03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2026

ਬਸਪਾ ਵਲੋਂ ‘ਪੰਜਾਬ ਸੰਭਾਲੋ ਮੁਹਿੰਮ’ ਨੂੰ ਘਰ-ਘਰ ਪਹੁੰਚਾਉਣ ਦੀ ਸ਼ੁਰੂਆਤ-ਕਰੀਮਪੁਰੀ

ਅਜੀਤ ਡੈਸਕ 23-06-2026

ਨਵਾਂਸ਼ਹਿਰ, 21 ਜੂਨ (ਜਸਬੀਰ ਸਿੰਘ ਨੂਰਪੁਰ)-ਬਹੁਜਨ ਸਮਾਜ ਪਾਰਟੀ ਵਲੋਂ ਜਥੇਬੰਦਕ ਗੰਭੀਰਤਾ, ਸੰਜੀਦਗੀ ਅਤੇ ਆਉਣ ਵਾਲੀਆਂ ਚੋਣਾਂ ਦੀਆਂ ਤਿਆਰੀਆਂ ਨੂੰ ਮੁੱਖ ਰੱਖਦਿਆਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਸੰਗਠਨ ਦਾ ਲੇਖਾ-ਜੋਖਾ ਕਰਨ ਲਈ ਇਕ ਵਿਸ਼ੇਸ਼ ਤੇ ਅਹਿਮ ਜ਼ਿਲ੍ਹਾ ਪੱਧਰੀ ਸਮੀਖਿਆ ਬੈਠਕ ਕੀਤੀ। ਇਸ ਉੱਚ-ਪੱਧਰੀ ਬੈਠਕ ਵਿਚ ਬੂਥ ਪੱਧਰ ਤੱਕ ਸੰਗਠਨ ਦਾ ਪੁਨਰਗਠਨ ਕਰਨ, ਪਾਰਟੀ ਦੇ ਆਧਾਰ ਨੂੰ ਜ਼ਮੀਨੀ ਪੱਧਰ ‘ਤੇ ਅਜਿੱਤ ਬਣਾਉਣ ਤੇ ਪੰਜਾਬ ਵਿਚ ਬਸਪਾ ਦੀ ਅਗਵਾਈ ਵਾਲੀ ਲੋਕ-ਪੱਖੀ ਸਰਕਾਰ ਬਣਾਉਣ ਲਈ ਸਮੁੱਚੀ ਲੀਡਰਸ਼ਿਪ ਦੀਆਂ ਵਿਸ਼ੇਸ਼ ਡਿਊਟੀਆਂ ਲਗਾਈਆਂ ਗਈਆਂ। ਇਸ ਅਹਿਮ ਜਥੇਬੰਦਕ ਕਾਰਜ ਵਿਚ ਮੁੱਖ ਮਹਿਮਾਨ ਵਜੋਂ ਰਾਮਜੀ ਗੌਤਮ ਮੁੱਖ ਸੈਕਟਰ ਪ੍ਰਭਾਰੀ ਇੰਚਾਰਜ ਪੰਜਾਬ, ਹਰਿਆਣਾ, ਦਿੱਲੀ, ਰਾਜਸਥਾਨ, ਮਹਾਰਾਸ਼ਟਰ ਨੇ ਸ਼ਿਰਕਤ ਕੀਤੀ, ਜਦਕਿ ਵਿਸ਼ੇਸ਼ ਮਹਿਮਾਨ ਵਜੋਂ ਬਿਪਲ ਕੁਮਾਰ ਕੇਂਦਰੀ ਪ੍ਰਭਾਰੀ ਬਹੁਜਨ ਸਮਾਜ ਪਾਰਟੀ ਪੰਜਾਬ ਹਾਜ਼ਰ ਹੋਏ। ਬੈਠਕ ਦੀ ਪ੍ਰਧਾਨਗੀ ਬਸਪਾ ਪੰਜਾਬ ਦੇ ਸੂਬਾ ਪ੍ਰਧਾਨ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਡਾ. ਅਵਤਾਰ ਸਿੰਘ ਕਰੀਮਪੁਰੀ ਵਲੋਂ ਕੀਤੀ ਗਈ, ਜਦਕਿ ਹਲਕਾ ਵਿਧਾਇਕ ਡਾ. ਨਛੱਤਰ ਪਾਲ ਨੇ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋ ਕੇ ਸੰਗਠਨ ਦੀ ਮਜ਼ਬੂਤੀ ਲਈ ਆਪਣੇ ਵਡਮੁੱਲੇ ਵਿਚਾਰ ਸਾਂਝੇ ਕੀਤੇ। ਮੁੱਖ ਮਹਿਮਾਨ ਰਾਮ ਗੌਤਮ, ਕੇਂਦਰੀ ਪ੍ਰਭਾਰੀ ਬਿਪਲ ਕੁਮਾਰ, ਸੂਬਾ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਅਤੇ ਵਿਧਾਇਕ ਡਾ. ਨਛੱਤਰ ਪਾਲ ਨੇ ਸਾਂਝੇ ਤੌਰ ‘ਤੇ ਆਖਿਆ ਕਿ ਮੌਜੂਦਾ ਸਮੇਂ ਪੰਜਾਬ ਬੇਹੱਦ ਗੰਭੀਰ ਦੌਰ ਅਤੇ ਸਰਬਪੱਖੀ ਮੰਦਹਾਲੀ ਵਿਚੋਂ ਲੰਘ ਰਿਹਾ ਹੈ। ‘ਪੰਜਾਬ ਸੰਭਾਲੋ ਮੁਹਿੰਮ’ ਦੇ ਮੁੱਖ ਉਦੇਸ਼ ਤੇ ਲੋਕ-ਪੱਖੀ ਮੁੱਦੇ ਸੀਨੀਅਰ ਲੀਡਰਸ਼ਿਪ ਨੇ ਸਮੂਹ ਪੰਜਾਬੀਆਂ ਨੂੰ ਜ਼ੋਰਦਾਰ ਸੱਦਾ ਦਿੰਦਿਆਂ ਅਪੀਲ ਕੀਤੀ ਕਿ ਉਹ ਪੰਜਾਬ ਦੇ ਸੁਨਹਿਰੀ ਤੇ ਸੁਰੱਖਿਅਤ ਭਵਿੱਖ ਲਈ ਪਾਰਟੀ ਦੀ ‘ਪੰਜਾਬ ਸੰਭਾਲੋ ਮੁਹਿੰਮ’ ਦੇ ਦੂਰ-ਅੰਦੇਸ਼ੀ ਸੰਕਲਪ ਨਾਲ ਵੱਧ ਤੋਂ ਵੱਧ ਜੁੜਨ। ਇਸ ਮੁਹਿੰਮ ਦੇ ਮੁੱਖ ਮੁੱਦਿਆਂ ‘ਤੇ ਰੌਸ਼ਨੀ ਪਾਉਂਦਿਆਂ ਆਗੂਆਂ ਨੇ ਕਿਹਾ ਕਿ ਪੰਜਾਬ ਦੀ ਪਵਿੱਤਰ ਧਰਤੀ ‘ਤੇ ਆਪਸੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨਾ ਅਤੇ ਹਰ ਵਰਗ ਦੀ ਸਮਾਜਿਕ ਅਣਖ ਤੇ ਸਨਮਾਨ ਨੂੰ ਬਹਾਲ ਕਰਨਾ ਬਸਪਾ ਦਾ ਮੁੱਖ ਮਕਸਦ ਹੈ। ਸੂਬੇ ਦੀ ਜਵਾਨੀ ਨੂੰ ਨਸ਼ਿਆਂ ਦੀ ਦਲਦਲ ਵਿਚੋਂ ਕੱਢ ਕੇ ਸਨਮਾਨਜਨਕ ਰੁਜ਼ਗਾਰ ਦੇਣਾ ਅਤੇ ਨੌਜਵਾਨਾਂ ਦੇ ਵਿਦੇਸ਼ਾਂ ਵੱਲ ਹੋ ਰਹੇ ਪਲਾਇਨ ਨੂੰ ਨੱਥ ਪਾਉਣਾ। ਦਿਨ-ਬ-ਦਿਨ ਵਿਗੜ ਰਹੀ ਅਮਨ-ਕਾਨੂੰਨ ਦੀ ਸਥਿਤੀ ਨੂੰ ਸੁਧਾਰ ਕੇ ਸੁਰੱਖਿਅਤ ਮਾਹੌਲ ਸਿਰਜਣਾ ਅਤੇ ਭ੍ਰਿਸ਼ਟਾਚਾਰ ਮੁਕਤ, ਲੋਕ-ਪੱਖੀ ਸ਼ਾਸਨ ਮੁਹੱਈਆ ਕਰਵਾਉਣਾ। ਇਹ ਮੁਹਿੰਮ ਸਿਰਫ਼ ਇਕ ਸਿਆਸੀ ਚੋਣ ਪ੍ਰਚਾਰ ਨਹੀਂ, ਸਗੋਂ ਪੰਜਾਬ ਦੀ ਅਣਖ, ਕਿਸਾਨੀ, ਜਵਾਨੀ ਅਤੇ ਸਰਵਪੱਖੀ ਵਿਕਾਸ ਨੂੰ ਬਚਾਉਣ ਦਾ ਇਕ ਪਵਿੱਤਰ ਤੇ ਇਤਿਹਾਸਕ ਹੋਕਾ ਹੈ। ਬੈਠਕ ਦੌਰਾਨ ਨਵਾਂਸ਼ਹਿਰ ਜ਼ਿਲ੍ਹੇ ਦੇ ਜਥੇਬੰਦਕ ਢਾਂਚੇ ਦੀ ਬਾਰੀਕੀ ਨਾਲ ਸਮੀਖਿਆ ਕੀਤੀ ਗਈ। ਬੈਠਕ ਦੌਰਾਨ ਸੰਗਠਨ ਦੇ ਪਿਛਲੇ ਕੰਮਾਂ ਦਾ ਲੇਖਾ-ਜੋਖਾ ਕਰਦਿਆਂ ਹਾਜ਼ਰ ਸੀਨੀਅਰ ਆਗੂਆਂ ਨੂੰ ਜ਼ਿਲ੍ਹੇ ਦੇ ਵੱਖ-ਵੱਖ ਹਲਕਿਆਂ ਵਿਚ ਅਹਿਮ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ। ਬੈਠਕ ਦੇ ਅਖੀਰ ਵਿੱਚ ਨਵਾਂਸ਼ਹਿਰ ਜ਼ਿਲ੍ਹੇ ਦੇ ਸਮੂਹ ਅਹੁਦੇਦਾਰਾਂ ਅਤੇ ਉਤਸ਼ਾਹੀ ਵਰਕਰਾਂ ਨੇ ਹੱਥ ਖੜ੍ਹੇ ਕਰਕੇ ਪੂਰੀ ਸੰਜੀਦਗੀ ਨਾਲ ਪ੍ਰਣ ਲਿਆ ਕਿ ਉਹ ‘ਪੰਜਾਬ ਸੰਭਾਲੋ ਮੁਹਿੰਮ’ ਦੇ ਸੁਨੇਹੇ ਨੂੰ ਜ਼ਿਲ੍ਹੇ ਦੇ ਹਰ ਘਰ-ਘਰ ਤੱਕ ਪਹੁੰਚਾਉਣਗੇ ਅਤੇ ਬੂਥ ਪੱਧਰ ‘ਤੇ ਪਾਰਟੀ ਦਾ ਨੀਲਾ ਪਰਚਮ ਬੁਲੰਦ ਕਰਕੇ ਪੰਜਾਬ ਵਿੱਚ ਬਸਪਾ ਦੀ ਸਰਕਾਰ ਬਣਾਉਣ ਲਈ ਦਿਨ-ਰਾਤ ਇਕ ਕਰ ਦੇਣਗੇ।

ਪਿਛਲੀ ਖ਼ਬਰ ਗੁ: ਲਹਿੰਦੀ ਪੱਤੀ ਲਧਾਣਾ ਉੱਚਾ ਵਿਖੇ ਸ਼ਹੀਦੀ ਪੁਰਬ ਮਨਾਇਆ ਅਗਲੀ ਖ਼ਬਰ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਸਾਹਿਬਾ ਵਿਖੇ ਯੋਗ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।