ਇਕ ਮਹੀਨੇ ਤੋਂ ਆਪਣੇ ਪਰਿਵਾਰ ਨੂੰ ਉਡੀਕ ਰਹੀ ਸਿਵਲ ਹਸਪਤਾਲ ਕਪੂਰਥਲਾ 'ਚ ਦਾਖਲ ਅੰਮ੍ਰਿਤਸਰ ਦੀ 15 ਸਾਲਾਂ ਬੱਚੀ
ਕਪੂਰਥਲਾ, 22 ਮਈ (ਅਮਨਜੋਤ ਸਿੰਘ ਵਾਲੀਆ)- ਇਕ ਮਹੀਨਾ ਪਹਿਲਾਂ ਦਰਿਆ ਬਿਆਸ ਨੇੜਿਓ ਬੇਹੋਸ਼ੀ ਦੀ ਹਾਲਤ ਵਿਚ ਮਿਲੀ 15 ਸਾਲਾਂ ਲੜਕੀ ਦੇ ਵਾਰਸਾਂ ਦਾ ਅਜੇ ਤੱਕ ਕੋਈ ਪਤਾ ਨਹੀਂ ਲੱਗਾ ਹੈ। ਇੱਥੇ ਜ਼ਿਕਰਯੋਗ ਹੈ ਕਿ ਥਾਣਾ ਢਿਲਵਾਂ ਦੀ ਪੁਲਿਸ ਨੇ ਦਰਿਆ ਬਿਆਸ ਨੇੜਿਓ ਬੇਹੋਸ਼ੀ ਦੀ ਹਾਲਤ ਵਿਚ ਪਈ ਇਕ ਲੜਕੀ ਨੂੰ ਸਿਵਲ ਹਸਪਤਾਲ ਕਪੂਰਥਲਾ ਵਿਖੇ ਦਾਖ਼ਲ ਕਰਵਾਇਆ ਸੀ ਤੇ ਉਕਤ ਲੜਕੀ ਅਜੇ ਤੱਕ ਸਿਵਲ ਹਸਪਤਾਲ ਕਪੂਰਥਲਾ ਵਿਚ ਹੀ ਹੈ ਅਤੇ ਹੁਣ ਤੱਕ ਉਕਤ ਲੜਕੀ ਦੇ ਵਾਰਸਾਂ ਦਾ ਕੋਈ ਪਤਾ ਨਹੀਂ ਲੱਗ ਸਕਿਆ ਹੈ। ਇਸ ਸਬੰਧੀ ਅੱਜ ਜਦੋਂ 'ਅਜੀਤ' ਦੀ ਟੀਮ ਨੇ ਸਿਵਲ ਹਸਪਤਾਲ ਕਪੂਰਥਲਾ ਵਿਖੇ ਜਾ ਕੇ ਉਕਤ ਲੜਕੀ ਨਾਲ ਗੱਲਬਾਤ ਕੀਤੀ ਤਾਂ ਉਸ ਨੇ ਦੱਸਿਆ ਕਿ ਉਸ ਦਾ ਨਾਂਅ ਸੁਮਨਦੀਪ ਕੌਰ ਹੈ, ਉਸ ਦੇ ਪਿਤਾ ਦਾ ਨਾਂਅ ਜਿੰਦਰ ਸਿੰਘ ਜਿਸ ਦੀ ਪਹਿਲਾਂ ਮੌਤ ਹੋ ਚੁੱਕੀ ਹੈ ਅਤੇ ਉਸ ਦੀ ਮਾਤਾ ਦਾ ਨਾਂਅ ਅਮਰਜੀਤ ਕੌਰ ਹੈ।
ਉਸ ਨੇ ਦੱਸਿਆ ਕਿ ਉਸ ਦੇ ਤਿੰਨ ਭਰਾ ਕਰਨ, ਦਿਲਬੀਰ ਤੇ ਜੱਸ ਅਤੇ ਦੋ ਭੈਣਾਂ ਹਨ, ਜੋ ਕਿ ਪਿੰਡ ਕੱਥੂ ਨੰਗਲ ਜ਼ਿਲ੍ਹਾ ਅੰਮਿ੍ਤਸਰ ਨਾਲ ਸਬੰਧ ਰੱਖਦੀ ਹੈ। ਇਸ ਸਬੰਧੀ ਕੱਥੂ ਨੰਗਲ ਪਿੰਡ ਦੇ ਸਰਪੰਚ ਜਤਿੰਦਰ ਸਿੰਘ ਨਾਲ ਸੰਪਰਕ ਕਰਕੇ ਉਕਤ ਲੜਕੀ ਸਬੰਧੀ ਜਾਣਕਾਰੀ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪਿੰਡ ਵਿਚ ਉਕਤ ਲੜਕੀ ਦੇ ਵਾਰਸਾਂ ਬਾਰੇ ਪਤਾ ਕੀਤਾ ਜਾਵੇਗਾ। ਥਾਣਾ ਕੱਥੂ ਨੰਗਲ ਜ਼ਿਲ੍ਹਾ ਅੰਮਿ੍ਤਸਰ ਦੇ ਮੁਨਸ਼ੀ ਮਨਦੀਪ ਸਿੰਘ ਨੂੰ ਵੀ ਉਕਤ ਲੜਕੀ ਦੇ ਵਾਰਸਾਂ ਦੀ ਭਾਲ ਕਰਨ ਲਈ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਉਨ੍ਹਾਂ ਨੇ ਭਰੋਸਾ ਦਿਵਾਇਆ ਕਿ ਉਕਤ ਲੜਕੀ ਦੇ ਪਰਿਵਾਰ ਨੂੰ ਲੱਭਣ ਵਿਚ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ। ਸਿਵਲ ਹਸਪਤਾਲ ਕਪੂਰਥਲਾ ਦੇ ਐਸ.ਐਮ.ਓ. ਡਾ. ਪਰਮਿੰਦਰ ਕੌਰ ਨੇ ਦੱਸਿਆ ਕਿ ਸੀ.ਡਬਲਯੂ. ਸੰਸਥਾ ਤੇ ਥਾਣਾ ਢਿਲਵਾਂ ਦੀ ਪੁਲਿਸ ਨੂੰ ਲਿਖ਼ਤੀ ਰੂਪ ਵਿਚ ਇਸ ਪਰਿਵਾਰ ਦੀ ਭਾਲ ਕਰਨ ਵਾਸਤੇ ਕਿਹਾ ਗਿਆ ਹੈ। |
;
;
;
;
;
;
;
;