ਐੱਨ.ਆਈ.ਏ. ਅਦਾਲਤ ਵਲੋਂ ਤਿੰਨ ਕਸ਼ਮੀਰੀ ਵਿਦਿਆਰਥੀਆਂ ਨੂੰ 10 ਸਾਲ ਕੈਦ
ਐਸ. ਏ. ਐਸ. ਨਗਰ, 4 ਜੂਨ (ਕਪਿਲ ਵਧਵਾ) – ਮੁਹਾਲੀ ਸਥਿਤ ਵਿਸ਼ੇਸ਼ ਐੱਨ.ਆਈ.ਏ. ਅਦਾਲਤ ਨੇ ਸਾਲ 2018 ਦੇ ਅਸਲਾ ਅਤੇ ਵਿਸਫੋਟਕ ਪਦਾਰਥ ਬਰਾਮਦਗੀ ਮਾਮਲੇ ਵਿਚ ਦੋਸ਼ੀ ਕਰਾਰ ਦਿੱਤੇ ਗਏ ਤਿੰਨ ਕਸ਼ਮੀਰੀ ਵਿਦਿਆਰਥੀਆਂ ਨੂੰ 10-10 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਇਸ ਮਾਮਲੇ ਵਿਚ ਨਾਮਜ਼ਦ ਚੌਥੇ ਮੁਲਜ਼ਮ ਨੂੰ ਪਹਿਲਾਂ ਹੀ ਬਰੀ ਕਰ ਦਿੱਤਾ ਸੀ।
ਵਿਸ਼ੇਸ਼ ਜੱਜ ਐੱਨ.ਆਈ.ਏ. ਦਿਨੇਸ਼ ਕੁਮਾਰ ਵਧਵਾ ਨੇ ਵੀਰਵਾਰ ਨੂੰ ਸੁਣਾਏ ਫੈਸਲੇ ਵਿਚ ਮੁਹੰਮਦ ਇਦਰਿਸ਼ ਸ਼ਾਹ, ਜ਼ਹੀਦ ਗੁੱਜਰ ਅਤੇ ਯਾਸਿਰ ਰਫੀਕ ਭੱਟ ਨੂੰ ਭਾਰਤੀ ਦੰਡ ਸੰਹਿਤਾ ਦੀਆਂ ਧਾਰਾਵਾਂ 121-ਏ, 122 ਅਤੇ 120-ਬੀ ਅਤੇ ਯੂ.ਏ.ਪੀ.ਏ. ਦੀ ਧਾਰਾ 18 ਤਹਿਤ 10-10 ਸਾਲ ਦੀ ਕੈਦ ਅਤੇ 20 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ। ਜੁਰਮਾਨਾ ਅਦਾ ਨਾ ਕਰਨ ਦੀ ਸੂਰਤ ਵਿੱਚ ਛੇ ਮਹੀਨੇ ਦੀ ਵਾਧੂ ਕੈਦ ਭੁਗਤਣੀ ਹੋਵੇਗੀ।ਇਸ ਤੋਂ ਇਲਾਵਾ ਅਦਾਲਤ ਨੇ ਤਿੰਨਾਂ ਦੋਸ਼ੀਆਂ ਨੂੰ ਯੂ.ਏ.ਪੀ.ਏ. ਦੀ ਧਾਰਾ 20 ਅਤੇ ਅਸਲਾ ਐਕਟ ਦੀ ਧਾਰਾ 25 ਤਹਿਤ 7-7 ਸਾਲ ਕੈਦ ਅਤੇ 10 ਹਜ਼ਾਰ ਰੁਪਏ ਜੁਰਮਾਨਾ ਕੀਤਾ ਹੈ। ਜੁਰਮਾਨਾ ਨਾ ਭਰਨ ’ਤੇ ਤਿੰਨ ਮਹੀਨੇ ਦੀ ਵਾਧੂ ਕੈਦ ਹੋਵੇਗੀ। ਵਿਸਫੋਟਕ ਪਦਾਰਥ ਐਕਟ ਦੀ ਧਾਰਾ 5 ਤਹਿਤ ਵੀ 5-5 ਸਾਲ ਕੈਦ ਅਤੇ 10 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਹੈ।
ਜ਼ਿਕਰਯੋਗ ਹੈ ਕਿ ਜਲੰਧਰ ਦੇ ਸ਼ਾਹਪੁਰ ਸਥਿਤ ਸੀਟੀ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਮੈਨੇਜਮੈਂਟ ਐਂਡ ਟੈਕਨਾਲੋਜੀ ਦੇ ਹੋਸਟਲ ਦੇ ਕਮਰੇ ਨੰਬਰ 94 ਵਿਚ 2018 ਦੌਰਾਨ ਕੀਤੀ ਗਈ ਛਾਪੇਮਾਰੀ ਵਿਚ ਏ.ਕੇ.-47 ਰਾਈਫਲ, ਆਰ.ਡੀ.ਐਕਸ. ਅਤੇ ਪਿਸਤੌਲ ਬਰਾਮਦ ਹੋਏ ਸਨ। ਜੰਮੂ-ਕਸ਼ਮੀਰ ਪੁਲਿਸ ਤੋਂ ਮਿਲੀ ਸੂਚਨਾ ਦੇ ਆਧਾਰ ’ਤੇ ਦਰਜ ਹੋਏ ਇਸ ਮਾਮਲੇ ਦੀ ਜਾਂਚ ਬਾਅਦ ਵਿੱਚ ਐੱਨ.ਆਈ.ਏ. ਨੂੰ ਸੌਂਪ ਦਿੱਤੀ ਗਈ ਸੀ।ਮਾਮਲੇ ਦੀ ਸੁਣਵਾਈ ਦੌਰਾਨ ਅਦਾਲਤ ਨੇ ਸਬੂਤਾਂ ਅਤੇ ਗਵਾਹਾਂ ਦੇ ਬਿਆਨਾਂ ਦੇ ਆਧਾਰ ’ਤੇ ਤਿੰਨ ਮੁਲਜ਼ਮਾਂ ਨੂੰ ਦੋਸ਼ੀ ਕਰਾਰ ਦਿੱਤਾ, ਜਦਕਿ ਸੁਹੈਲ ਅਹਿਮਦ ਭੱਟ ਨੂੰ ਸ਼ੱਕ ਦਾ ਲਾਭ ਦਿੰਦਿਆਂ ਬਰੀ ਕਰ ਦਿੱਤਾ ਗਿਆ।
;
;
;
;
;
;
;