JALANDHAR WEATHER

ਫ਼ਾਜ਼ਿਲਕਾ ਵਿਖੇ ਸਟਰਾਂਗ ਰੂਮਾਂ ਦੀ ਸੀਲ ‘ਚ ਗੜਬੜੀ ਦੀ ਅਫ਼ਵਾਹ ਤੋਂ ਬਾਅਦ ਪ੍ਰਸ਼ਾਸਨ ਵਲੋਂ ਸਿਆਸੀ ਆਗੂਆਂ ਨੂੰ ਕਰਵਾਇਆ ਸੰਤੁਸ਼ਟ

ਫ਼ਾਜ਼ਿਲਕਾ, 27 ਮਈ (ਬਲਜੀਤ ਸਿੰਘ)- ਫ਼ਾਜ਼ਿਲਕਾ ਵਿਖੇ ਨਗਰ ਕੌਂਸਲ, ਨਗਰ ਨਿਗਮ ਅਤੇ ਨਗਰ ਪੰਚਾਇਤ ਦੀਆਂ ਚੋਣਾਂ ਤੋਂ ਬਾਅਦ ਬੈਲਟ ਬਾਕਸਾਂ ਨੂੰ ਫ਼ਾਜ਼ਿਲਕਾ ਦੇ ਸਕੂਲ ਆਫ਼ ਐਮੀਨੈਂਸ ਵਿਖੇ ਬਣਾਏ ਗਏ ਸਟਰਾਂਗ ਰੂਮਾਂ ਵਿਚ ਰੱਖ ਦਿੱਤਾ ਗਿਆ ਸੀ। ਜਿੱਥੇ ਸਿਵਲ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਵਲੋਂ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਬਲਕਿ ਬੀਤੀ ਸ਼ਾਮ ਸੋਸ਼ਲ ਮੀਡੀਆ ਉੱਪਰ ਸਟਰਾਂਗ ਰੂਮ ਨੂੰ ਲੱਗੀਆਂ ਸੀਲਾਂ ਦੇ ਵਿਚ ਗੜਬੜੀ ਦੀ ਅਫ਼ਵਾਹ ਤੇਜ਼ੀ ਨਾਲ ਉੱਡਣ ਲੱਗੀ। ਭਾਜਪਾ ਦੇ ਸਾਬਕਾ ਮੰਤਰੀ ਸੁਰਜੀਤ ਕੁਮਾਰ ਜਿਆਣੀ, ਕਾਂਗਰਸ ਦੇ ਸਾਬਕਾ ਵਿਧਾਇਕ ਦਵਿੰਦਰ ਸਿੰਘ ਘੁਬਾਇਆ, ਆਜ਼ਾਦ ਉਮੀਦਵਾਰ ਪੂਜਾ ਲੂਥਰਾ ਸਚਦੇਵਾ, ਭਾਜਪਾ ਮੰਡਲ ਪ੍ਰਧਾਨ ਰਮੇਸ਼ ਕਟਾਰੀਆ ਤੋਂ ਇਲਾਵਾ ਕਈ ਹੋਰ ਕਈ ਆਗੂ ਮੌਕੇ ’ਤੇ ਪੁੱਜੇ। ਜਿਸ ਤੋਂ ਬਾਅਦ ਮੌਕੇ ’ਤੇ ਮੌਜੂਦ ਰਿਟਰਨਿੰਗ ਅਫ਼ਸਰ ਜੁਗਰਾਜ ਸਿੰਘ ਕਾਹਲੋਂ ਅਤੇ ਡੀ.ਐੱਸ.ਪੀ.ਬੀ.ਐੱਸ.ਰੰਧਾਵਾ ਵਲੋਂ ਆਏ ਹੋਏ ਵੱਖ-ਵੱਖ ਸਿਆਸੀ ਆਗੂਆਂ ਨੂੰ ਸਟਰਾਂਗ ਰੂਮ ਦੇ ਗੇਟ, ਸੀਲਾਂ ਅਤੇ ਤਾਲੇ ਚੈੱਕ ਕਰਵਾਏ ਅਤੇ ਲਾਲ ਸੀਲ ਵੀ ਸਹੀ ਹਾਲਤ ’ਚ ਪਾਈ ਗਈ।

ਇਸ ਮੌਕੇ ਰਿਟਰਨਿੰਗ ਅਫ਼ਸਰ ਜੁਗਰਾਜ ਸਿੰਘ ਕਾਹਲੋਂ ਨੇ ਕਿਹਾ ਕਿ ਸਟਰਾਂਗ ਰੂਮ ਦੀ ਸੀਲ ਬਿਲਕੁਲ ਸਹੀ ਹੈ ਅਤੇ ਪ੍ਰਸ਼ਾਸਨ ਇਸ ਦਾ ਪੂਰਾ ਧਿਆਨ ਰੱਖ ਰਿਹਾ ਹੈ। ਹਰ ਸਮੇਂ ਸੀ.ਸੀ.ਟੀ.ਵੀ ਰਾਹੀਂ ਨਿਗਰਾਨੀ ਰੱਖੀ ਜਾ ਰਹੀ ਹੈ। ਉਨ੍ਹਾਂ ਵਲੋਂ ਇਹ ਵੀ ਕਿਹਾ ਗਿਆ ਕਿ ਸੋਸ਼ਲ ਮੀਡੀਆ ’ਤੇ ਚੱਲ ਰਹੀ ਖ਼ਬਰ ਨਾਲ ਸਿਆਸੀ ਆਗੂਆਂ ਅਤੇ ਉਮੀਦਵਾਰਾਂ ਦੇ ਮੰਨ ਵਿਚ ਜੋ ਸ਼ੰਕੇ ਸਨ ਉਨ੍ਹਾਂ ਨੂੰ ਦੂਰ ਕਰ ਦਿੱਤਾ ਗਿਆ ਹੈ। ਇਸ ਮੌਕੇ ਜਦੋਂ ਭਾਜਪਾ ਦੇ ਸਾਬਕਾ ਮੰਤਰੀ ਸੁਰਜੀਤ ਕੁਮਾਰ ਜਿਆਣੀ ਅਤੇ ਕਾਂਗਰਸ ਦੇ ਸਾਬਕਾ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ਉੱਪਰ ਖ਼ਬਰ ਦੇਖਣ ਤੋਂ ਬਾਅਦ ਉਨ੍ਹਾਂ ਵਲੋਂ ਆਪਣੀ-ਆਪਣੀ ਪਾਰਟੀ ਦੇ ਕੁੱਝ ਉਮੀਦਵਾਰਾਂ ਨਾਲ ਪ੍ਰਸ਼ਾਸਨ ਵਲੋਂ ਬਣਾਏ ਸਟਰਾਂਗ ਰੂਮਾਂ ਦਾ ਦੌਰਾ ਕੀਤਾ ਗਿਆ ਸੀ ਅਤੇ ਗੇਟ ਨੂੰ ਲੱਗੇ ਤਾਲੇ ਅਤੇ ਸੀਲ ਸਹੀ ਪਾਈ ਗਈ ਹੈ। ਉਨ੍ਹਾਂ ਕਿਹਾ ਕਿ ਵੋਟਾਂ ਦੀ ਗਿਣਤੀ ਹੋਣ ਤੱਕ ਉਨ੍ਹਾਂ ਦੀ ਪਾਰਟੀ ਦੇ ਆਗੂਆਂ ਵਲੋਂ ਇੱਥੇ ਕੜੀ ਨਜ਼ਰ ਰੱਖੀ ਜਾਵੇਗੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ