ਘਰ 'ਚ ਜ਼ੋਰਦਾਰ ਧਮਾਕੇ ਨਾਲ ਡਿੱਗੀ ਕੰਧ, 3 ਜ਼ਖ਼ਮੀਂ
ਲੁਧਿਆਣਾ, 4 ਮਈ (ਪ੍ਰਦੀਪ ਭੰਡਾਰੀ) - ਲੁਧਿਆਣਾ ਦੇ ਜਮਾਲਪੁਰ ਦੇ ਵਿਚਿੱਤਰ ਨਗਰ ਇਲਾਕੇ ਵਿਚ ਅੱਜ ਸਵੇਰੇ ਇਕ ਘਰ ਵਿਚ ਜ਼ੋਰਦਾਰ ਧਮਾਕਾ ਹੋ ਗਿਆ। ਧਮਾਕਾ ਇੰਨਾ ਭਿਆਨਕ ਸੀ ਕਿ ਘਰ ਦੀ ਇਕ ਕੰਧ ਢਹਿ ਗਈ ਅਤੇ ਕਮਰੇ ਵਿਚ ਪਿਆ ਬੈੱਡ, ਟੀਵੀ ਸਮੇਤ ਹੋਰ ਸਾਮਾਨ ਅੱਗ ਦੀ ਲਪੇਟ ਵਿਚ ਆ ਕੇ ਸੜ ਗਿਆ।
ਜਾਣਕਾਰੀ ਮੁਤਾਬਕ ਸਵੇਰੇ ਕਰੀਬ ਸਾਢੇ 6 ਵਜੇ ਇਹ ਘਟਨਾ ਵਾਪਰੀ। ਉਸ ਵੇਲੇ ਘਰ ਵਿਚ ਵਿਨੋਦ, ਉਸ ਦੀ ਪਤਨੀ ਰੀਮਾ ਅਤੇ ਉਨ੍ਹਾਂ ਦਾ 17 ਸਾਲਾ ਪੁੱਤਰ ਮੌਜੂਦ ਸਨ। ਜਿਸ ਕਮਰੇ ਵਿਚ ਪਰਿਵਾਰ ਸੌਂਦਾ ਸੀ, ਉਸੇ ਵਿਚ ਰਸੋਈ ਵੀ ਬਣੀ ਹੋਈ ਸੀ। ਧਮਾਕੇ ਤੋਂ ਬਾਅਦ ਮਾਂ ਅਤੇ ਪੁੱਤਰ ਅੱਗ ਅਤੇ ਮਲਬੇ ਵਿਚ ਫਸ ਗਏ, ਜਿਨ੍ਹਾਂ ਨੂੰ ਇਲਾਕਾ ਵਾਸੀਆਂ ਨੇ ਤੁਰੰਤ ਬਾਹਰ ਕੱਢਿਆ।ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਅਤੇ ਰਾਹਤ ਟੀਮਾਂ ਮੌਕੇ 'ਤੇ ਪਹੁੰਚ ਗਈਆਂ। ਜ਼ਖ਼ਮੀਆਂ ਨੂੰ ਫੌਰੀ ਤੌਰ 'ਤੇ ਸੀ.ਐਮ.ਸੀ. ਹਸਪਤਾਲ ਭੇਜਿਆ ਗਿਆ, ਜਿਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
ਥਾਣਾ ਜਮਾਲਪੁਰ ਦੇ ਏ.ਸੀ.ਪੀ. ਇੰਦਰਜੀਤ ਬੋਪਾਰਾਏ ਨੇ ਦੱਸਿਆ ਕਿ ਮੁੱਢਲੀ ਜਾਂਚ ਵਿਚ ਗੈਸ ਲੀਕ ਹੋਕੇ ਰਸੋਈ ਵਿਚ ਇਕੱਠੀ ਹੋ ਗਈ, ਜਦੋਂ ਸਵੇਰੇ ਚੁੱਲ੍ਹੇ ਵਿਚ ਅੱਗ ਬਾਲੀ ਤਾਂ ਜ਼ੋਰਦਾਰ ਧਮਾਕਾ ਹੋ ਗਿਆ । ਪੁਲਿਸ ਵਲੋਂ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਧਮਾਕੇ ਦੇ ਅਸਲ ਕਾਰਨਾਂ ਦਾ ਪਤਾ ਲਗਾਇਆ ਜਾ ਸਕੇ। ਫਿਲਹਾਲ ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।
;
;
;
;
;
;
;