ਮੁੱਖ ਮੰਤਰੀ ਮੇਰੀ ਰਸੋਈ ਯੋਜਨਾ ਤਹਿਤ ਵਿਧਾਇਕ ਫ਼ੌਜਾ ਸਿੰਘ ਸਰਾਰੀ ਵਲੋਂ ਕਿੱਟਾਂ ਵੰਡਣ ਦੀ ਸ਼ੁਰੂਆਤ
ਗੁਰੂਹਰਸਹਾਏ (ਫ਼ਿਰੋਜ਼ਪੁਰ), 3 ਜੂਨ (ਕਪਿਲ ਕੰਧਾਰੀ/ਹਰਚਰਨ ਸਿੰਘ ਸੰਧੂ) - ਪੰਜਾਬ ਸਰਕਾਰ ਦੀ ਲੋਕ ਭਲਾਈ ਯੋਜਨਾ “ਮੁੱਖ ਮੰਤਰੀ ਮੇਰੀ ਰਸੋਈ” ਤਹਿਤ ਅੱਜ ਗੁਰੂ ਹਰਸਹਾਏ ਵਿਖੇ ਗੁਰਦੁਆਰਾ ਸ੍ਰੀ ਬੇਰੀ ਸਾਹਿਬ ਦੇ ਨੇੜੇ ਇਕ ਵਿਸ਼ੇਸ਼ ਸਮਾਗਮ ਦੌਰਾਨ ਵਿਧਾਇਕ ਗੁਰੂਹਰਸਹਾਏ ਫ਼ੌਜਾ ਸਿੰਘ ਸਰਾਰੀ ਵਲੋਂ ਰਸੋਈ ਕਿੱਟਾਂ ਦੀ ਵੰਡ ਦੀ ਰਸਮੀ ਸ਼ੁਰੂਆਤ ਕੀਤੀ ਗਈ।ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਫ਼ੌਜਾ ਸਿੰਘ ਸਰਾਰੀ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਗਰੀਬ ਅਤੇ ਲੋੜਵੰਦ ਪਰਿਵਾਰਾਂ ਦੀਆਂ ਜ਼ਰੂਰਤਾਂ ਨੂੰ ਧਿਆਨ ਵਿਚ ਰੱਖ ਕੇ ਲੋਕ ਭਲਾਈ ਦੀਆਂ ਯੋਜਨਾਵਾਂ ਲਾਗੂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ “ਮੁੱਖ ਮੰਤਰੀ ਮੇਰੀ ਰਸੋਈ” ਯੋਜਨਾ ਦਾ ਮਕਸਦ ਇਹ ਯਕੀਨੀ ਬਣਾਉਣਾ ਹੈ ਕਿ ਪੰਜਾਬ ਵਿਚ ਕੋਈ ਵੀ ਵਿਅਕਤੀ ਭੁੱਖੇ ਢਿੱਡ ਨਾ ਸੌਂਵੇ।ਉਨ੍ਹਾਂ ਪੰਜਾਬ ਸਰਕਾਰ ਵਲੋਂ ਲੋਕਾਂ ਦੀ ਭਲਾਈ ਲਈ ਕੀਤੇ ਜਾ ਰਹੇ ਵਿਕਾਸ ਕਾਰਜਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਗੁਰੂਹਰਸਹਾਏ ਦੇ ਲੋਕ ਆਉਣ ਵਾਲੀਆਂ ਨਗਰ ਕੌਂਸਲ ਚੋਣਾਂ ਵਿਚ ਆਮ ਆਦਮੀ ਪਾਰਟੀ ਨੂੰ ਭਾਰੀ ਸਮਰਥਨ ਦੇਣ ਤਾਂ ਜੋ ਇਕ ਮਜ਼ਬੂਤ ਟੀਮ ਬਣਾਕੇ ਗੁਰੂਹਰਸਹਾਏ ਨੂੰ ਇਕ ਨਮੂਨੇ ਦੇ ਸ਼ਹਿਰ ਵਜੋਂ ਵਿਕਸਿਤ ਕੀਤਾ ਜਾ ਸਕੇ।ਇਸ ਮੌਕੇ ਹਾਜ਼ਰ ਸਮਾਜ ਸੇਵੀ ਇੰਜ. ਬਲਬੀਰ ਸਿੰਘ ਵੋਹਰਾ (ਪਿੰਕਾ ਵੋਹਰਾ), ਐੱਸ.ਡੀ.ਓ. (ਰਿਟਾਇਰਡ) ਨੇ ਕਿਹਾ ਕਿ ਗੁਰੂਹਰਸਹਾਏ ਦੇ ਲੋਕਾਂ ਵੱਲੋਂ ਸਾਂਝੇ ਤੌਰ ‘ਤੇ ਕੀਤੇ ਗਏ ਸੰਘਰਸ਼ ਦਾ ਨਤੀਜਾ ਹੁਣ ਸਾਹਮਣੇ ਆ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਹਿਲੇ ਪੜਾਅ ਤਹਿਤ ਗੁਰੂਹਰਸਹਾਏ ਵਿਚ ਲਗਭਗ 300 ਨਵੀਆਂ ਸਟਰੀਟ ਲਾਈਟਾਂ ਲਗਾਈਆਂ ਜਾਣਗੀਆਂ ਅਤੇ ਸ਼ਹਿਰ ਦੀ ਸੀਵਰੇਜ ਸਮੱਸਿਆ ਦੇ ਸਥਾਈ ਹੱਲ ਲਈ ਸਮੂਹ ਸੀਵਰੇਜ ਸਿਸਟਮ ਦੀ ਸਫਾਈ ਦਾ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ। ਉਨ੍ਹਾਂ ਭਰੋਸਾ ਜਤਾਇਆ ਕਿ ਇਕ ਹਫ਼ਤੇ ਦੇ ਅੰਦਰ-ਅੰਦਰ ਸ਼ਹਿਰ ਵਿਚ ਸੀਵਰੇਜ ਦੇ ਖੜ੍ਹੇ ਪਾਣੀ ਦੀ ਸਮੱਸਿਆ ਵਿਚ ਵੱਡੀ ਰਾਹਤ ਮਿਲੇਗੀ।ਇੰਜ. ਵੋਹਰਾ ਨੇ ਵਿਧਾਇਕ ਸ੍ਰੀ ਫ਼ੌਜਾ ਸਿੰਘ ਸਰਾਰੀ, ਕਾਰਜਕਾਰੀ ਅਧਿਕਾਰੀ (ਈ.ਓ.) ਨਗਰ ਕੌਂਸਲ ਗੁਰੂਹਰਸਹਾਏ ਅਤੇ ਸਮੂਹ ਨਗਰ ਕੌਂਸਲ ਸਟਾਫ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਿੱਥੇ ਉਹ ਮਾੜੇ ਕੰਮਾਂ ਦੀ ਨਿਖੇਧੀ ਕਰਦੇ ਹਨ, ਉੱਥੇ ਹੀ ਲੋਕ ਹਿੱਤ ਵਿੱਚ ਕੀਤੇ ਜਾ ਰਹੇ ਹਰ ਚੰਗੇ ਕੰਮ ਦੀ ਸ਼ਲਾਘਾ ਵੀ ਕਰਦੇ ਹਨ।
;
;
;
;
;
;
;