਲਿਸ ਤੇ ਦਬਾਅ ਬਣਾ ਕੇ ਉਨ੍ਹਾਂ ਦੀਆਂ ਗ੍ਰਿਫ਼ਤਾਰੀਆਂ ਕਰਾਈਆਂ ਜਾ ਰਹੀਆਂ ਹਨ ਤਾਂ ਕਿ ਨਗਰ ਕੌਂਸਲ ਦੀਆਂ ਚੋਣਾਂ ਦੌਰਾਨ ਉਹ ਕੰਪੈਨਿੰਗ ਨਾ ਕਰ ਸਕਣ।
ਇਸ ਮੌਕੇ ਅਕਾਲੀ ਆਗੂ ਵਿਜੇ ਛਾਬੜਾ ਅਤੇ ਬੰਟੀ ਰੋਮਾਣਾ ਦੇ ਪਤਨੀ ਸ਼ੈਰੀ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਨੂੰ ਨਗਰ ਕੌਂਸਲ ਦੀਆਂ ਚੋਣਾਂ ਵਿਚ ਆਪਣੀ ਹਾਰ ਸਪੱਸ਼ਟ ਦਿਖਾਈ ਦੇ ਰਹੀ ਹੈ, ਜਿਸ ਦੇ ਡਰ ਤੋਂ ਉਹ ਘਬਰਾ ਚੁੱਕੇ ਹਨ ਅਤੇ ਹੁਣ ਅਜਿਹੀਆਂ ਕੋਝੀਆਂ ਹਰਕਤਾਂ ’ਤੇ ਉਤਰੇ ਹੋਏ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਇਸ ਵਾਰ ਨਗਰ ਕੌਂਸਲ ਦੀਆਂ ਚੋਣਾਂ ਵਿਚ ਆਪਣੀ ਝੰਡੀ ਬੁਲੰਦ ਕਰੇਗਾ ਤੇ ਨਗਰ ਕੌਂਸਲ ਦੇ ਸਾਰੇ ਅਹੁਦਿਆਂ ’ਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਕਾਬਜ਼ ਹੋਣਗੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਇਕ ਵੀ ਵਰਕਰ ਉਨ੍ਹਾਂ ਦੀ ਇਸ ਦਬਾਅ ਦੀ ਨੀਤੀ ਹੇਠ ਨਹੀਂ ਆਉਣਗੇ ਅਤੇ ਡੱਟ ਕੇ ਮੁਕਾਬਲਾ ਕਰਨਗੇ।
;
;
;
;
;
;
;
;
;