02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2026

ਮੀਰੀ-ਪੀਰੀ ਦਾ ਸਿਧਾਂਤ ਅਤੇ ਪੰਜਾਬ

ਅਜੀਤ ਡੈਸਕ 20-07-2026

ਜੇ ਦੇਸ਼ ਦੇ ਇਤਿਹਾਸ ਵੱਲ ਝਾਤੀ ਮਾਰੀਏ ਤਾਂ ਆਮ ਤੌਰ 'ਤੇ ਧਰਮ ਦੀ ਵਰਤੋਂ ਰਾਜ-ਭਾਗ ਨੂੰ ਸੇਧ ਦੇਣ ਦੀ ਥਾਂ, ਉਸ ਦੀ ਸੁਰੱਖਿਆ ਲਈ ਹੀ ਕੀਤੀ ਜਾਂਦੀ ਰਹੀ ਹੈ। ਧਰਮ ਦੀ ਆਮਦ ਦਾ ਮੁੱਖ ਉਦੇਸ਼ ਲੋਕਾਂ ਨੂੰ ਅਜਿਹੀ ਜੀਵਨ-ਜਾਚ ਨਾਲ ਜੋੜਨਾ ਸੀ, ਜਿੱਥੇ ਸਾਰੀ ਲੋਕਾਈ ਬਰਾਬਰੀ ਨਾਲ ਮਿਲਜੁਲ ਕੇ ਰਹੇ। ਕੋਈ ਤਕੜਾ ਮਾੜੇ 'ਤੇ ਜ਼ੁਲਮ ਨਾ ਕਰੇ। ਪਰ ਹੋਇਆ ਉਲਟ। ਮੌਕੇ ਦੇ ਹਾਕਮਾਂ ਨੇ ਆਪਣੇ ਰਾਜ-ਭਾਗ ਦੀ ਸਲਾਮਤੀ ਲਈ ਅਤੇ ਗਲਤ ਫ਼ੈਸਲਿਆਂ ਨੂੰ ਸਹੀ ਠਹਿਰਾਉਣ ਲਈ ਧਰਮ ਦੀ ਵਰਤੋਂ ਕੀਤੀ। ਧਾਰਮਿਕ ਆਗੂਆਂ ਨੂੰ ਡਰਾ ਕੇ ਜਾਂ ਲਾਲਚ ਦੇ ਕੇ ਆਪਣੇ ਗਲਤ ਕੰਮਾਂ ਨੂੰ ਸਹੀ ਠਹਿਰਾਉਣ ਲਈ ਵਰਤਿਆ ਗਿਆ।
15ਵੀਂ ਸਦੀ 'ਚ ਜਦੋਂ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਹੋਇਆ, ਉਦੋਂ ਇਹ ਚਲਣ ਸਿਖ਼ਰ 'ਤੇ ਸੀ। ਉਨ੍ਹਾਂ ਇਸ ਦਾ ਵਿਰੋਧ ਕੀਤਾ ਤੇ ਧਾਰਮਿਕ ਆਗੂਆਂ ਨੂੰ ਅਜਿਹਾ ਕਰਨ ਲਈ ਲਾਹਣਤਾਂ ਪਾਈਆਂ। ਜਦੋਂ ਬਾਬਰ ਨੇ ਹਮਲਾ ਕੀਤਾ ਤੇ ਬੇਕਸੂਰਿਆਂ 'ਤੇ ਜ਼ੁਲਮ ਢਾਇਆ ਤਾਂ ਗੁਰੂ ਜੀ ਨੇ ਉਸ ਦਾ ਵੀ ਵਿਰੋਧ ਕੀਤਾ। ਧਾਰਮਿਕ ਆਗੂਆਂ ਦੇ ਮੂੰਹ ਲਹੂ ਲੱਗ ਚੁੱਕਾ ਸੀ ਤੇ ਹਾਕਮ ਆਪਣੇ ਗਲਤ ਫ਼ੈਸਲਿਆਂ ਦੀ ਪੁਸ਼ਟੀ ਇਨ੍ਹਾਂ ਧਾਰਮਿਕ ਆਗੂਆਂ ਤੋਂ ਹੀ ਕਰਾਉਂਦੇ ਸਨ। ਗੁਰੂ ਨਾਨਕ ਦੇਵ ਜੀ ਤੇ ਬਾਕੀ ਗੁਰੂ ਸਾਹਿਬਾਨ ਦਾ ਸਭ ਤੋਂ ਵੱਧ ਵਿਰੋਧ ਧਾਰਮਿਕ ਆਗੂਆਂ ਨੇ ਹੀ ਕੀਤਾ। ਸ਼ਹੀਦਾਂ ਦੇ ਸਿਰਤਾਜ ਗੁਰੂ ਅਰਜਨ ਦੇਵ ਜੀ, ਨੌਵੇਂ ਪਾਤਿਸ਼ਾਹ ਗੁਰੂ ਤੇਗ਼ ਬਹਾਦਰ ਸਾਹਿਬ ਅਤੇ ਛੋਟੇ ਸਾਹਿਬਜ਼ਾਦਿਆਂ ਦੀਆਂ ਸ਼ਹੀਦੀਆਂ ਦੇ ਫ਼ੈਸਲੇ ਮੌਕੇ ਦੀ ਹਕੂਮਤ ਨੇ ਧਾਰਮਿਕ ਆਗੂਆਂ ਰਾਹੀਂ ਹੀ ਸਹੀ ਦਰਸਾਏ। ਮੀਰੀ-ਪੀਰੀ ਦੇ ਸਿਧਾਂਤ ਅਰਥਾਤ ਧਰਮ ਰਾਹੀਂ ਰਾਜਨੀਤੀ ਦੇ ਸੰਚਾਲਨ ਦੇ ਸਿਧਾਂਤ ਦੀ ਭਾਵੇਂ ਗੁਰੂ ਨਾਨਕ ਸਾਹਿਬ ਨੇ ਹੀ ਬਖਸ਼ਿਸ਼ ਕੀਤੀ, ਪਰ ਇਸ ਨੂੰ ਅਮਲੀ ਜਾਮਾ ਛੇਵੇਂ ਪਾਤਿਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਦਿੱਤਾ।
ਗੁਰੂ ਹਰਿਗੋਬਿੰਦ ਸਾਹਿਬ ਕੇਵਲ 11 ਵਰ੍ਹਿਆਂ ਦੇ ਸਨ, ਜਦੋਂ ਉਹ ਗੁਰਗੱਦੀ 'ਤੇ ਬੈਠੇ। ਬਾਬਾ ਬੁੱਢਾ ਜੀ ਨੇ ਜਦੋਂ ਉਨ੍ਹਾਂ ਨੂੰ ਗੁਰਗੱਦੀ 'ਤੇ ਬਿਠਾਇਆ ਤਾਂ ਗੁਰੂ ਜੀ ਨੂੰ ਦੋ ਕਿਰਪਾਨਾਂ ਪਹਿਨਾਈਆਂ। ਇਕ ਪੀਰੀ ਦੀ ਤੇ ਦੂਜੀ ਮੀਰੀ ਦੀ। ਗੁਰੂ ਸਾਹਿਬ ਨੇ ਮੌਕੇ ਦੀ ਜ਼ਾਲਮ ਹਕੂਮਤ ਵਿਰੁੱਧ ਬਗ਼ਾਵਤ ਦੇ ਰੂਪ 'ਚ ਅੰਮ੍ਰਿਤਸਰ ਨੂੰ ਇਕ ਆਜ਼ਾਦ ਖਿੱਤਾ ਐਲਾਨ ਦਿੱਤਾ। ਸ਼ਹਿਰ ਦੀ ਰਾਖੀ ਲਈ ਕਿਲ੍ਹਿਆਂ ਦੀ ਉਸਾਰੀ ਕਰਾਈ ਤੇ ਫ਼ੌਜ ਤਿਆਰ ਕੀਤੀ। ਉਨ੍ਹਾਂ ਸੰਗਤਾਂ ਨੂੰ ਭੇਟਾ ਦੇ ਰੂਪ 'ਚ ਵਧੀਆ ਘੋੜੇ ਤੇ ਹਥਿਆਰ ਦੇਣ ਲਈ ਆਖਿਆ। ਸ੍ਰੀ ਹਰਿਮੰਦਰ ਸਾਹਿਬ ਦੇ ਸਾਹਮਣੇ ਬੈਠਣ ਲਈ ਥੜ੍ਹਾ ਬਣਵਾਇਆ, ਜਿਸ ਨੂੰ ਅਕਾਲ ਤਖ਼ਤ ਆਖਿਆ ਗਿਆ, ਭਾਵ ਰੱਬੀ ਤਖ਼ਤ। ਇੱਥੇ ਗੁਰੂ ਸਾਹਿਬ ਲੋਕਾਂ ਦੀ ਸ਼ਿਕਾਇਤਾਂ ਦਾ ਨਿਵਾਰਨ ਕਰਦੇ। ਢਾਡੀ ਬੀਰ ਰਸੀ ਵਾਰਾਂ ਗਾਉਂਦੇ ਸਨ ਤੇ ਨੌਜਵਾਨ ਜੰਗੀ ਮਸ਼ਕਾਂ ਕਰਦੇ। ਇੰਝ ਗੁਰੂ ਜੀ ਨੇ ਮੀਰੀ ਤੇ ਪੀਰੀ ਦੇ ਸਿਧਾਂਤ ਦੀ ਸਹੀ ਵਰਤੋਂ ਕਰ ਵਿਖਾਈ। ਉਨ੍ਹਾਂ ਨੇ ਆਦਰਸ਼ ਰਾਜ ਪ੍ਰਬੰਧ ਦਾ ਵੀ ਨਮੂਨਾ ਪੇਸ਼ ਕੀਤਾ। ਇਹ ਮੰਨਿਆ ਜਾਂਦਾ ਹੈ ਕਿ ਭਾਰਤੀ ਪਰੰਪਰਾ ਵਿਚ ਵੀ ਸ਼ਸਤਰ ਤੇ ਸ਼ਾਸਤਰ ਦਾ ਜੋੜ ਸੀ, ਪਰ ਉਦੋਂ ਦੇ ਆਗੂਆਂ ਨੇ ਇਸ ਸੋਚ ਨੂੰ ਕਰਮਕਾਂਡਾਂ ਅਤੇ ਮਨੁੱਖੀ ਵਰਗ ਵੰਡ ਨੇ ਕੁਰੂਪ ਕਰ ਦਿੱਤਾ। ਸ਼ਾਸਤਰ ਕੇਵਲ ਬ੍ਰਾਹਮਣਾਂ ਲਈ ਤੇ ਸ਼ਸਤਰ ਖੱਤਰੀਆਂ ਲਈ ਨਿਸਚਿਤ ਹੋਣ ਨਾਲ ਦੇਸ਼ ਸਦੀਆਂ ਤੱਕ ਗੁਲਾਮੀ ਭੋਗਦਾ ਰਿਹਾ। ਇਸੇ ਸਿਧਾਂਤ ਅਨੁਸਾਰ ਦਸਮੇਸ਼ ਪਿਤਾ ਨੇ ਆਪਣੇ ਸਿੰਘਾਂ ਨੂੰ ਸੰਤ-ਸਿਪਾਹੀ ਦਾ ਰੂਪ ਦਿੱਤਾ। ਖ਼ਾਲਸੇ ਦੀ ਸਿਰਜਣਾ ਸਮੇਂ ਦਸਮ ਪਾਤਿਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਕਿਰਪਾਨ ਧਾਰਨੀ ਲਾਜ਼ਮੀ ਕਰ ਦਿੱਤੀ। ਤਲਵਾਰ ਦਾ ਨਾਂਅ ਉਨ੍ਹਾਂ ਕਿਰਪਾਨ ਰੱਖਿਆ ਤਾਂ ਜੋ ਇਸ ਦੀ ਵਰਤੋਂ ਜ਼ੁਲਮ ਕਰਨ ਲਈ ਨਹੀਂ, ਸਗੋਂ ਜ਼ੁਲਮ ਦਾ ਟਾਕਰਾ ਕਰਨ ਲਈ ਕੀਤੀ ਜਾਵੇ। ਗੁਰੂ ਅਰਜਨ ਦੇਵ ਜੀ ਨੇ ਅਸਹਿ ਕਸ਼ਟ ਝੱਲਦੇ ਹੋਏ ਸ਼ਾਂਤ ਰਹਿੰਦਿਆਂ ਆਪਣੀ ਸ਼ਹੀਦੀ ਨਾਲ ਸਿੱਖਾਂ 'ਚੋਂ ਮੌਤ ਦਾ ਭੈਅ ਦੂਰ ਕਰ ਦਿੱਤਾ। ਗੁਰੂ ਹਰਿਗੋਬਿੰਦ ਸਾਹਿਬ ਦੀ ਨੇ ਮੁਗ਼ਲ ਹਕੂਮਤ ਦੇ ਹਮਲਿਆਂ ਦਾ ਡਟ ਕੇ ਮੁਕਾਬਲਾ ਕੀਤਾ ਤੇ ਮੁਗ਼ਲ ਸੈਨਾ ਨੂੰ ਹਾਰ ਦਾ ਮੂੰਹ ਵੇਖਣਾ ਪਿਆ। ਗੁਰੂ ਅਰਜਨ ਦੇਵ ਜੀ ਦੇ ਪੋਤਰੇ ਤੇ ਨੌਵੇਂ ਪਾਤਿਸ਼ਾਹ ਗੁਰੂ ਤੇਗ਼ ਬਹਾਦਰ ਸਾਹਿਬ ਨੇ ਮਨੁੱਖੀ ਹੱਕਾਂ ਦੀ ਰਾਖੀ ਲਈ ਸ਼ਹੀਦੀ ਪ੍ਰਾਪਤ ਕੀਤੀ, ਜਿਸ ਨਾਲ ਸਿੱਖ ਦੀ ਜ਼ਿੰਮੇਵਾਰੀ ਕੇਵਲ ਆਪਣੇ 'ਤੇ ਹੋ ਰਹੇ ਜ਼ੁਲਮ ਦਾ ਮੁਕਾਬਲਾ ਕਰਨਾ ਹੀ ਨਹੀਂ ਰਹੀ, ਸਗੋਂ ਮਜ਼ਲੂਮਾਂ 'ਤੇ ਹੋ ਰਹੇ ਜ਼ੁਲਮ ਦਾ ਟਾਕਰਾ ਕਰਨਾ ਵੀ ਫ਼ਰਜ਼ ਸਮਝਿਆ ਜਾਣ ਲੱਗਾ। ਇਸ ਦੀ ਮਿਸਾਲ ਬਾਬਾ ਬੰਦਾ ਸਿੰਘ ਬਹਾਦਰ ਤੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਸਮੇਂ ਦਿੱਤੀ ਗਈ। ਭਾਵੇਂ ਬਾਬਾ ਜੀ ਦਾ ਰਾਜ ਕੁਝ ਸਮੇਂ ਦਾ ਸੀ ਪਰ ਉਨ੍ਹਾਂ ਨੇ ਪਿਛਲੇ ਲੰਮੇ ਸਮੇਂ ਤੋਂ ਪਈਆਂ ਗੁਲਾਮੀ ਦੀਆਂ ਬੇੜੀਆਂ ਨੂੰ ਤੋੜਿਆ ਅਤੇ ਮੀਰੀ-ਪੀਰੀ ਦੀ ਮਿਸਾਲ ਕਾਇਮ ਕੀਤੀ। ਗਰੀਬ ਤੇ ਅਛੂਤ ਲੋਕਾਂ ਨੂੰ ਉੱਚੀ ਕੁੱਲ ਵਾਲਿਆਂ ਦੀ ਬਰਾਬਰੀ ਬਖ਼ਸ਼ੀ। ਇਸੇ ਸਿਧਾਂਤ 'ਤੇ ਆਧਾਰਿਤ ਮਹਾਰਾਜਾ ਰਣਜੀਤ ਸਿੰਘ ਨੇ ਅੱਧੀ ਸਦੀ ਰਾਜ ਕੀਤਾ। ਉਨ੍ਹਾਂ ਦੇ ਰਾਜ 'ਚ ਕੋਈ ਅਨਪੜ੍ਹ ਨਹੀਂ ਸੀ, ਕਿਸੇ ਨੂੰ ਭੁੱਖੇ ਢਿੱਡ ਸੌਣ ਦੀ ਨੌਬਤ ਨਹੀਂ ਆਈ, ਸਭ ਧਰਮਾਂ ਦਾ ਬਰਾਬਰ ਸਤਿਕਾਰ ਰਿਹਾ ਤੇ ਸਾਰੀ ਪ੍ਰਜਾ ਸੁਰੱਖਿਅਤ ਸੀ। ਕੁਝ ਸਮਾਂ ਪਹਿਲਾਂ ਇੰਗਲੈਂਡ ਦੀ ਇਕ ਸੰਸਥਾ ਵਲੋਂ ਸੰਸਾਰ ਵਿਚ ਹੁਣ ਤੱਕ ਹੋਏ ਸਾਰੇ ਬਾਦਸ਼ਾਹਾਂ ਦੀ ਤੁਲਨਾ ਕਰਵਾਈ ਗਈ ਤੇ ਮੀਰੀ-ਪੀਰੀ ਦੇ ਸਿਧਾਂਤ ਅਨੁਸਾਰ ਰਾਜ ਕਰਨ ਵਾਲੇ ਮਹਾਰਾਜਾ ਰਣਜੀਤ ਸਿੰਘ ਦਾ ਨਾਂਅ ਸਭ ਤੋਂ ਉੱਪਰ ਰੱਖਿਆ ਗਿਆ।
ਲੋਕਤੰਤਰ ਦੇ ਯੁੱਗ ਵਿਚ ਬਹੁਧਰਮੀ ਦੇਸ਼ ਵਿਚ ਘੱਟ ਗਿਣਤੀਆਂ ਆਪਣੇ-ਆਪ ਨੂੰ ਅਸੁਰੱਖਿਅਤ ਸਮਝਦੀਆਂ ਹਨ, ਕਿਉਂਕਿ ਵੋਟ ਰਾਜ ਵਿਚ ਤਾਂ ਬਹੁਗਿਣਤੀ ਵਾਲੇ ਹੀ ਰਾਜ ਕਰਦੇ ਹਨ। ਜਿੱਥੇ ਧਰਮ ਦੀ ਰਾਖੀ ਲਈ ਮੀਰੀ ਜ਼ਰੂਰੀ ਹੈ, ਉੱਥੇ ਮੀਰੀ ਨੂੰ ਕੁਰਾਹੇ ਪੈਣ ਤੋਂ ਰੋਕਣ ਲਈ ਪੀਰੀ ਵੀ ਹੋਣੀ ਚਾਹੀਦੀ ਹੈ। ਸਿੱਖੀ ਵਿਚ ਪੀਰੀ ਦਾ ਅਰਥ ਧਾਰਮਿਕ ਕੱਟੜਤਾ ਨਹੀਂ, ਸਗੋਂ ਧਾਰਮਿਕ ਅਸੂਲ ਹਨ। ਸੰਤ-ਸਿਪਾਹੀ ਦਾ ਰੂਪ ਧਾਰਨ ਕਰਨ ਪਿੱਛੋਂ ਆਪਣੇ ਅਸੂਲਾਂ ਦੀ ਰਾਖੀ ਲਈ ਜਿੰਨੀਆਂ ਕੁਰਬਾਨੀਆਂ ਸਿੱਖਾਂ ਨੂੰ ਦੇਣੀਆਂ ਪਈਆਂ, ਸ਼ਾਇਦ ਹੀ ਸੰਸਾਰ ਦੇ ਇਤਿਹਾਸ ਵਿਚ ਅਜਿਹਾ ਕਿਸੇ ਵੀ ਹੋਰ ਨੇ ਕੀਤਾ ਹੋਵੇ। ਦੇਸ਼ ਨੂੰ ਆਜ਼ਾਦ ਕਰਾਉਣ 'ਚ ਵੀ ਸਭ ਤੋਂ ਵੱਧ ਕੁਰਬਾਨੀਆਂ ਸਿੱਖਾਂ ਦੀਆਂ ਹਨ। ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਅਤੇ ਦੇਸ਼ 'ਚੋਂ ਭੁੱਖਮਰੀ ਦੂਰ ਕਰਨ ਵਿਚ ਵੀ ਸਿੱਖਾਂ ਦਾ ਯੋਗਦਾਨ ਸਭ ਤੋਂ ਵੱਧ ਹੈ। ਆਜ਼ਾਦੀ ਸਮੇਂ ਬਹੁਤ ਘੱਟ ਗਿਣਤੀ ਹੋਣ ਕਰਕੇ ਸਿੱਖਾਂ ਨੂੰ ਵੱਖਰਾ ਦੇਸ਼ ਨਹੀਂ ਮਿਲ ਸਕਿਆ। ਸਾਰੇ ਦੇਸ਼ 'ਚ ਬੋਲੀ ਆਧਾਰਿਤ ਸੂਬਿਆਂ ਦੀ ਮੁੜ ਹੱਦਬੰਦੀ ਕੀਤੀ ਗਈ, ਪਰ ਪੰਜਾਬ ਨੂੰ ਦੋ ਭਾਸ਼ੀ ਸੂਬਾ ਬਣਾ ਦਿੱਤਾ। ਪੰਜਾਬੀ ਸੂਬੇ ਦੀ ਪ੍ਰਾਪਤੀ ਲਈ ਲੰਬਾ ਸੰਘਰਸ਼ ਕਰਨਾ ਪਿਆ। ਹਜ਼ਾਰਾਂ ਲੋਕਾਂ ਨੇ ਜੇਲ੍ਹਾਂ ਕੱਟੀਆਂ, ਜੁਰਮਾਨੇ ਭਰੇ ਪਰ ਆਪਣਾ ਸ਼ਾਂਤਮਈ ਅੰਦੋਲਨ ਜਾਰੀ ਰੱਖਿਆ। ਅਖੀਰ ਪੰਜਾਬੀ ਸੂਬਾ ਪ੍ਰਾਪਤ ਹੋ ਗਿਆ, ਭਾਵੇਂ ਕਿ ਇਸ ਲਈ ਬਹੁਤ ਕੁਰਬਾਨੀਆਂ ਦੇਣੀਆਂ ਪਈਆਂ। ਕਾਫ਼ੀ ਸਾਰੇ ਪੰਜਾਬੀ ਬੋਲਦੇ ਇਲਾਕੇ ਬਾਹਰ ਰਹਿ ਗਏ। ਨਵੀਂ ਬਣਾਈ ਰਾਜਧਾਨੀ ਵੀ ਹੱਥੋਂ ਗਈ, ਪੰਜਾਬ ਦੇ ਪਾਣੀਆਂ ਦਾ ਕੰਟਰੋਲ ਵੀ ਛੱਡਣਾ ਪਿਆ। ਸੂਬਾ ਉੱਪਰ ਜਾਣ ਦੀ ਥਾਂ ਪਿਛਾਂਅ ਹੋਣਾ ਸ਼ੁਰੂ ਹੋ ਗਿਆ। ਹੁਣ ਇਸ ਦੀ ਵਿਕਾਸ ਦਰ ਕਮਜ਼ੋਰ ਸਮਝੇ ਜਾਂਦੇ ਸੂਬਿਆਂ ਤੋਂ ਵੀ ਘੱਟ ਹੋ ਗਈ ਹੈ। ਦੇਸ਼ ਪੱਧਰ 'ਤੇ ਉੱਚੀਆਂ ਪਦਵੀਆਂ ਵੀ ਖਿਸਕ ਗਈਆਂ ਹਨ। ਫ਼ੌਜ਼ ਵਿਚ ਭਰਤੀ ਵੀ ਘੱਟ ਹੋ ਗਈ ਹੈ। ਮੁਕਾਬਲੇ ਦੇ ਇਮਤਿਹਾਨਾਂ ਲਈ ਤਿਆਰੀ ਕਰਨ ਦੀ ਥਾਂ ਜਵਾਨੀ ਦਾ ਪ੍ਰਦੇਸਾਂ ਵੱਲ ਭੱਜਣ 'ਤੇ ਜ਼ੋਰ ਲੱਗਾ ਹੈ। ਦੇਸ਼ ਦੇ ਕਿਸੇ ਵੀ ਹੋਰ ਸੂਬੇ ਵਿਚੋਂ ਪਗੜੀਧਾਰੀ ਮੈਂਬਰ ਪਾਰਲੀਮੈਂਟ ਨਹੀਂ ਹੈ। ਸੂਬੇ ਸਿਰ ਕਰਜ਼ਾ ਵਧ ਰਿਹਾ ਹੈ। ਹਰ ਪਾਸੇ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ, ਨੌਜਵਾਨਾਂ ਵਿਚ ਬੇਚੈਨੀ ਹੈ ਤੇ ਉਹ ਨਸ਼ਿਆਂ ਦਾ ਸ਼ਿਕਾਰ ਹੋ ਰਹੇ ਹਨ। ਪਾਣੀ, ਹਵਾ ਤੇ ਧਰਤੀ ਨੂੰ ਅਸੀਂ ਪਲੀਤ ਕਰ ਲਿਆ ਹੈ। ਕਣਕ-ਝੋਨੇ ਦੇ ਫ਼ਸਲੀ ਚੱਕਰ 'ਚੋਂ ਕੱਢ ਕਿਸਾਨਾਂ ਲਈ ਰੁਜ਼ਗਾਰ ਦੇ ਵਸੀਲੇ ਵਿਕਸਤ ਕਰਨ ਵਾਲੇ ਪਾਸੇ ਕੋਈ ਉਪਰਾਲਾ ਨਹੀਂ ਕੀਤਾ। ਧਾਰਮਿਕ ਸਥਾਨ ਤੇ ਆਗੂ ਵੀ ਇਸੇ ਰਾਹ ਤੁਰ ਪਏ ਹਨ। ਧਰਮ ਸਥਾਨਾਂ, ਧਾਰਮਿਕ ਆਗੂਆਂ ਅਤੇ ਪ੍ਰਚਾਰਕਾਂ ਦੀ ਗਿਣਤੀ ਵਿਚ ਤੇਜ਼ੀ ਨਾਲ ਵਾਧਾ ਹੋਇਆ ਹੈ, ਪਰ ਪਗੜੀਧਾਰੀ ਲੋਕਾਂ ਦੀ ਗਿਣਤੀ ਘਟ ਰਹੀ ਹੈ। ਸਰਕਾਰੀ ਸਕੂਲਾਂ ਤੇ ਹਸਪਤਾਲ, ਜਿਨ੍ਹਾਂ ਨੂੰ ਸਭ ਤੋਂ ਵਧੀਆ ਮੰਨਿਆ ਜਾਂਦਾ ਸੀ, ਨੂੰ ਹੁਣ ਘਟੀਆ ਸਮਝਿਆ ਜਾਣ ਲੱਗਾ ਹੈ। ਮੀਰੀ-ਪੀਰੀ ਦਾ ਸਿਧਾਂਤ ਸਦੀਆਂ ਦੀ ਪਰਖ ਪਿੱਛੋਂ ਸ਼ੁੱਧ ਸੋਨੇ ਵਾਂਗ ਹੈ। ਪਰ ਅਸੀਂ ਨਹੀਂ ਕਰ ਸਕੇ। ਹੁਣ ਧਰਮ 'ਤੇ ਰਾਜਨੀਤੀ ਸ਼ੁਰੂ ਹੋ ਗਈ ਹੈ। ਧਰਮ ਦੀ ਵਰਤੋਂ ਰਾਜਨੀਤੀ ਦੀਆਂ ਗਲਤ ਨੀਤੀਆਂ ਨੂੰ ਸਹੀ ਬਣਾਉਣ ਲਈ ਕੀਤੀ ਜਾ ਰਹੀ ਹੈ। ਕੋਈ ਵੀ ਅਜਿਹਾ ਰਾਜਸੀ ਜਾਂ ਧਾਰਮਿਕ ਆਗੂ ਨਹੀਂ ਆ ਰਿਹਾ, ਜਿਹੜਾ ਧਾਰਮਿਕ ਅਸੂਲਾਂ 'ਤੇ ਪਹਿਰਾ ਦਿੰਦਾ ਹੋਵੇ। ਇਸੇ ਕਰਕੇ ਰਾਜਨੀਤੀ ਧਰਮ 'ਤੇ ਭਾਰੂ ਪੈ ਗਈ ਹੈ। ਪੰਜਾਬੀਆਂ ਵਿਸ਼ੇਸ਼ ਕਰਕੇ ਸਿੱਖਾਂ ਦੇ ਕਿਰਦਾਰ ਵਿਚ ਆਇਆ ਨਿਘਾਰ ਇਸੇ ਕਰਕੇ ਹੈ। ਹੁਣ ਸਾਨੂੰ ਆਪਣੇ ਅੰਦਰ ਝਾਤੀ ਮਾਰਨ ਦੀ ਲੋੜ ਹੈ। ਜੇ ਹੁਣ ਵੀ ਨਾ ਸੰਭਲੇ ਤਾਂ ਪੰਜਾਬੀਆਂ ਤੇ ਪੰਜਾਬ ਦਾ ਭਵਿੱਖ ਖ਼ਤਰੇ ਵਿਚ ਚਲਾ ਜਾਵੇਗਾ।
-ਮੋਬਾਈਲ : 94170-87328

ਪਿਛਲੀ ਖ਼ਬਰ ਸੂਚੇ ਏਹਿ ਨ ਆਖੀਅਹਿ ਅਗਲੀ ਖ਼ਬਰ ਕੀਰਤਪੁਰ ਸਾਹਿਬ : ਧਾਰਮਿਕ ਤੇ ਇਤਿਹਾਸਕ ਮਹੱਤਵ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।