02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2026

ਕੀਰਤਪੁਰ ਸਾਹਿਬ : ਧਾਰਮਿਕ ਤੇ ਇਤਿਹਾਸਕ ਮਹੱਤਵ

ਅਜੀਤ ਡੈਸਕ 20-07-2026

ਕੀਰਤਪੁਰ ਸਾਹਿਬ ਸਿੱਖ ਇਤਿਹਾਸ ਨਾਲ ਜੁੜਿਆ ਪੰਜਾਬ ਦਾ ਇਕ ਪ੍ਰਮੁੱਖ ਨਗਰ ਹੈ, ਜਿਹੜਾ ਕਿ ਰੋਪੜ ਤੇ ਨੰਗਲ ਦੇ ਵਿਚਕਾਰ ਅਨੰਦਪੁਰ ਸਾਹਿਬ ਤੋਂ ਲਗਪਗ 14 ਕਿਲੋਮੀਟਰ ਦੀ ਦੂਰੀ 'ਤੇ ਸਤਲੁਜ ਦਰਿਆ ਦੇ ਕੰਢੇ 'ਤੇ ਸਥਿਤ ਹੈ। ਸਰੂਪ ਦਾਸ ਭੱਲਾ ਦੱਸਦਾ ਹੈ ਕਿ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਆਪ ਹੀ ਇਹ ਨਗਰ ਵਸਾ ਕੇ ਇਸ ਦਾ ਨਾਂਅ 'ਕੀਰਤਪੁਰ' ਰੱਖਿਆ ਸੀ ਅਤੇ ਉਹ ਆਪ ਇੱਥੇ ਨਿਵਾਸ ਕਰਨ ਲੱਗੇ ਸਨ। ਸਿੱਖ ਸਰੋਤਾਂ ਤੋਂ ਪਤਾ ਲੱਗਦਾ ਹੈ ਕਿ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਕਹਿਲੂਰ ਦੇ ਰਾਜਾ ਕਲਿਆਣ ਚੰਦ ਤੋਂ ਨਵਾਂ ਨਗਰ ਵਸਾਉਣ ਲਈ ਜ਼ਮੀਨ ਖਰੀਦੀ ਅਤੇ ਉਨ੍ਹਾਂ ਦੇ ਆਦੇਸ਼ ਅਨੁਸਾਰ 1 ਮਈ, 1626 ਨੂੰ ਬਾਬਾ ਸ੍ਰੀਚੰਦ ਨੇ ਇਸ ਨਗਰ ਦੀ ਮੋਹੜੀ ਗੱਡੀ ਸੀ। ਇਸ ਦ੍ਰਿਸ਼ਟੀ ਤੋਂ ਇਸ ਸਾਲ ਇਸ ਨਗਰ ਦੀ ਸਥਾਪਨਾ ਦਾ 400 ਸਾਲਾ ਸਥਾਪਨਾ ਦਿਵਸ ਵੀ ਮਨਾਇਆ ਗਿਆ। ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਇਸ ਨਗਰ ਦਾ ਸੰਬੰਧ ਸਿੱਖ ਧਰਮ ਨਾਲ ਜੁੜਦਾ ਹੈ। ਇਨ੍ਹਾਂ ਤੋਂ ਪਿੱਛੋਂ ਗੁਰੂ ਹਰਿਗੋਬਿੰਦ ਸਾਹਿਬ ਜੀ, ਸ੍ਰੀ ਗੁਰੂ ਹਰਿਰਾਇ ਜੀ, ਸ੍ਰੀ ਗੁਰੂ ਹਰਿਕ੍ਰਿਸ਼ਨ ਜੀ, ਸ੍ਰੀ ਗੁਰੂ ਤੇਗ ਬਹਾਦਰ ਜੀ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ-ਛੋਹ ਇਸ ਨਗਰ ਨੂੰ ਪ੍ਰਾਪਤ ਹੋਈ। ਇਸ ਤੋਂ ਇਲਾਵਾ ਬਾਬਾ ਸ੍ਰੀਚੰਦ ਜੀ ਅਤੇ ਬਾਬਾ ਗੁਰਦਿੱਤਾ ਜੀ ਨਾਲ ਸੰਬੰਧਿਤ ਧਾਰਮਿਕ ਅਸਥਾਨ ਵੀ ਇਸ ਨਗਰ 'ਚ ਮੌਜੂਦ ਹਨ।
1635 ਵਿਚ ਕਰਤਾਰਪੁਰ ਦੇ ਯੁੱਧ ਤੋਂ ਬਾਅਦ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਇਸ ਨਗਰ ਵਿਖੇ ਨਿਵਾਸ ਕਰ ਲਿਆ ਅਤੇ 1665 ਤੱਕ (ਜਦੋਂ ਗੁਰੂ ਤੇਗ ਬਹਾਦਰ ਜੀ 'ਚੱਕ ਨਾਨਕੀ' ਨਗਰ ਦੀ ਸਥਾਪਨਾ ਕਰਕੇ ਉੱਥੇ ਚਲੇ ਗਏ ਸਨ) ਲਗਪਗ 30 ਸਾਲ ਇਹ ਨਗਰ ਸਿੱਖੀ ਪ੍ਰਚਾਰ ਦੇ ਪ੍ਰਮੁੱਖ ਕੇਂਦਰ ਵਜੋਂ ਕਾਰਜਸ਼ੀਲ ਰਿਹਾ। ਇਸ ਨਗਰ ਵਿਖੇ ਨਿਵਾਸ ਦੌਰਾਨ ਗੁਰੂ ਸਾਹਿਬਾਨ ਨੇ ਸਿੱਖ ਧਰਮ ਦਾ ਪ੍ਰਚਾਰ-ਪ੍ਰਸਾਰ ਕਰਨ ਲਈ ਬਹੁਤ ਸਾਰੇ ਪ੍ਰਚਾਰਕ ਨਿਯੁਕਤ ਕੀਤੇ ਸਨ। ਇਨ੍ਹਾਂ 'ਚੋਂ ਉਦਾਸੀ ਸੰਪ੍ਰਦਾਇ ਦੇ ਚਾਰ ਧੂਣਿਆਂ ਦਾ ਜ਼ਿਕਰ ਵਿਸ਼ੇਸ਼ ਤੌਰ 'ਤੇ ਕੀਤਾ ਜਾਂਦਾ ਹੈ, ਜਿਹੜੇ ਬਾਬਾ ਗੁਰਦਿੱਤਾ ਜੀ ਨੇ ਗੁਰੂ ਸਾਹਿਬਾਨ ਦੇ ਮਿਸ਼ਨ ਦਾ ਪ੍ਰਚਾਰ ਕਰਨ ਲਈ ਭਾਰਤ ਦੇ ਵਿਭਿੰਨ ਇਲਾਕਿਆਂ 'ਚ ਭੇਜੇ ਸਨ। ਇਨ੍ਹਾਂ ਤੋਂ ਇਲਾਵਾ ਭਗਤ ਭਗਵਾਨ ਇਕ ਅਜਿਹਾ ਸਾਧੂ ਸੀ, ਜੋ ਬਿਹਾਰ ਤੋਂ ਦੇਸ਼ ਦੀ ਯਾਤਰਾ ਕਰਦਾ ਹੋਇਆ ਕੀਰਤਪੁਰ ਸਾਹਿਬ ਵਿਖੇ ਗੁਰੂ ਹਰਿਰਾਇ ਜੀ ਕੋਲ ਆਇਆ ਤੇ ਉਨ੍ਹਾਂ ਤੋਂ ਬਹੁਤ ਪ੍ਰਭਾਵਿਤ ਹੋਇਆ। ਗੁਰੂ ਜੀ ਨੇ ਇਸ ਨੂੰ ਇਕ ਬਖ਼ਸ਼ਿਸ਼ ਦਾ ਮੁਖੀ ਥਾਪ ਦਿੱਤਾ ਸੀ। ਇਸ ਦੇ ਬਿਹਾਰ 'ਚ 360 ਤੋਂ ਵੱਧ ਡੇਰੇ ਕਾਇਮ ਸਨ, ਜਿਹੜੇ ਗੁਰੂ ਨਾਨਕ ਦੇਵ ਜੀ ਦੀ ਸਿੱਖਿਆ ਤੇ ਸੰਦੇਸ਼ ਦਾ ਪ੍ਰਚਾਰ ਕਰਨ ਲੱਗੇ ਸਨ। ਗੁਰੂ ਸਾਹਿਬਾਨ ਤੋਂ ਬਾਅਦ ਸਿੱਖਾਂ ਦੀ ਇਸ ਨਗਰ ਨਾਲ ਭਾਵਨਾਤਮਿਕ ਸਾਂਝ ਕਾਇਮ ਰਹੀ, ਜਿਹੜੀ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਸਮੇਂ ਸਭ ਤੋਂ ਪਹਿਲਾਂ ਦੇਖਣ ਨੂੰ ਮਿਲਦੀ ਹੈ। ਲੋਹਗੜ੍ਹ ਛੱਡਣ ਉਪਰੰਤ ਉਨ੍ਹਾਂ ਨੇ ਜੌਨਪੁਰ ਦੀ ਸੰਗਤ ਦੇ ਨਾਂਅ ਇਕ ਹੁਕਮਨਾਮਾ ਜਾਰੀ ਕੀਤਾ, ਜਿਸ ਵਿਚ ਉਨ੍ਹਾਂ ਨੂੰ ਹਥਿਆਰ ਲੈ ਕੇ ਆਉਣ ਲਈ ਕਿਹਾ ਸੀ। ਗੁਰੂ ਸਾਹਿਬਾਨ ਤੋਂ ਬਾਅਦ ਉਨ੍ਹਾਂ ਦੇ ਪਰਿਵਾਰਾਂ ਨੇ ਲੰਮਾ ਸਮਾਂ ਇਸ ਨਗਰ ਵਿਖੇ ਨਿਵਾਸ ਕੀਤਾ। 1920 ਵਿਚ ਗੁਰਦੁਆਰਾ ਸੁਧਾਰ ਲਹਿਰ ਆਰੰਭ ਹੋਈ, ਉਸ ਸਮੇਂ ਇਸ ਨਗਰ ਦੇ ਗੁਰਧਾਮ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪੋਤਰੇ ਬਾਬਾ ਸ਼ਿਆਮ ਸਿੰਘ ਜੀ ਦੇ ਵੰਸ਼ਜ਼ਾਂ ਦੇ ਅਧੀਨ ਸਨ, ਜਿਨ੍ਹਾਂ ਨੇ 1923 ਵਿਚ ਇਨ੍ਹਾਂ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੌਂਪ ਦਿੱਤਾ ਸੀ।
ਕੀਰਤਪੁਰ ਸਾਹਿਬ ਦੇ ਇਤਿਹਾਸਕ ਗੁਰਧਾਮਾਂ ਦਾ ਪ੍ਰਬੰਧ ਸ਼੍ਰੋਮਣੀ ਕਮੇਟੀ ਵਲੋਂ ਗੁਰਦੁਆਰਾ ਐਕਟ 1925 ਅਧੀਨ ਨਿਰੰਤਰ ਜਾਰੀ ਹੈ। ਤਖ਼ਤ ਸ੍ਰੀ ਕੇਸਗੜ੍ਹ ਦਾ ਪ੍ਰਬੰਧ ਤਾਂ ਪਹਿਲਾਂ ਹੀ ਸਿੱਧਾ ਸ਼੍ਰੋਮਣੀ ਕਮੇਟੀ ਦੇ ਅਧੀਨ ਆ ਗਿਆ ਸੀ ਪਰ ਅਨੰਦਪੁਰ ਸਾਹਿਬ ਤੇ ਕੀਰਤਪੁਰ ਸਾਹਿਬ ਦੇ ਬਹੁਤ ਸਾਰੇ ਗੁਰਦੁਆਰਾ ਸਾਹਿਬਾਨ ਦਾ ਪ੍ਰਬੰਧ ਸਥਾਨਕ ਕਮੇਟੀਆਂ ਰਾਹੀਂ ਕੀਤਾ ਜਾ ਰਿਹਾ ਸੀ ਪਰ 1951 ਤੋਂ ਇਨ੍ਹਾਂ ਦੋਵੇਂ ਨਗਰਾਂ ਦੇ ਇਤਿਹਾਸਕ ਗੁਰਧਾਮਾਂ ਦਾ ਪ੍ਰਬੰਧ ਸਿੱਧਾ ਸ਼੍ਰੋਮਣੀ ਕਮੇਟੀ ਅਧੀਨ ਕਰ ਦਿੱਤਾ ਗਿਆ। ਕੀਰਤਪੁਰ ਸਾਹਿਬ ਵਿਖੇ ਗੁਰੂ ਸਾਹਿਬਾਨ ਅਤੇ ਗੁਰਸਿੱਖਾਂ ਨਾਲ ਸੰਬੰਧਿਤ ਕਈ ਗੁਰਧਾਮ ਸੁਸ਼ੋਭਿਤ ਹਨ, ਜਿਹੜੇ ਇਸ ਨਗਰ ਦੇ ਮਹੱਤਵ ਨੂੰ ਉਜਾਗਰ ਕਰਨ 'ਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।
ਗੁ. ਚਰਨ ਕੰਵਲ ਸਾਹਿਬ-ਸ੍ਰੀ ਗੁਰੂ ਨਾਨਕ ਦੇਵ ਜੀ ਆਪਣੀਆਂ ਪ੍ਰਚਾਰ ਯਾਤਰਾਵਾਂ ਦੌਰਾਨ ਇੱਥੇ ਪੁੱਜੇ ਤਾਂ ਉਨ੍ਹਾਂ ਦਾ ਮੇਲ ਇਕ ਮੁਸਲਮਾਨ ਫ਼ਕੀਰ ਪੀਰ ਬੁੱਢਣਸ਼ਾਹ ਨਾਲ ਹੋਇਆ, ਜੋ ਪਰਮਾਤਮਾ ਦੀ ਬੰਦਗੀ ਕਰਨ ਦੇ ਨਾਲ ਬੱਕਰੀਆਂ ਵੀ ਚਾਰਦਾ ਸੀ। ਇਹ ਗੁਰੂ ਨਾਨਕ ਦੇਵ ਜੀ ਤੋਂ ਬਹੁਤ ਪ੍ਰਭਾਵਿਤ ਹੋਏ ਅਤੇ ਉਨ੍ਹਾਂ ਨੂੰ ਆਪਣੀਆਂ ਬੱਕਰੀਆਂ ਦਾ ਤਾਜ਼ਾ ਚੋਇਆ ਹੋਇਆ ਦੁੱਧ ਭੇਟ ਕੀਤਾ। ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬੈਠ ਕੇ ਪੀਰ ਬੁੱਢਣਸ਼ਾਹ ਨਾਲ ਬਚਨ ਬਿਲਾਸ ਕੀਤਾ, ਉਸ ਅਸਥਾਨ 'ਤੇ ਅੱਜ ਗੁਰਦੁਆਰਾ ਚਰਨ ਕੰਵਲ ਸਾਹਿਬ ਪਾਤਿਸ਼ਾਹੀ ਪਹਿਲੀ ਸੁਸ਼ੋਭਿਤ ਹੈ।
ਗੁ. ਸ਼ੀਸ਼ ਮਹਿਲ ਸਾਹਿਬ-ਕੀਰਤਪੁਰ ਸਾਹਿਬ ਵਿਖੇ ਇਹ ਇਕ ਪੁਰਾਤਨ ਇਤਿਹਾਸਕ ਅਸਥਾਨ ਹੈ, ਜਿਸ ਦੀ ਸਭ ਤੋਂ ਪਹਿਲਾਂ ਬਾਬਾ ਗੁਰਦਿੱਤਾ ਜੀ ਨੇ ਉਸਾਰੀ ਕਰਵਾਈ ਸੀ। ਕਿਹਾ ਜਾਂਦਾ ਹੈ ਕਿ ਗੁਰੂ ਹਰਿਗੋਬਿੰਦ ਸਾਹਿਬ ਨੇ ਕੀਰਤਪੁਰ ਨਗਰ ਵਸਾਉਣ ਦੀ ਜ਼ਿੰਮੇਵਾਰੀ ਬਾਬਾ ਗੁਰਦਿੱਤਾ ਜੀ ਨੂੰ ਸੌਂਪ ਦਿੱਤੀ ਸੀ ਅਤੇ ਉਨ੍ਹਾਂ ਨੇ ਇਸ ਨਗਰ ਦੇ ਵਿਕਾਸ ਲਈ ਇੱਥੇ ਹੀ ਨਿਵਾਸ ਕਰ ਲਿਆ ਸੀ। ਸਭ ਤੋਂ ਪਹਿਲਾਂ ਉਨ੍ਹਾਂ ਨੇ ਇਸ ਨਵੇਂ ਨਗਰ ਵਿਖੇ ਨਿਵਾਸ ਕਰਨ ਲਈ ਇਸ ਅਸਥਾਨ 'ਤੇ ਕੁਝ ਕਮਰੇ ਬਣਵਾਏ। ਕਰਤਾਰਪੁਰ ਦੇ ਯੁੱਧ ਉਪਰੰਤ ਗੁਰੂ ਹਰਿਗੋਬਿੰਦ ਸਾਹਿਬ ਨੇ ਵੀ ਇਸ ਅਸਥਾਨ 'ਤੇ ਨਿਵਾਸ ਕਰ ਲਿਆ। ਇੱਥੇ ਹੀ ਬਾਬਾ ਗੁਰਦਿੱਤਾ ਜੀ ਦੇ ਘਰ ਗੁਰੂ ਹਰਿਰਾਇ ਜੀ ਨੇ ਅਤੇ ਗੁਰੂ ਹਰਿਰਾਇ ਜੀ ਦੇ ਗ੍ਰਹਿ ਵਿਖੇ ਗੁਰੂ ਹਰਿਕ੍ਰਿਸ਼ਨ ਜੀ ਦਾ ਪ੍ਰਕਾਸ਼ ਹੋਇਆ। ਇਸ ਗੁਰਦੁਆਰਾ ਸਾਹਿਬ ਨੂੰ ਪ੍ਰਕਾਸ਼ ਅਸਥਾਨ ਪਾਤਿਸ਼ਾਹੀ ਸੱਤਵੀਂ ਤੇ ਅੱਠਵੀਂ ਵੀ ਕਿਹਾ ਜਾਂਦਾ ਹੈ। ਸੰਤ ਸੇਵਾ ਸਿੰਘ ਅਨੰਦਗੜ੍ਹ ਵਾਲਿਆਂ ਨੇ ਇਸ ਦੀ ਕਾਰ ਸੇਵਾ ਕੀਤੀ ਸੀ। ਇਸ ਗੁਰਦੁਆਰਾ ਸਾਹਿਬ ਦੇ ਨੇੜੇ ਹੀ ਇਕ ਪੁਰਾਤਨ ਬਾਉਲੀ-ਨੁਮਾ ਖੂਹ ਹੈ, ਜਿਸ ਨੂੰ ਗੁਰੂ ਕਾ ਖੂਹ ਵੀ ਕਿਹਾ ਜਾਂਦਾ ਹੈ। ਇਹ ਖੂਹ ਗੁਰੂ ਜੀ ਦੇ ਸਮੇਂ ਦਾ ਦੱਸਿਆ ਜਾਂਦਾ ਹੈ, ਜੋ ਉਸ ਸਮੇਂ ਪਾਣੀ ਦਾ ਮੁੱਖ ਸਰੋਤ ਸੀ। (ਬਾਕੀ ਅਗਲੇ ਸੋਮਵਾਰ ਦੇ ਅੰਕ 'ਚ)
-ਸਿੱਖ ਵਿਸ਼ਵ ਕੋਸ਼ ਵਿਭਾਗ ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪਿਛਲੀ ਖ਼ਬਰ ਮੀਰੀ-ਪੀਰੀ ਦਾ ਸਿਧਾਂਤ ਅਤੇ ਪੰਜਾਬ ਅਗਲੀ ਖ਼ਬਰ ਸੂਬੇ ’ਚ ‘ਵੀਬੀ ਜੀ ਰਾਮ ਜੀ’ ਸਕੀਮ ਤਹਿਤ ਰਜਿਸਟ੍ਰੇਸ਼ਨ ਲਈ ਵਿਸ਼ੇਸ਼ ਕੈਂਪ ਲਗਾਏ ਜਾ ਰਹੇ-ਸੌਂਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।