ਪ੍ਰੈਸ ਕਲੱਬ ਜ਼ੀਰਕਪੁਰ 8004 ਦੀ ਨਵੀਂ ਕਾਰਜਕਾਰਨੀ ਗਠਿਤ, ਬਲਵਿੰਦਰ ਵਰਮਾ (ਵਿੱਕੀ) ਬਣੇ ਪ੍ਰਧਾਨ
ਜ਼ੀਰਕਪੁਰ, 3 ਜੂਨ (ਅਲੀ) - ਜ਼ੀਰਕਪੁਰ ਵਿਖੇ ਪ੍ਰੈਸ ਕਲੱਬ ਜ਼ੀਰਕਪੁਰ 8004 ਦੀ ਪੁਰਾਣੀ ਕਾਰਜਕਾਰਨੀ ਨੂੰ ਭੰਗ ਕਰਦੇ ਹੋਏ ਨਵੀਂ ਕਾਰਜਕਾਰਨੀ ਦਾ ਗਠਨ ਕਰ ਦਿੱਤਾ ਗਿਆ ਹੈ। ਸਰਬਸੰਮਤੀ ਨਾਲ ਸੀਨੀਅਰ ਪੱਤਰਕਾਰ ਬਲਵਿੰਦਰ ਵਰਮਾ (ਵਿੱਕੀ) ਨੂੰ ਪ੍ਰੈਸ ਕਲੱਬ ਜ਼ੀਰਕਪੁਰ 8004 ਦਾ ਨਵਾਂ ਪ੍ਰਧਾਨ ਚੁਣਿਆ ਗਿਆ। ਇਸ ਮੌਕੇ ਕਲੱਬ ਦੇ ਸਮੂਹ ਮੈਂਬਰਾਂ ਦੀ ਵਿਸ਼ੇਸ਼ ਮੀਟਿੰਗ ਆਯੋਜਿਤ ਕੀਤੀ ਗਈ, ਜਿਸ ਵਿਚ ਪੱਤਰਕਾਰਾਂ ਦੇ ਹਿੱਤਾਂ, ਸੰਗਠਨ ਦੀ ਮਜ਼ਬੂਤੀ ਅਤੇ ਭਵਿੱਖ ਦੀ ਕਾਰਜਯੋਜਨਾ ਸਬੰਧੀ ਵਿਸਥਾਰ ਨਾਲ ਚਰਚਾ ਕੀਤੀ ਗਈ।
ਨਵੇਂ ਚੁਣੇ ਗਏ ਪ੍ਰਧਾਨ ਬਲਵਿੰਦਰ ਵਰਮਾ (ਵਿੱਕੀ) ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਉਹ ਪ੍ਰੈਸ ਕਲੱਬ ਜ਼ੀਰਕਪੁਰ 8004 ਨੂੰ ਹੋਰ ਮਜ਼ਬੂਤ ਅਤੇ ਸਰਗਰਮ ਬਣਾਉਣ ਲਈ ਪੂਰੀ ਨਿਸ਼ਠਾ ਅਤੇ ਸਮਰਪਣ ਨਾਲ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਸਾਰੇ ਮੈਂਬਰਾਂ ਨੂੰ ਨਾਲ ਲੈ ਕੇ ਸੰਗਠਨ ਨੂੰ ਨਵੀਂ ਦਿਸ਼ਾ ਦਿੱਤੀ ਜਾਵੇਗੀ ਅਤੇ ਪੱਤਰਕਾਰਾਂ ਦੇ ਹੱਕਾਂ ਦੀ ਰੱਖਿਆ ਉਨ੍ਹਾਂ ਦੀ ਸਭ ਤੋਂ ਵੱਡੀ ਤਰਜੀਹ ਹੋਵੇਗੀ।ਉਨ੍ਹਾਂ ਕਿਹਾ ਕਿ ਪੱਤਰਕਾਰ ਲੋਕਤੰਤਰ ਦਾ ਚੌਥਾ ਸਤੰਭ ਹਨ ਅਤੇ ਸਮਾਜ ਨੂੰ ਸਹੀ ਦਿਸ਼ਾ ਦੇਣ ਵਿਚ ਉਨ੍ਹਾਂ ਦੀ ਅਹਿਮ ਭੂਮਿਕਾ ਹੁੰਦੀ ਹੈ। ਇਸ ਲਈ ਪੱਤਰਕਾਰਾਂ ਦੇ ਸਨਮਾਨ, ਸੁਰੱਖਿਆ ਅਤੇ ਅਧਿਕਾਰਾਂ ਦੀ ਰੱਖਿਆ ਲਈ ਪ੍ਰੈਸ ਕਲੱਬ ਹਮੇਸ਼ਾ ਅਗਵਾਈ ਕਰੇਗਾ। ਉਨ੍ਹਾਂ ਭਰੋਸਾ ਦਿਵਾਇਆ ਕਿ ਕਿਸੇ ਵੀ ਪੱਤਰਕਾਰ ਨਾਲ ਅਨਿਆਇ ਜਾਂ ਦੁਰਵਿਵਹਾਰ ਹੋਣ ਦੀ ਸੂਰਤ ਵਿੱਚ ਪ੍ਰੈਸ ਕਲੱਬ ਮਜ਼ਬੂਤੀ ਨਾਲ ਉਸ ਦੇ ਹੱਕ ਵਿਚ ਖੜ੍ਹਾ ਰਹੇਗਾ।
ਇਸ ਮੌਕੇ ਬਲਵਿੰਦਰ ਵਰਮਾ ਨੇ ਸਾਬਕਾ ਪ੍ਰਧਾਨ ਮਨਿੰਦਰ ਸਿੰਘ ਵਲੋਂ ਪਿਛਲੇ ਇੱਕ ਸਾਲ ਦੌਰਾਨ ਪ੍ਰੈਸ ਕਲੱਬ ਦੇ ਵਿਕਾਸ ਅਤੇ ਪੱਤਰਕਾਰਾਂ ਦੇ ਹਿੱਤਾਂ ਲਈ ਕੀਤੇ ਗਏ ਕੰਮਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਮਨਿੰਦਰ ਸਿੰਘ ਨੂੰ ਉਨ੍ਹਾਂ ਦੇ ਯੋਗਦਾਨ ਲਈ ਧੰਨਵਾਦ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਅਗਵਾਈ ਹੇਠ ਕਲੱਬ ਨੇ ਕਈ ਮਹੱਤਵਪੂਰਨ ਪ੍ਰਾਪਤੀਆਂ ਹਾਸਲ ਕੀਤੀਆਂ ਹਨ, ਜਿਨ੍ਹਾਂ ਨੂੰ ਅੱਗੇ ਵੀ ਜਾਰੀ ਰੱਖਿਆ ਜਾਵੇਗਾ।ਮੀਟਿੰਗ ਦੌਰਾਨ ਸੰਗਠਨ ਦੀ ਮਰਿਆਦਾ ਅਤੇ ਅਨੁਸ਼ਾਸਨ ਨੂੰ ਕਾਇਮ ਰੱਖਣ 'ਤੇ ਵੀ ਜ਼ੋਰ ਦਿੱਤਾ ਗਿਆ। ਨਵੇਂ ਪ੍ਰਧਾਨ ਨੇ ਸਪਸ਼ਟ ਕੀਤਾ ਕਿ ਜੇਕਰ ਪ੍ਰੈਸ ਕਲੱਬ ਜ਼ੀਰਕਪੁਰ 8004 ਦਾ ਕੋਈ ਵੀ ਮੈਂਬਰ ਕਿਸੇ ਗੈਰ-ਕਾਨੂੰਨੀ ਗਤੀਵਿਧੀ ਜਾਂ ਸੰਗਠਨ ਦੀ ਛਵੀ ਨੂੰ ਨੁਕਸਾਨ ਪਹੁੰਚਾਉਣ ਵਾਲੇ ਕੰਮ ਵਿਚ ਸ਼ਾਮਿਲ ਪਾਇਆ ਗਿਆ ਤਾਂ ਉਸ ਖ਼ਿਲਾਫ਼ ਨਿਯਮਾਂ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਮੀਟਿੰਗ ਦੇ ਅੰਤ ਵਿਚ ਸਾਰੇ ਮੈਂਬਰਾਂ ਨੇ ਨਵੀਂ ਕਾਰਜਕਾਰਨੀ ਨੂੰ ਵਧਾਈ ਦਿੱਤੀ ਅਤੇ ਸੰਗਠਨ ਨੂੰ ਹੋਰ ਮਜ਼ਬੂਤ ਬਣਾਉਣ ਲਈ ਇਕਜੁੱਟ ਹੋ ਕੇ ਕੰਮ ਕਰਨ ਦਾ ਸੰਕਲਪ ਲਿਆ। ਨਵੀਂ ਕਾਰਜਕਾਰਨੀ ਦੇ ਗਠਨ ਨਾਲ ਕਲੱਬ ਦੇ ਮੈਂਬਰਾਂ ਵਿਚ ਖੁਸ਼ੀ ਅਤੇ ਉਤਸ਼ਾਹ ਦਾ ਮਾਹੌਲ ਵੇਖਣ ਨੂੰ ਮਿਲਿਆ। ਮੈਂਬਰਾਂ ਨੇ ਆਸ ਜਤਾਈ ਕਿ ਆਉਣ ਵਾਲੇ ਸਮੇਂ ਵਿਚ ਪ੍ਰੈਸ ਕਲੱਬ ਜ਼ੀਰਕਪੁਰ 8004 ਪੱਤਰਕਾਰਾਂ ਦੀ ਆਵਾਜ਼ ਨੂੰ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਉਠਾਏਗਾ।
;
;
;
;
;
;
;
;