JALANDHAR WEATHER

ਕੋਰਟ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ : ਡੇਰਾਬਸੀ ਮੁਹਾਲੀ ਤੇ ਖਰੜ ਅਦਾਲਤਾਂ 'ਚ ਆਮ ਲੋਕਾਂ ਦੇ ਦਾਖਲੇ 'ਤੇ ਰੋਕ

ਡੇਰਾਬਸੀ, 3 ਜੂਨ (ਰਣਬੀਰ ਸਿੰਘ ਪੜ੍ਹੀ)- ਐੱਸ.ਏ.ਐੱਸ. ਨਗਰ ਸੈਸ਼ਨ ਡਵੀਜ਼ਨ ਨੂੰ ਬੰਬ ਧਮਾਕੇ ਦੀ ਧਮਕੀ ਭਰੀ ਈ-ਮੇਲ ਮਿਲਣ ਤੋਂ ਬਾਅਦ ਮੁਹਾਲੀ, ਖਰੜ ਅਤੇ ਡੇਰਾਬੱਸੀ ਦੀਆਂ ਅਦਾਲਤਾਂ ਵਿਚ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਗਏ ਹਨ। ਜ਼ਿਲ੍ਹਾ ਅਤੇ ਸੈਸ਼ਨ ਜੱਜ ਵਲੋਂ ਜਾਰੀ ਹੁਕਮਾਂ ਅਨੁਸਾਰ 3 ਤੋਂ 5 ਜੂਨ ਤੱਕ ਅਦਾਲਤੀ ਕੰਪਲੈਕਸਾਂ ਵਿਚ ਆਮ ਲੋਕਾਂ ਦੇ ਦਾਖਲੇ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ।

ਹੁਕਮਾਂ ਮੁਤਾਬਕ ਕੇਵਲ ਮੁਕੱਦਮਿਆਂ ਨਾਲ ਸੰਬੰਧਿਤ ਪੱਖਕਾਰਾਂ ਅਤੇ ਦੋਸ਼ੀਆਂ ਨੂੰ ਹੀ ਅਦਾਲਤਾਂ ਵਿਚ ਦਾਖਲ ਹੋਣ ਦੀ ਆਗਿਆ ਹੋਵੇਗੀ। ਸੁਰੱਖਿਆ ਕਰਮਚਾਰੀਆਂ ਨੂੰ ਹਰ ਆਉਣ ਵਾਲੇ ਵਿਅਕਤੀ ਦੀ ਸਖ਼ਤ ਤਲਾਸ਼ੀ ਲੈਣ ਦੇ ਨਿਰਦੇਸ਼ ਦਿੱਤੇ ਗਏ ਹਨ। ਪੁਲਿਸ ਵਲੋਂ ਅਦਾਲਤੀ ਕੰਪਲੈਕਸਾਂ ਦੀ ਪੂਰੀ ਤਲਾਸ਼ੀ ਅਤੇ ਸੁਰੱਖਿਆ ਜਾਂਚ ਮੁਕੰਮਲ ਹੋਣ ਤੱਕ ਕਿਸੇ ਨੂੰ ਵੀ ਅੰਦਰ ਜਾਣ ਦੀ ਇਜਾਜ਼ਤ ਨਹੀਂ ਹੋਵੇਗੀ। ਅਦਾਲਤੀ ਕੰਮਕਾਜ ਵੀ ਪੁਲਿਸ ਦੀ ਕਲੀਅਰੈਂਸ ਮਿਲਣ ਤੋਂ ਬਾਅਦ ਹੀ ਸ਼ੁਰੂ ਕੀਤਾ ਜਾਵੇਗਾ।

ਇਸ ਦੌਰਾਨ ਨਿਆਂਇਕ ਅਧਿਕਾਰੀਆਂ ਅਤੇ ਸੁਰੱਖਿਆ ਅਮਲੇ ਨੂੰ ਵਧੇਰੇ ਚੌਕਸ ਰਹਿਣ ਅਤੇ ਕਿਸੇ ਵੀ ਸ਼ੱਕੀ ਗਤੀਵਿਧੀ ਦੀ ਤੁਰੰਤ ਸੂਚਨਾ ਦੇਣ ਲਈ ਕਿਹਾ ਗਿਆ ਹੈ। ਧਮਕੀ ਭਰੀ ਈ-ਮੇਲ ਤੋਂ ਬਾਅਦ ਪੂਰੇ ਸੈਸ਼ਨ ਡਵੀਜ਼ਨ ਵਿਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਭਾਵੇਂ ਕੋਰਟ ਵਿਚ ਇਕ ਮਹੀਨੇ ਦੀਆਂ ਛੁੱਟੀਆਂ ਚੱਲ ਰਹੀਆਂ ਹਨ ਪਰੰਤੂ ਕ੍ਰਿਮਨਲ ਅਤੇ ਨਵੇਂ ਕੇਸਾਂ ਦੀਆਂ ਸੁਣਵਾਈਆਂ ਅਜੇ ਵੀ ਚੱਲ ਰਹੀਆਂ ਹਨ।

ਥਾਣਾ ਮੁਖੀ ਸੁਮਿਤ ਮੋਰ ਨੇ ਦੱਸਿਆ ਕਿ ਧਮਕੀ ਮਿਲਣ ਤੋਂ ਬਾਅਦ ਕੋਰਟ ਕੰਪਲੈਕਸ ਦੀ ਪੂਰੀ ਤਰ੍ਹਾਂ ਤਲਾਸੀ ਅਤੇ ਜਾਂਚ ਕਰਨ ਲਈ ਗਈ ਹੈ, ਤਲਾਸ਼ੀ ਦੌਰਾਨ ਕੋਈ ਵੀ ਸ਼ੱਕੀ ਵਸਤੂ ਨਹੀਂ ਮਿਲੀ। ਹਰ ਰੋਜ਼ ਇਸੇ ਤਰ੍ਹਾਂ ਤਲਾਸ਼ੀ ਅਭਿਆਨ ਚਲਾਇਆ ਜਾਵੇਗਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ