ਡਿਵਾਈਡਰ ਟੱਪ ਕੇ ਟਰੱਕ ’ਚ ਵੱਜੀ ਕਾਰ, ਚਾਲਕ ਦੀ ਮੌਤ
ਭਵਾਨੀਗੜ੍ਹ, (ਸੰਗਰੂਰ), 3 ਜੂਨ (ਰਣਧੀਰ ਸਿੰਘ ਫੱਗੂਵਾਲਾ, ਲਖਵਿੰਦਰ ਪਾਲ ਗਰਗ)- ਘਾਬਦਾਂ ਦੇ ਪੀ.ਜੀ.ਆਈ ਹਸਪਤਾਲ ਦੇ ਸਾਹਮਣੇ ਮੁੱਖ ਮਾਰਗ ’ਤੇ ਇਕ ਬਰੀਜ਼ਾ ਕਾਰ ਡਿਵਾਈਡਰ ਟੱਪ ਕੇ ਦੂਜੇ ਪਾਸੇ ਆ ਰਹੇ ਟਰੱਕ ਵਿਚ ਲੱਗਣ ਕਾਰਨ ਹੋਏ ਹਾਦਸੇ ਵਿਚ ਕਾਰ ਸਵਾਰ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਸੜਕ ਸੁਰੱਖਿਆ ਫੋੋਰਸ ਦੇ ਇੰਚਾਰਜ ਸਹਾਇਕ ਸਬ ਇੰਸਪੈਕਟਰ ਹਰਬੰਸ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਹਾਦਸੇ ਸੰਬੰਧੀ ਸੂਚਨਾ ਮਿਲੀ ਤਾਂ ਉਹ ਮੌਕੇ ’ਤੇ ਪਹੁੰਚੇ। ਉਨ੍ਹਾਂ ਦੇਖ਼ਿਆ ਕਿ ਇਕ ਤੇਜ਼ ਰਫ਼ਤਾਰ ਬਰੀਜ਼ਾ ਕਾਰ ਜੋ ਸੰਗਰੂਰ ਵਲੋਂ ਪਟਿਆਲਾ ਨੂੰ ਜਾ ਰਹੀ ਸੀ, ਤਾਂ ਅਚਾਨਕ ਬੇਕਾਬੂ ਹੋ ਕੇ ਡਿਵਾਈਡਰ ਪਾਰ ਕਰਕੇ ਦੂਜੇ ਪਾਸੇ ਆ ਰਹੇ ਟਰੱਕ ਵਿਚ ਲੱਗੀ, ਜਿਸ ਦੌਰਾਨ ਕਾਰ ਵਿਚ ਸਵਾਰ ਜਗਦੀਸ਼ ਕੁਮਾਰ ਪੁੱਤਰ ਮੇਹਰ ਚੰਦ ਪਿੰਡ ਅਵਲੋਵਾਲ ਜ਼ਿਲ੍ਹਾ ਪਟਿਆਲਾ, ਜਿਸ ਨੂੰ ਗੰਭੀਰ ਹਾਲਤ ਵਿਚ ਮੌਕੇ ’ਤੇ ਚੁੱਕ ਕੇ ਸਿਵਲ ਹਸਪਤਾਲ ਸੰਗਰੂਰ ਲਿਜਾਇਆ ਗਿਆ, ਜਿਥੇ ਉਸ ਵਿਅਕਤੀ ਦੀ ਮੌਤ ਹੋ ਗਈ ।
ਇਸ ਸੰਬੰਧੀ ਥਾਣਾ ਸਦਰ ਸੰਗਰੂਰ ਦੇ ਇੰਚਾਰਜ ਅਵਤਾਰ ਸਿੰਘ ਨਾਲ ਗੱਲ ਕਰਨ ’ਤੇ ਉਨ੍ਹਾਂ ਦੱਸਿਆ ਕਿ ਪੁਲਿਸ ਵਲੋਂ ਇਸ ਸੰਬੰਧੀ ਅਗਲੀ ਕਾਰਵਾਈ ਆਰੰਭ ਕਰਦਿਆਂ ਹਾਦਸੇ ਸੰਬੰਧੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਇਲਾਕਾ ਵਾਸੀਆਂ ਨੇ ਦੱਸਿਆ ਕਿ ਪਹਿਲਾਂ ਪੀ.ਜੀ.ਆਈ. ਨੇੜੇ ਪਹਿਲਾਂ ਸਿਹਤ ਵਿਭਾਗ ਵਲੋਂ ਐਬੂਲੈਂਸ 108 ਨੰਬਰ ਖੜੀ ਕੀਤੀ ਹੋਈ ਸੀ, ਜੋ ਇਥੇ ਅਕਸਰ ਵਾਪਰਦੇ ਹਾਦਸਿਆਂ ਲਈ ਸਹਾਈ ਹੁੰਦੀ ਸੀ, ਪਰ ਅਪ੍ਰੈਲ ਮਹੀਨੇ ਤੋਂ ਸਿਹਤ ਵਿਭਾਗ ਵਲੋਂ ਇਸ ਐਬੂਲੈਂਸ ਨੂੰ ਕਿਤੇ ਹੋਰ ਭੇਜ ਦੇਣ ਕਾਰਨ ਇਥੇ ਵਾਪਰਦੇ ਹਾਦਸਿਆਂ ਅਤੇ ਘਟਨਾਵਾਂ ਨੂੰ ਸਮੇਂ ਸਿਰ ਮੁੱਢਲੀ ਸਹਾਇਤਾ ਨਾ ਮਿਲਣ ਕਾਰਨ ਕੀਮਤੀ ਜਾਨਾਂ ਜਾ ਰਹੀਆਂ ਹਨ। ਇਲਾਕਾ ਵਾਸੀਆਂ ਨੇ ਦੱਸਿਆ ਕਿ ਭਾਵੇਂ ਸੜਕ ਸੁਰੱਖਿਆ ਫੋਰਸ ਕੁਝ ਸਮੇਂ ਬਾਅਦ ਹੀ ਹਾਦਸਾ ਸਥਾਨ ’ਤੇ ਪਹੁੰਚ ਗਈ, ਪਰ ਜੇਕਰ ਮੌਕੇ ’ਤੇ ਹੀ ਐਂਬੂਲੈਂਸ ਨਾਲ ਮੁੱਢਲੀ ਸਹਾਇਤਾ ਮਿਲ ਜਾਂਦੀ ਤਾਂ ਸ਼ਾਇਦ ਮ੍ਰਿਤਕ ਦੀ ਜਾਨ ਬਚਾਈ ਜਾ ਸਕਦੀ ਸੀ। ਇਲਾਕੇ ਦੇ ਪਤਵੰਤਿਆਂ ਨੇ ਸਿਹਤ ਵਿਭਾਗ ਤੋਂ ਪੀ.ਜੀ.ਆਈ ਘਾਬਦਾਂ ਵਿਚ ਐਬੂਲੈਂਸ ਖੜਾਉਣ ਦੀ ਮੰਗ ਕੀਤੀ।
;
;
;
;
;
;
;