ਦੋ ਟਰਾਲਿਆਂ ਦੀ ਟੱਕਰ 'ਚ ਚਾਲਕ ਜ਼ਖ਼ਮੀ
ਜ਼ੀਰਕਪੁਰ (ਮੁਹਾਲੀ), 4 ਜੂਨ (ਅਲੀ) - ਜ਼ੀਰਕਪੁਰ ਦੇ ਛੱਤ ਲਾਈਟ ਪੁਆਇੰਟ 'ਤੇ ਬੁੱਧਵਾਰ ਦੇਰ ਰਾਤ ਇਕ ਵਾਰ ਫਿਰ ਸੜਕ ਹਾਦਸਾ ਵਾਪਰ ਗਿਆ। ਰਾਤ ਕਰੀਬ 12 ਤੋਂ 1 ਵਜੇ ਦੇ ਵਿਚਕਾਰ ਦੋ ਟਰਾਲੇ ਆਪਸ ਵਿਚ ਟਕਰਾ ਗਏ, ਜਿਸ ਕਾਰਨ ਮੌਕੇ 'ਤੇ ਹਫੜਾ-ਦਫੜੀ ਮਚ ਗਈ ਅਤੇ ਕੁਝ ਸਮੇਂ ਲਈ ਆਵਾਜਾਈ ਪ੍ਰਭਾਵਿਤ ਰਹੀ। ਹਾਦਸੇ ਵਿਚ ਇਕ ਚਾਲਕ ਜ਼ਖ਼ਮੀ ਹੋ ਗਿਆ, ਜਿਸ ਨੂੰ ਤੁਰੰਤ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ।ਜਾਣਕਾਰੀ ਅਨੁਸਾਰ ਰਾਜਸਥਾਨ ਨੰਬਰ ਦਾ ਇਕ ਖਾਲੀ ਟਰਾਲਾ, ਜਿਸ ਨੂੰ ਸੰਪਤ ਲਾਲ ਚਲਾ ਰਿਹਾ ਸੀ, ਚੰਡੀਗੜ੍ਹ ਤੋਂ ਪਟਿਆਲਾ ਵੱਲ ਜਾ ਰਿਹਾ ਸੀ। ਜਦਕਿ ਦੂਜਾ ਟਰਾਲਾ ਏਅਰਪੋਰਟ ਰੋਡ ਤੋਂ ਅੰਬਾਲਾ ਵੱਲ ਜਾ ਰਿਹਾ ਸੀ। ਛੱਤ ਲਾਈਟ ਪੁਆਇੰਟ ਚੌਂਕ 'ਤੇ ਦੋਵੇਂ ਵਾਹਨ ਇੱਕੋ ਸਮੇਂ ਪਹੁੰਚ ਗਏ ਅਤੇ ਆਪਸ ਵਿਚ ਜ਼ੋਰਦਾਰ ਟੱਕਰ ਹੋ ਗਈ।ਚਾਲਕਾਂ ਅਤੇ ਪ੍ਰਤੱਖਦਰਸ਼ੀਆਂ ਦੇ ਅਨੁਸਾਰ ਚੌਂਕ 'ਤੇ ਟ੍ਰੈਫਿਕ ਸਿਗਨਲ ਬੰਦ ਹੋਣ ਕਾਰਨ ਇਹ ਹਾਦਸਾ ਵਾਪਰਿਆ। ਟੱਕਰ ਤੋਂ ਬਾਅਦ ਚੌਂਕ 'ਤੇ ਜਾਮ ਦੀ ਸਥਿਤੀ ਬਣ ਗਈ।
ਮੌਕੇ 'ਤੇ ਪਹੁੰਚੇ ਟ੍ਰੈਫਿਕ ਪੁਲਿਸ ਦੇ ਏ.ਐਸ.ਆਈ. ਇੰਦਰਜੀਤ ਸਿੰਘ ਨੇ ਦੱਸਿਆ ਕਿ ਹਾਦਸੇ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਵਾਹਨਾਂ ਦਾ ਸੰਤੁਲਨ ਵਿਗੜਨ ਕਾਰਨ ਇਹ ਹਾਦਸਾ ਵਾਪਰਿਆ। ਉਨ੍ਹਾਂ ਵਾਹਨ ਚਾਲਕਾਂ ਨੂੰ ਅਪੀਲ ਕੀਤੀ ਕਿ ਰਾਤ ਸਮੇਂ ਸਿਗਨਲ ਬੰਦ ਹੋਣ ਦੀ ਸਥਿਤੀ ਵਿੱਚ ਵਧੇਰੇ ਸਾਵਧਾਨੀ ਵਰਤਣ ਅਤੇ ਨਿਯੰਤਰਿਤ ਰਫ਼ਤਾਰ ਨਾਲ ਵਾਹਨ ਚਲਾਉਣ।ਸੂਚਨਾ ਮਿਲਣ 'ਤੇ ਟ੍ਰੈਫਿਕ ਇੰਚਾਰਜ ਜਸਵੀਰ ਸਿੰਘ ਆਪਣੀ ਟੀਮ ਸਮੇਤ ਮੌਕੇ 'ਤੇ ਪਹੁੰਚੇ। ਖਰਾਬ ਹੋਏ ਟਰਾਲਿਆਂ ਨੂੰ ਸੜਕ ਤੋਂ ਹਟਾਉਣ ਲਈ ਹਾਈਡਰਾ ਮਸ਼ੀਨ ਦੀ ਮਦਦ ਲਈ ਗਈ, ਜਿਸ ਤੋਂ ਬਾਅਦ ਆਵਾਜਾਈ ਨੂੰ ਮੁੜ ਸੁਚਾਰੂ ਕੀਤਾ ਗਿਆ।
ਇਸ ਦੌਰਾਨ ਸੜਕ ਸੁਰੱਖਿਆ ਫੋਰਸ-112 ਦੀ ਟੀਮ ਨੇ ਵੀ ਮੌਕੇ 'ਤੇ ਪਹੁੰਚ ਕੇ ਜ਼ਖ਼ਮੀ ਚਾਲਕ ਨੂੰ ਹਸਪਤਾਲ ਪਹੁੰਚਾਇਆ। ਫੋਰਸ ਦੇ ਇੰਚਾਰਜ ਸੁਨੀਲ ਕੁਮਾਰ ਨੇ ਦੱਸਿਆ ਕਿ ਛੱਤ ਲਾਈਟ ਪੁਆਇੰਟ 'ਤੇ ਹਰ ਹਫ਼ਤੇ ਦੇਰ ਰਾਤ ਹਾਦਸੇ ਵਾਪਰ ਰਹੇ ਹਨ, ਜੋ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਨੇ ਨੈਸ਼ਨਲ ਹਾਈਵੇ ਅਥਾਰਟੀ ਨੂੰ ਅਜਿਹੇ ਹਾਦਸਿਆਂ ਦੌਰਾਨ ਤੁਰੰਤ ਮਦਦ ਅਤੇ ਲੋੜੀਂਦੀ ਮਸ਼ੀਨਰੀ ਉਪਲਬਧ ਕਰਵਾਉਣ ਦੀ ਮੰਗ ਕੀਤੀ ਹੈ।ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਪੂਰੀ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਹੈ, ਜਿਸ ਦੀ ਜਾਂਚ ਕੀਤੀ ਜਾ ਰਹੀ ਹੈ।
;
;
;
;
;
;
;