JALANDHAR WEATHER

ਸ਼ਹਿਰ ਦੀ ਬਿਜਲੀ ਸਪਲਾਈ ਗੁੱਲ ਹੋਣ ਕਾਰਨ ਵਿਰਸਾ ਵਿਹਾਰ ਵਿਖੇ ਬਣੇ ਵੋਟ ਗਿਣਤੀ ਕੇਂਦਰ ਅੰਦਰ ਛਾਇਆ ਹਨ੍ਹੇਰਾ

ਕਪੂਰਥਲਾ, 27 ਮਈ (ਅਮਰਜੀਤ ਸਿੰਘ ਸਡਾਨਾ)-ਨਗਰ ਨਿਗਮ ਚੋਣਾਂ ਉਪਰੰਤ ਵੋਟਾਂ ਦੀ ਗਿਣਤੀ ਲਈ ਪੋਿਲੰਗ ਸਟੇਸ਼ਨਾਂ ਤੋਂ ਬੈਲਟ ਪੇਪਰਾਂ ਵਾਲੇ ਬਕਸੇ ਸੀਲ ਬੰਦ ਕਰਕੇ ਵਿਰਸਾ ਵਿਹਾਰ ਦੇ ਸਟਰਾਂਗ ਰੂਮ ਵਿਖੇ ਰਖਵਾਏ ਗਏ ਹਨ | ਭਾਵੇਂ ਕਿ ਚੋਣਾਂ ਤੋਂ ਪਹਿਲਾਂ ਪ੍ਰਸ਼ਾਸਨ ਵਲੋਂ ਇਹ ਦਾਅਵਾ ਕੀਤਾ ਗਿਆ ਸੀ ਕਿ ਗਿਣਤੀ ਲਈ ਪ੍ਰਬੰਧ ਪੂਰੇ ਮੁਕੰਮਲ ਕੀਤੇ ਗਏ ਹਨ ਤੇ ਡਿਪਟੀ ਕਮਿਸ਼ਨਰ ਵਲੋਂ ਵੀ ਸਾਥੀ ਅਧਿਕਾਰੀਆਂ ਦੇ ਨਾਲ ਸਟਰਾਂਗ ਰੂਮ ਦਾ ਦੌਰਾ ਕਰਕੇ ਪ੍ਰਬੰਧਾਂ ਨੂੰ ਮੁਕੰਮਲ ਕਰਨ ਦੀ ਗੱਲ ਕਹੀ ਗਈ ਸੀ, ਪਰ ਸਿਵਲ ਪ੍ਰਸ਼ਾਸਨ ਵਲੋਂ ਕੀਤੇ ਗਏ ਯੋਗ ਪ੍ਰਬੰਧਾਂ ਦੀ ਪੋਲ ਉਸ ਸਮੇਂ ਖੁੱਲ ਗਈ, ਜਦੋਂ ਅੱਜ ਸ਼ਾਮ 132ਕੇਵੀ ਸਬ ਸਟੇਸ਼ਨ ਵਿਖੇ ਅਚਾਨਕ ਅੱਗ ਲੱਗਣ ਕਾਰਨ ਸ਼ਹਿਰ ਦੇ ਬਹੁਤੇ ਇਲਾਕਿਆਂ ਦੀ ਬਿਜਲੀ ਸਪਲਾਈ ਗੁੱਲ ਹੋ ਗਈ, ਜਿਸ ਦੇ ਚੱਲਦਿਆਂ ਵਿਰਸਾ ਵਿਹਾਰ ਵਿਖੇ ਵੀ ਹਨੇਰਾ ਛਾਅ ਗਿਆ ਤੇ ਉਥੇ ਕਿਸੇ ਵੀ ਤਰ੍ਹਾਂ ਦੀ ਆਰਜ਼ੀ ਲਾਈਟ ਜਾਂ ਜਰਨੇਟਰ ਦਾ ਪ੍ਰਬੰਧ ਨਾ ਹੋਣ ਕਾਰਨ ਪੁਲਿਸ ਕਰਮਚਾਰੀਆਂ ਨੂੰ ਵੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ | ਵਿਰਸਾ ਵਿਹਾਰ ਵਿਖੇ ਬਿਜਲੀ ਗੁੱਲ ਹੋਣ ਕਾਰਨ ਹੋਏ ਹਨੇਰੇ ਦੀ ਖ਼ਬਰ ਜਦੋਂ ਚੋਣ ਲੜ੍ਹ ਰਹੇ ਉਮੀਦਵਾਰਾਂ ਤੱਕ ਪਹੁੰਚੀ ਤਾਂ ਦੇਰ ਰਾਤ ਕਰੀਬ 10 ਵਜੇ ਤੱਕ ਵੀ ਅੱਧੀ ਦਰਜ਼ਨ ਤੋਂ ਵੱਧ ਵੱਖ-ਵੱਖ ਵਾਰਡਾਂ ਨਾਲ ਸਬੰਧਿਤ ਉਮੀਦਵਾਰ ਵਿਰਸਾ ਵਿਹਾਰ ਇਮਾਰਤ ਜਿੱਥੇ ਸਟਰਾਂਗ ਰੂਮ ਬਣਿਆ ਹੈ, ਉੱਥੇ ਮੁੱਖ ਗੇਟ ਦੇ ਬਾਹਰ ਪਹੁੰਚੇ ਅਤੇ ਪੁਲਿਸ ਅਧਿਕਾਰੀਆਂ ਨੂੰ ਸੁਰੱਖਿਆ ਸਬੰਧੀ ਪੁੱਛਿਆ, ਜਿਨ੍ਹਾਂ ਨੇ ਵੀ ਆਪਣੀ ਬੇਵੱਸੀ ਜ਼ਾਹਿਰ ਕੀਤੀ, ਕਿਉਂਕਿ ਸੀ.ਸੀ.ਟੀ.ਵੀ. ਕੈਮਰੇ ਜਾਂ ਜਰਨੇਟਰ ਆਦਿ ਦਾ ਪ੍ਰਬੰਧ ਸਿਵਲ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੁੰਦੀ ਹੈ, ਜੋ ਕਿ ਦੇਰ ਰਾਤ ਤੱਕ ਵੀ ਉੱਥੇ ਮੁਹੱਈਆ ਨਹੀਂ ਕਰਵਾਇਆ ਗਿਆ | ਜਿਸ ਕਾਰਨ ਬਿਜਲੀ ਵੀ ਚਾਲੂ ਨਹੀਂ ਹੋ ਸਕੀ ਤੇ ਸੁਰੱਖਿਆ ਲਈ ਲਗਾਏ ਸੀ.ਸੀ.ਟੀ.ਵੀ. ਕੈਮਰੇ ਵੀ ਬੰਦ ਹੋ ਗਏ | ਬਿਜਲੀ ਗੁੱਲ ਹੋਣ ਉਪਰੰਤ ਸੁਰੱਖਿਆ ਸਬੰਧੀ ਜਦੋਂ ਡੀ.ਐਸ.ਪੀ. ਸਬ ਡਵੀਜ਼ਨ ਸ਼ੀਤਲ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਪੁਲਿਸ ਕਰਮਚਾਰੀਆਂ ਪਾਸ ਵੱਡੀਆਂ ਟਾਰਚਾਂ ਹਨ ਤੇ ਬਿਜਲੀ ਬੰਦ ਹੋਣ ਦੇ ਚੱਲਦਿਆਂ ਉੱਥੇ ਪੁਲਿਸ ਦੀ ਗਸ਼ਤ ਅਤੇ ਨਫਰੀ ਹੋਰ ਵਧਾਈ ਜਾ ਰਹੀ ਹੈ | ਇਸ ਮਾਮਲੇ ਨੂੰ ਲੈ ਕੇ ਜਦੋਂ ਐਸ.ਡੀ.ਐਮ. ਇਰਵਿਨ ਕੌਰ ਤੋਂ ਬਾਅਦ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫ਼ਸਰ ਅਕਾਸ਼ ਬਾਂਸਲ ਨਾਲ ਉਨ੍ਹਾਂ ਦੇ ਫੋਨ 'ਤੇ ਸੰਪਰਕ ਕਰਨਾ ਚਾਹਿਆ ਤਾਂ ਦੋਵਾਂ ਅਧਿਕਾਰੀਆਂ ਨੇ ਫੋਨ ਨਹੀਂ ਚੁੱਕਿਆ ਤਾਂ ਜੋ ਪ੍ਰਬੰਧਾਂ ਦੀ ਖਾਮੀ ਸਬੰਧੀ ਉਨ੍ਹਾਂ ਨਾਲ ਸੰਪਰਕ ਕੀਤਾ ਜਾ ਸਕੇ | ਦੇਰ ਰਾਤ ਕਰੀਬ 10 ਵਜੇ ਖ਼ਬਰ ਦੀਆਂ ਆਖਰੀ ਸਤਰਾਂ ਲਿਖੇ ਜਾਣ ਤੱਕ ਕੋਈ ਵੀ ਉੱਚ ਪੁਲਿਸ ਜਾਂ ਪ੍ਰਸ਼ਾਸਨਿਕ ਅਧਿਕਾਰੀ ਵਿਰਸਾ ਵਿਖੇ ਨਹੀਂ ਸੀ ਪਹੁੰਚਿਆ ਤੇ ਇਸ ਸੁਰੱਖਿਆ ਖਾਮੀ ਨੂੰ ਲੈ ਕੇ ਉਮੀਦਵਾਰਾਂ ਵਿਚ ਪ੍ਰਸ਼ਾਸਨ ਦੀ ਅਣਗਹਿਲੀ ਪ੍ਰਤੀ ਰੋਸ ਪਾਇਆ ਜਾ ਰਿਹਾ ਹੈ | ਇਸ ਮੌਕੇ ਸ਼ੋ੍ਰਮਣੀ ਅਕਾਲੀ ਦਲ ਦੇ ਉਮੀਦਵਾਰ ਰਜਿੰਦਰ ਸਿੰਘ ਧੰਜਲ, ਕਾਂਗਰਸ ਦੇ ਉਮੀਦਵਾਰ ਅਨਿਲ ਸ਼ੁਕਲਾ, ਅਕਾਲੀ ਦਲ ਦੇ ਉਮੀਦਵਾਰ ਕੋਮਲ ਸਹੋਤਾ, ਕਾਂਗਰਸ ਦੇ ਉਮੀਦਵਾਰ ਬਲਜੀਤ ਕਾਲਾ ਤੇ ਰਜਿੰਦਰ ਵਾਲੀਆ ਤੋਂ ਇਲਾਵਾ ਹੋਰ ਵੀ ਆਗੂ ਮੌਜੂਦ ਸਨ |

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ